ਗੜ੍ਹੇਮਾਰੀ

ਗੜ੍ਹੇਮਾਰੀ

ਗੁਰਪ੍ਰੀਤ ਮਾਨ ਮੌੜ

ਸੁਖਮੀਤ ਅੱਜ ਬੜੇ ਹੀ ਚਾਅ ਨਾਲ ਆਪਣੀ ਧੀ ਦੇ ਵਿਆਹ ਸਬੰਧੀ ਕੁਝ ਜ਼ਰੂਰੀ ਸਾਮਾਨ ਲੈਣ ਸ਼ਹਿਰ ਜਾ ਰਿਹਾ ਸੀ। ਭਾਵੇਂ ਮੌਸਮ ਥੋੜ੍ਹਾ ਖਰਾਬ ਸੀ, ਪਰ ਉਸ ਨੇ ਸੋਚਿਆ ਕਿ ਕਾਰ ’ਤੇ ਹੀ ਜਾਣਾ ਹੈ ਤੇ ਅੱਜ ਦਾ ਕੰਮ ਕੱਲ੍ਹ ’ਤੇ ਕਿਉਂ ਛੱਡਣਾ! ਕੁਝ ਦਿਨਾਂ ਤੱਕ ਖੇਤ ਕਣਕ ਦੀ ਫ਼ਸਲ ਵੱਢਣ ਲਈ ਕੰਬਾਈਨ ਵੀ ਲੱਗਣੀ ਸੀ।
ਸ਼ਹਿਰ ਸਾਰਾ ਕੰਮ ਨਿਬੇੜ ਕੇ ਉਹ ਪਿੰਡ ਵੱਲ ਵਾਪਸ ਆ ਰਿਹਾ ਸੀ ਤਾਂ ਇਕਦਮ ਤੇਜ਼ ਮੀਂਹ ਤੇ ਗੜੇ ਸ਼ੁਰੂ ਹੋ ਗਏ ਤਾਂ ਉਸ ਨੇ ਕਾਰ ਸੜਕ ਦੇ ਇੱਕ ਪਾਸੇ ਰੋਕ ਲਈ। ਦੇਖਦੇ ਹੀ ਦੇਖਦੇ ਉਸ ਦੀਆਂ ਅੱਖਾਂ ਸਾਹਮਣੇ ਖੜ੍ਹੀ ਕਣਕ ਦੀ ਸੁਨਹਿਰੀ ਫ਼ਸਲ ਨੂੰ ਗੜਿਆਂ ਦੀ ਚਿੱਟੀ ਚਾਦਰ ਨੇ ਦੱਬ ਲਿਆ। ਸੁਖਮੀਤ ਦੇ ਮਨ ਵਿੱਚ ਧੀ ਦੇ ਵਿਆਹ ਲਈ ਉੱਠੇ ਚਾਅ ਪਲਾਂ ਵਿੱਚ ਹੀ ਡੂੰਘੀਆਂ ਫ਼ਿਕਰਾਂ ਨੇ ਮੁਕਾ ਦਿੱਤੇ ਸਨ। ਕੁਦਰਤ ਦਾ ਭਾਣਾ ਮੰਨ ਸੁਖਮੀਤ ਨੇ ਇੱਕ ਲੰਮਾ ਹਾਉਕਾ ਲਿਆ ਤੇ ਗੱਡੀ ਘਰ ਵੱਲ ਮੋੜ ਲਈ।