ਗਲੋਬਲ ਆਰਥਿਕ ਮੰਦੀ ਦੀ ਆਹਟ

ਗਲੋਬਲ ਆਰਥਿਕ ਮੰਦੀ ਦੀ ਆਹਟ

ਵਿਸ਼ਵ ਦੇ ਆਰਥਿਕ ਮਾਹਿਰਾਂ ਵੱਲੋਂ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇੱਕ ਵਾਰ ਫ਼ੇਰ ਗਲੋਬਲ ਆਰਥਿਕ ਮੰਦੀ ਦੀ ਆਹਟ ਸੁਣਾਈ ਦੇ ਰਹੀ ਹੈ। ਇਸ ਮੰਦੀ ਦੇ ਸੰਕੇਤ ਉਸ ਸਮੇਂ ਵੀ ਮਿਲਣੇ ਸ਼ੁਰੂ ਹੋਏ, ਜਦੋਂ ਲੰਘੇ ਦਿਨੀਂ ਅੰਤਰਰਾਸ਼ਟਰੀ ਕੰਪਨੀ ‘ਮਾਈਕਰੋਸਾਫ਼ਟ’ ਵੱਲੋਂ ਆਪਣੀ ਵਿਸ਼ਵਵਿਆਪੀ ਕਰਮਚਾਰੀ ਗਿਣਤੀ ਦੇ ਲਗਪਗ 2.1 ਪ੍ਰਤੀਸ਼ਤ ਯਾਨੀ 4,800 ਨੌਕਰੀਆਂ ਵਿੱਚ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਵਿੱਚ ਇਸਦੇ ‘ਐਕਸਬਾਕਸ’ ਵੀਡੀਓ ਗੇਮ ਕਾਰੋਬਾਰ ਦੇ ਕਰਮਚਾਰੀਆਂ ਦੀ ਇੱਕ ਵੱਡੀ ਗਿਣਤੀ ਵੀ ਸ਼ਾਮਲ ਹੈ। ਇਹ ਛਾਂਟੀ ਉਨ੍ਹਾਂ ਸਵੈ-ਇੱਛਤ ‘ਬਾਇਆਊਟਸ’ ਤੋਂ ਬਾਅਦ ਹੋਈ ਹੈ, ਜੋ ‘ਮਾਈਕਰੋਸਾਫ਼ਟ’ ਨੇ ਮਈ ਮਹੀਨੇ ਵਿੱਚ ਲਗਪਗ 8,750 ਲੋਕਾਂ ਨੂੰ ਦੇਣੇ ਸ਼ੁਰੂ ਕੀਤੇ ਸਨ। ਕੰਪਨੀ ਦੇ ਬੁਲਾਰੇ ਅਨੁਸਾਰ ਯੋਗ ਕਰਮਚਾਰੀਆਂ ਵਿੱਚੋਂ 30 ਫ਼ੀਸਦੀ ਤੋਂ ਵੱਧ ਨੇ  ਸਵੈ-ਇੱਛਤ ਸੇਵਾਮੁਕਤੀ ਦੀਆਂ ਪੇਸ਼ਕਸ਼ਾਂ ਨੂੰ ਸਵੀਕਾਰ ਕਰ ਲਿਆ ਹੈ।
 ਇਸ ਤੋਂ ਕੁਝ ਸਮਾਂ ਪਹਿਲਾਂ ਅਮਰੀਕਾ ਦੀਆਂ ਵੱਖ- ਵੱਖ ਕੰਪਨੀਆਂ ਵੱਲੋਂ ਵੀ ਆਪਣੇ ਵੱਡੀ ਗਿਣਤੀ ਵਰਕਰਾਂ ਦੀ ਛਾਂਟੀ ਕਰ ਦਿੱਤੀ ਗਈ ਸੀ, ਜਦੋਂਕਿ ਕੁਝ ਮਹੀਨੇ ਪਹਿਲਾਂ ਇਹੋ ਕੰਪਨੀਆਂ ਨਵੇਂ ਵਰਕਰਾਂ ਦੀ ਭਰਤੀ ਕਰ ਰਹੀਆਂ ਸਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰ ਉਹ ਕਿਹੜੇ ਕਾਰਨ ਹਨ? ਜਿਨ੍ਹਾਂ ਕਾਰਨ ਅਮਰੀਕਾ ਦੀਆਂ ਅੰਤਰਰਾਸ਼ਟਰੀ ਕੰਪਨੀਆਂ ਨੂੰ ਨਵੇਂ ਵਰਕਰ ਭਰਤੀ ਕਰਨ ਦੀ ਥਾਂ ਪੁਰਾਣੇ ਵਰਕਰਾਂ ਦੀ ਛਾਂਟੀ ਕਰਨ ਲਈ ਮਜਬੂੁਰ ਹੋਣਾ ਪਿਆ। ਆਰਥਿਕ ਮਾਹਿਰ ਇਸ ਦਾ ਇੱਕ ਵੱਡਾ ਕਾਰਨ ਅਮਰੀਕਾ ਅਤੇ ਇਰਾਨ ਜੰਗ ਕਾਰਨ ਅਮਰੀਕਾ ਦੀ ਵਿੱਤੀ ਹਾਲਤ ਦਾ ਡਾਵਾਂਡੋਲ ਹੋਣਾ ਮੰਨ ਰਹੇ ਹਨ। ਇਹਨਾਂ ਮਾਹਿਰਾਂ ਅਨੁਸਾਰ ਇਰਾਨ ਜੰਗ ਵਿੱਚ ਅਮਰੀਕਾ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ, ਜਿਸ ਕਾਰਨ ਅਮਰੀਕਾ ਦੀ ਆਰਥਿਕਤਾ ਲੜਖੜਾ ਰਹੀ ਹੈ, ਜਿਸ ਦਾ ਅਸਰ ਅਮਰੀਕੀ ਵਪਾਰ ਅਤੇ ਕੰਪਨੀਆਂ ਦੇ ਕਾਰੋਬਾਰ ’ਤੇ ਵੀ ਲਗਾਤਾਰ ਹੋ ਰਿਹਾ ਹੈ। ਇਸ ਕਾਰਨ ਅਮਰੀਕਾ ਦੀਆਂ ਵੱਖ- ਵੱਖ ਅੰਤਰਰਾਸ਼ਟਰੀ ਅਤੇ ਵੱਡੀਆਂ ਕੰਪਨੀਆਂ ਨੂੰ ਆਪਣੇ ਵਰਕਰਾਂ ਦੀ ਛਾਂਟੀ ਕਰਨ ਲਈ ਮਜਬੂੁਰ ਹੋਣਾ ਪਿਆ ਹੈ।
ਵਰਕਰਾਂ ਦੀ ਛਾਂਟੀ ਹੋਣ ਕਾਰਨ ਬੇਰੁਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ। ਅਮਰੀਕਾ ਵਿੱਚ ਅਨੇਕਾਂ ਕੰਪਨੀਆਂ ਦੇ ਘਾਟੇ ਵਿੱਚ ਜਾਣ ਅਤੇ ਮਹਿੰਗਾਈ ਵਿੱਚ ਵਾਧਾ ਹੋਣ ਨਾਲ ਪੂਰੇ ਵਿਸ਼ਵ ’ਤੇ ਇਸ ਦਾ ਅਸਰ ਹੋ ਰਿਹਾ ਹੈ। ਅੰਤਰਰਾਸ਼ਟਰੀ ਕੰਪਨੀਆਂ ਅਮਰੀਕਾ ਦੇ ਨਾਲ -ਨਾਲ ਹੋਰਨਾਂ ਮੁਲਕਾਂ ਵਿੱਚ ਵੀ ਕੰਮ ਕਰ ਰਹੀਆਂ ਹਨ ਅਤੇ ਅਮਰੀਕਾ ’ਚ ਇਹਨਾਂ ਕੰਪਨੀਆਂ ’ਚ ਪਰਵਾਸੀ ਵਰਕਰ ਕੰਮ ਕਰ ਰਹੇ ਹਨ, ਜਿਸ ਕਾਰਨ ਇਹਨਾਂ ਕੰਪਨੀਆਂ ਦੀ ਕਾਰਗੁਜਾਰੀ ਦਾ ਗਲੋਬਲ ਪ੍ਰਭਾਵ ਪੈਣਾ ਸੁਭਾਵਿਕ ਹੈ।   
