ਸੁਰਾਂ ਦਾ ਜਾਦੂਗਰ ਗਾਇਕ ਬੀਰ ਸਿੰਘ

ਸੁਰਾਂ ਦਾ ਜਾਦੂਗਰ ਗਾਇਕ ਬੀਰ ਸਿੰਘ

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਬੀਰ ਸਿੰਘ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਆਪਣੀ ‘ਗੰਭੀਰ ਛਵੀ’ ਦੇ ਪਿੱਛੇ ਲੁਕੇ ਉਸ ਅਣਦੇਖੇ ‘ਤੇਜਬੀਰ ਸਿੰਘ’ ਨੂੰ ਜਨਤਕ ਕੀਤਾ ਹੈ, ਜੋ ਹੁਣ ਤੱਕ ਸਿਰਫ ਉਸਦੇ ਨਜ਼ਦੀਕੀ ਸਰਕਲ ਤੱਕ ਸੀਮਤ ਸੀ।
ਬੀਰ ਸਿੰਘ ਨੇ ਖੁਲਾਸਾ ਕੀਤਾ ਕਿ ਸਕਰੀਨ ਉੱਤੇ ਦਿੱਸਣ ਵਾਲਾ ਉਨ੍ਹਾਂ ਦਾ ਗੰਭੀਰ ਸਰੂਪ ਉਨ੍ਹਾਂ ਦੀ ਅਸਲ ਸ਼ਖਸੀਅਤ ਦਾ ਸਿਰਫ਼ ਇੱਕ ਹਿੱਸਾ ਹੈ। ਨਿੱਜੀ ਜ਼ਿੰਦਗੀ ਵਿੱਚ ਤੇਜਬੀਰ ਸਿੰਘ ਬੇਹੱਦ ਆਜ਼ਾਦ-ਖ਼ਿਆਲ ਅਤੇ ਹੱਸਮੁੱਖ ਹੈ, ਜਿਸ ਨੂੰ ਬੱਚਿਆਂ ਵਾਂਗ ਖੇਡਣਾ, ਦੋਸਤਾਂ ਨਾਲ ਹਾਸਾ-ਠੱਠਾ ਕਰਨਾ ਅਤੇ ਪਿੰਡ ਵਿੱਚ ਆਪਣੇ ਪਾਲਤੂ ਜਾਨਵਰਾਂ (ਲੈਬਰਾਡੋਰ ‘ਰੈਂਬੋ’ ਅਤੇ ਇੱਕ ‘ਬਾਜ਼’) ਨਾਲ ਸਮਾਂ ਬਿਤਾਉਣਾ ਬੇਹੱਦ ਪਸੰਦ ਹੈ। ਉਨ੍ਹਾਂ ਕਿਹਾ ਕਿ ਅਧਿਆਤਮਕ ਹੋਣ ਦਾ ਮਤਲਬ ਇਹ ਨਹੀਂ ਕਿ ਬੰਦਾ ਹੱਸਣਾ-ਖੇਡਣਾ ਹੀ ਛੱਡ ਦੇਵੇ।
ਇੰਟਰਵਿਊ ਦੌਰਾਨ ਬੀਰ ਸਿੰਘ ਨੇ ਸਾਂਝਾ ਕੀਤਾ ਕਿ ਜਦੋਂ ਉਹ ਬੀ.ਟੈਕ ਕਰ ਰਹੇ ਸਨ, ਤਾਂ ਉਹਨਾਂ ਦਾ ਸੁਪਨਾ ਸੀ ਕਿ ਜੇਕਰ ਉਹ ਗਾਇਕੀ ਵਿੱਚ ਨਾ ਆਉਂਦੇ, ਤਾਂ ਉਹ ਫਾਰਮੂਲਾ ਵਨ ਦੇ ਇੰਜਣਾਂ ਨੂੰ ਹੱਥੀਂ ਅਸੈਂਬਰ ਕਰਨਾ ਚਾਹੁੰਦੇ ਸਨ। ਉਹਨਾਂ ਨੂੰ ਗੱਡੀਆਂ ਦੀ ਸਿਰਫ ਲਗਜ਼ਰੀ ਨਾਲੋਂ ਜ਼ਿਆਦਾ ਇੰਜਣ ਦੀ ਤਾਕਤ ਵਿੱਚ ਦਿਲਚਸਪੀ ਹੈ। ਉਹ ਇੰਜਣ ਨੂੰ ਲੈ ਕੇ ਖੁਦ ਨੂੰ ‘ਪਾਵਰ ਹੰਗਰੀ’ ਕਹਿੰਦੇ ਹਨ। ਅੱਜ ਕੱਲ੍ਹ ਉਹਨਾਂ ਕੋਲ ਟੋਇਟਾ ਹਾਈਲਕਸ ਗੱਡੀ ਹੈ। ਗਾਇਕ ਨੇ ਅੱਗੇ ਸਾਂਝਾ ਕੀਤਾ ਕਿ ਉਹ ਐਡਵੈਂਚਰ ਦੇ ਬਹੁਤ ਸ਼ੌਕੀਨ ਹਨ। ਉਹ ਅਕਸਰ ਅਜਿਹੇ ਅਣੋਖੇ ਅਤੇ ਮੁਸ਼ਕਿਲ ਰਸਤਿਆਂ ’ਤੇ ਗੱਡੀ ਲੈ ਕੇ ਨਿਕਲ ਜਾਂਦੇ ਹਨ, ਜਿੱਥੋਂ ਆਮ ਤੌਰ ’ਤੇ ਲੱਗਦਾ ਹੈ ਕਿ ਗੱਡੀ ਨਹੀਂ ਲੰਘ ਸਕਦੀ। ਆਪਣੀ ਡਰੀਮ ਕਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੋਈ ਬਣੀ-ਬਣਾਈ ਡਰੀਮ ਕਾਰ ਨਹੀਂ ਹੈ, ਸਗੋਂ ਉਹ ਆਪਣੀ ਗੱਡੀ ਖੁਦ ਅਸੈਂਬਲ ਕਰਨਾ ਚਾਹੁੰਦੇ ਹਨ।
ਇੰਡਸਟਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਚਿੰਤਾ ਪ੍ਰਗਟਾਈ ਕਿ ਡਿਜੀਟਲ ਪਲੇਟਫਾਰਮਾਂ (ਜਿਵੇਂ ਯੂਟਿਊਬ, ਸਪੋਟੀਫਾਈ, ਆਈ-ਟਿਊਨਜ਼) ’ਤੇ ਮੋਨੇਟਾਈਜੇਸ਼ਨ ਅਤੇ ਰਾਇਲਟੀ ਸਿਸਟਮ ਕਦੇ ਵੀ 100% ਪਾਰਦਰਸ਼ੀ ਨਹੀਂ ਹੁੰਦਾ। ਕਈ ਵਾਰ ਕਲਾਕਾਰਾਂ ਦਾ ਰੈਵੇਨਿਊ ਹੋਲਡ ਕਰ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਰਾਇਲਟੀ ਰੱਖ ਲਈ ਜਾਂਦੀ ਹੈ, ਜਿਸ ਦਾ ਸ਼ਿਕਾਰ ਉਹ ਖੁਦ ਵੀ ਹੋ ਚੁੱਕੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਕਲਾਕਾਰਾਂ ਨੂੰ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ।
ਗਾਇਕ ਨੇ ਅੱਗੇ ਆਪਣੇ ਪ੍ਰਸਿੱਧ ਗੀਤ ‘ਧੀ’ ਬਾਰੇ ਦੱਸਦਿਆਂ ਕਿਹਾ ਕਿ ਇਹ ਗੀਤ ਉਨ੍ਹਾਂ ਦੀ ਨਾਨੀ ਅਤੇ ਦਾਦਾ ਜੀ ਦੀ ਵੱਡੀ ਭੈਣ ਦੇ ਜਜ਼ਬਾਤਾਂ ਦੀ ਉਪਜ ਹੈ। ਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ, ਉਹ ਆਪਣੀ ਨਾਨੀ ਕੋਲ ਬਹੁਤ ਬੈਠਦੇ ਹੁੰਦੇ ਸਨ। ਉਹਨਾਂ ਦੀ ਨਾਨੀ ਜਿਸ ਤਰੀਕੇ ਨਾਲ ਆਪਣੀ ਧੀ (ਬੀਰ ਸਿੰਘ ਦੀ ਮਾਂ) ਨੂੰ ਯਾਦ ਕਰਦੀ ਸੀ, ਖ਼ਾਸ ਤਿਉਹਾਰਾਂ ’ਤੇ ਮਿਸ ਕਰਦੀ ਸੀ ਅਤੇ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਸੁਣਾਉਂਦੀ ਸੀ, ਉਹਨਾਂ ਗੱਲਾਂ ਨੇ ਬੀਰ ਸਿੰਘ ਦੇ ਮਨ ਵਿੱਚ ਇੱਕ ਖ਼ਾਸ ਜਗ੍ਹਾ ਬਣਾ ਲਈ। ਦੂਜੀ ਵੱਡੀ ਪ੍ਰੇਰਨਾ ਉਹਨਾਂ ਦੇ ਦਾਦਾ ਜੀ ਦੀ ਵੱਡੀ ਭੈਣ ਸਨ (ਜਿਨ੍ਹਾਂ ਉਹ ਭੂਆ ਕਹਿੰਦੇ ਸਨ), ਜੋ ਦਾਦਾ ਜੀ ਤੋਂ ਲਗਭਗ 17-18 ਸਾਲ ਵੱਡੇ ਸਨ। ਬੀਰ ਸਿੰਘ ਦੇ ਪੜਦਾਦੀ ਜੀ ਦੀ ਬਹੁਤ ਛੋਟੀ ਉਮਰ ਵਿੱਚ ਮੌਤ ਹੋ ਜਾਣ ਕਾਰਨ, ਭੂਆ ਜੀ ਨੇ ਵੱਡੀ ਭੈਣ ਹੁੰਦਿਆਂ ਵੀ ਮਾਂ ਵਾਲਾ ਰੋਲ ਅਦਾ ਕਰਕੇ ਦਾਦਾ ਜੀ ਨੂੰ ਪਾਲਿਆ ਸੀ।  ਇਹਨਾਂ ਪਰਿਵਾਰਕ ਅਨੁਭਵਾਂ ਵਿੱਚੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਇਸ ਦੁਨੀਆ ਵਿੱਚ ਇੱਕ ਭੈਣ ਜਾਂ ਮਾਂ ਵੱਲੋਂ ਆਪਣੇ ਵੀਰ ਜਾਂ ਪੁੱਤ ਲਈ ਮੰਗੀ ਗਈ ਅਸੀਸ ਤੋਂ ਪਾਕ ਅਤੇ ਪਵਿੱਤਰ ਹੋਰ ਦੁਆ ਨਹੀਂ ਹੋ ਸਕਦੀ।
ਬੀਰ ਸਿੰਘ ਨੇ ਕਿਹਾ ਕਿ ਇੰਡਸਟਰੀ ਵਿੱਚ ਉਨ੍ਹਾਂ ਦੇ ਪੈਰ ਜਮਾਉਣ ਵਿੱਚ ਕਾਰਜ ਗਿੱਲ ਅਤੇ ਅਮਰਿੰਦਰ ਗਿੱਲ (ਰਿਦਮ ਬੋਇਜ਼) ਦਾ ਬਹੁਤ ਵੱਡਾ ਹੱਥ ਹੈ। ਬੀਰ ਸਿੰਘ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੀ ਦੋਸਤੀ ਸਾਲ 2014-2015 ਦੇ ਦੌਰਾਨ ਸ਼ੁਰੂ ਹੋਈ ਸੀ। ਦੋਵਾਂ ਵਿਚਕਾਰ ਗੀਤਾਂ ਨੂੰ ਲੈ ਕੇ ਅਥਾਹ ਸਾਂਝ ਹੈ। ਜਦੋਂ ਅਮਰਿੰਦਰ ਗਿੱਲ ਨੂੰ ਬੀਰ ਸਿੰਘ ਦਾ ਕੋਈ ਗੀਤ ਪਸੰਦ ਆ ਜਾਂਦਾ ਹੈ, ਤਾਂ ਬੀਰ ਸਿੰਘ ਕਦੇ ਵੀ ਉਹਨਾਂ ਨੂੰ ਨਾਂਹ ਨਹੀਂ ਕਰਦੇ। ਉਦਾਹਰਣ ਵਜੋਂ, ਚਰਚਿਤ ਗੀਤ ‘ਚੱਲ ਜਿੰਦੀਏ’ ਬੀਰ ਸਿੰਘ ਨੇ ਆਪਣੀ ਨਿੱਜੀ ਐਲਬਮ ਲਈ ਰੱਖਿਆ ਹੋਇਆ ਸੀ, ਪਰ ਅਮਰਿੰਦਰ ਗਿੱਲ ਨੂੰ ਪਸੰਦ ਆਉਣ ’ਤੇ ਉਹਨਾਂ ਨੇ ਇਹ ਗੀਤ ਹੱਸ ਕੇ ਉਹਨਾਂ ਨੂੰ ਦੇ ਦਿੱਤਾ।