ਵੱਖ- ਵੱਖ ਕੰਪਨੀਆਂ ਆਪਣੇ ਘਾਟੇ ਨੂੰ ਪੂਰਾ ਕਰਨ ਲਈ ਆਪਣੇ ਸਮਾਨ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੰਦੀਆਂ ਹਨ, ਜਿਸ ਦਾ ਸਾਰਾ ਬੋਝ  ਆਮ ਆਦਮੀ ਦੀ ਜੇਬ ’ਤੇ ਪੈਂਦਾ ਹੈ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਵਿਸ਼ਵ ਵਿੱਚ ਆਰਥਿਕ ਮੰਦੀ ਆਉਣ ਦੀ ਆਹਟ ਸੁਣਾਈ ਦੇ ਰਹੀ ਹੈ। ਇਸ ਤੋਂ ਪਹਿਲਾਂ 1930 ਵਿੱਚ ਪੂਰੀ ਦੁਨੀਆ ਵਿੱਚ ਗਲੋਬਲ ਆਰਥਿਕ ਮੰਦੀ ਆਈ ਸੀ। ਉਸ ਸਮੇਂ ਵਰਗੇ ਹਾਲਾਤ ਹੁਣ ਮੁੜ ਬਣਦੇ ਜਾ ਰਹੇ ਹਨ। ਉਸ ਸਮੇਂ ਵੀ ਆਰਥਿਕ ਮੰਦੀ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ, ਹੁਣ ਵੀ ਅਮਰੀਕਾ ਤੋਂ ਹੀ ਗਲੋਬਲ ਆਰਥਿਕ ਮੰਦੀ ਸ਼ੁਰੂ ਹੋਣ ਦਾ ਖਤਰਾ ਬਣ ਗਿਆ ਹੈ।
ਸਾਲ 2008 ਵਿੱਚ ਵੀ ਗਲੋਬਲ ਪੱਧਰ ’ਤੇ ਆਈ ਆਰਥਿਕ ਮੰਦੀ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ। ਸਾਲ 2008 ਵਿੱਚ ਅਮਰੀਕਾ ਦੀ ਪ੍ਰਸਿੱਧ ਵਿੱਤੀ ਕੰਪਨੀ ਲੇਹਮਨ ਬ੍ਰਦਰਜ਼ ਦਿਵਾਲੀਆ ਹੋ ਗਈ ਸੀ ਤਾਂ ਦੁਨੀਆ ਵਿੱਚ ਉਥਲ ਪੁਥਲ ਮੱਚ ਗਈ ਸੀ। ਉਸ ਸਮੇਂ ਨਿਵੇਸ਼ਕਾਂ ਨੂੰ ਜਿੰਨਾ ਨੁਕਸਾਨ ਹੋਇਆ, ਉਹ ਰਾਸ਼ੀ ਭਾਰਤ ਦੇ ਸਕਲ ਘਰੇਲੂ ਉਤਪਾਦਨ ਦੇ ਬਰਾਬਰ ਸੀ।
ਸਾਲ 2008 ਵਿੱਚ ਗਲੋਬਲ ਪੱਧਰ ’ਤੇ ਆਈ ਆਰਥਿਕ ਮੰਦੀ ਦਾ ਅਸਰ ਭਾਰਤ ’ਤੇ ਵੀ ਪਿਆ ਸੀ, ਪਰ ਭਾਰਤ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਬਚਤ ਦੀ ਆਦਤ ਹੋਣ ਅਤੇ ਭਾਰਤ ਦੀਆਂ ਘਰੇਲੂ ਔਰਤਾਂ ਵੱਲੋਂ ਰਸੋਈ ਦੇ ਕਿਸੇ ਡੱਬੇ ਵਿੱਚ ਪੈਸੇ ਸਾਂਭ ਕੇ ਰੱਖਣ ਦੀ ਆਦਤ ਕਾਰਨ ਵੱਡੀ ਗਿਣਤੀ ਲੋਕ ਇਸ ਆਰਥਿਕ ਮੰਦੀ ਦੌਰਾਨ ਵੀ ਆਪਣੇ ਲਈ ਦਾਲ- ਰੋਟੀ ਦਾ ਜੁਗਾੜ ਕਰਨ ਵਿੱਚ ਸਫ਼ਲ ਰਹੇ ਸਨ।
ਭਾਰਤ ਦੇ ਲੋਕਾਂ ਨੂੰ ਅੱਜ ਦੇ ਸਮੇਂ ਵਿੱਚ ਵੀ ਬਚਤ ਕਰਨ ਦੀ ਆਦਤ ਹੈ ਅਤੇ ਭਾਰਤ ਦੀਆਂ ਘਰੇਲੂ ਔਰਤਾਂ ਪਹਿਲਾਂ ਵਾਂਗ ਹੀ ਰਸੋਈ ਦੇ ਕਿਸੇ ਬਰਤਨ ਵਿੱਚ ਕੁਝ ਪੈਸੇ ਸਾਂਭ ਕੇ ਰਖਦੀਆਂ ਹਨ ਪਰ ਭਾਰਤ ਸਮੇਤ ਦੁਨੀਆ ਦੇ ਵੱਡੀ ਗਿਣਤੀ ਲੋਕਾਂ ਵਿੱਚ ਕਰਜ਼ਾ ਲੈ ਕੇ ਸੁੱਖ ਸੁਵਿਧਾਵਾਂ ਅਤੇ ਵਾਹਨ ਖਰੀਦਣ ਦੀ ਪ੍ਰਵਿਰਤੀ ਵਿੱਚ ਵਾਧਾ ਹੋਇਆ ਹੈ। ਭਾਰਤ ਵਿੱਚ ਵੀ ਹੁਣ ਵੱੱਡੀ ਗਿਣਤੀ ਲੋਕ ਕਰਜ਼ਾ ਲੈ ਕੇ ਸੁੱਖ ਸੁਵਿਧਾਵਾਂ ਅਤੇ ਵਾਹਨ ਖਰੀਦ ਰਹੇ ਹਨ। ਇਸ ਤਰ੍ਹਾਂ ਦੁਨੀਆ ਵਿੱਤੀ ਸੰਸਥਾਵਾਂ ਦੇ ਕਰਜ਼ੇ ਦੇ ਜਾਲ ਵਿੱਚ ਫ਼ਸਦੀ ਜਾ ਰਹੀ ਹੈ। ਹੁਣ ਜੇ ਅਮਰੀਕਾ ਦੀਆਂ ਵਿੱਤੀ ਸੰਸਥਾਵਾਂ, ਉਦਯੋਗਾਂ ਅਤੇੇ ਵਪਾਰਕ ਕੰਪਨੀਆਂ ਦੇ ਘਾਟੇ ਵਿੱਚ ਜਾਣ ਨਾਲ ਗਲੋਬਲ ਪੱਧਰ ’ਤੇ ਆਰਥਿਕ ਮੰਦੀ ਆਉਂਦੀ ਹੈ ਤਾਂ ਇਸਦਾ ਭਾਰਤ ’ਤੇ ਵੀ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪਵੇਗਾ।
    ਅਮਰੀਕਾ ਸਮੇਤ ਵਿਸ਼ਵ ਦੇ ਵੱਖ- ਵੱਖ ਵਿਕਸਤ ਤੇ ਵਿਕਾਸਸੀਲ ਮੁਲਕਾਂ ਦੀਆਂ ਸਰਕਾਰਾਂ ਨੂੰ ਆਰਥਿਕ ਮੰਦੀ ਆਉਣ ਤੋਂ ਰੋਕਣ ਲਈ ਸਾਂਝੇ ਰੂਪ ਵਿੱਚ ਜ਼ਰੂਰੀ ਉਪਰਾਲੇ ਕਰਨੇ ਚਾਹੀਦੇ ਹਨ।