ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿੱਚ ਸਿਆਸੀ ਧਿਰਾਂ ਦਾ ਸ਼ਕਤੀ ਪ੍ਰਦਰਸ਼ਨ

ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿੱਚ ਸਿਆਸੀ ਧਿਰਾਂ ਦਾ ਸ਼ਕਤੀ ਪ੍ਰਦਰਸ਼ਨ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਤਪੋ-ਭੂਮੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ਮੌਕੇ ਜੁੜੇ ਸਿਆਸੀ ਇਕੱਠਾਂ ਨੇ ਇੱਕ ਵਾਰ ਫਿਰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀ ਸਿਆਸਤ ਹੁਣ ਪੂਰੀ ਤਰ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੋੜ ’ਤੇ ਆ ਖੜ੍ਹੀ ਹੋਈ ਹੈ। ਪੰਜਾਬ ਅੰਦਰ ਧਾਰਮਿਕ ਮੇਲਿਆਂ ਅਤੇ ਇਤਿਹਾਸਕ ਜੋੜ ਮੇਲਿਆਂ ਮੌਕੇ ਸਿਆਸੀ ਕਾਨਫਰੰਸਾਂ ਕਰਕੇ ਲੋਕਾਂ ਦੀ ਨਬਜ਼ ਪਛਾਨਣ ਅਤੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਦੀ ਰਵਾਇਤ ਦਹਾਕਿਆਂ ਪੁਰਾਣੀ ਹੈ। ਪਰ ਇਸ ਵਾਰ ਵੱਖ-ਵੱਖ ਸਿਆਸੀ ਸਟੇਜਾਂ ਤੋਂ ਉੱਠੀਆਂ ਤਲਖ਼ ਸੁਰਾਂ, ਇੱਕ-ਦੂਜੇ ਖ਼ਿਲਾਫ਼ ਲਾਏ ਗਏ ਗੰਭੀਰ ਦੋਸ਼ ਅਤੇ ਬਦਲਦੇ ਸਮੀਕਰਨ ਇਹ ਸੰਕੇਤ ਦਿੰਦੇ ਹਨ ਕਿ ਆਉਣ ਵਾਲਾ ਸਮਾਂ ਸੂਬੇ ਲਈ ਬੇਹੱਦ ਤਿੱਖੀ ਸਿਆਸੀ ਖਿੱਚੋਤਾਣ ਵਾਲਾ ਹੋਵੇਗਾ।
 ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਵੱਖ-ਵੱਖ ਪੰਥਕ ਧਿਰਾਂ ਨੇ ਆਪੋ-ਆਪਣੇ ਨੈਰੇਟਿਵ ਤੈਅ ਕਰਕੇ ਚੋਣ ਬਿਗਲ ਵਜਾ ਦਿੱਤਾ ਹੈ, ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਇਸ ਸਿਆਸੀ ਸ਼ੋਰ-ਸ਼ਰਾਬੇ ਵਿੱਚ ਪੰਜਾਬ ਦੇ ਅਸਲ ਬੁਨਿਆਦੀ ਦਰਦ ਅਤੇ ਸੰਕਟਾਂ ਦੀ ਗੱਲ ਹੋ ਰਹੀ ਹੈ?
ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਨੂੰ ਮੁੱਖ ਰੱਖਦਿਆਂ ਆਪਣਾ ਰਿਪੋਰਟ ਕਾਰਡ ਪੇਸ਼ ਕਰਨ ਦਾ ਰਾਹ ਚੁਣਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਦੌਰਾਨ ਚੋਣ ਵਾਅਦਿਆਂ ਅਤੇ ਗਾਰੰਟੀਆਂ ਦੀ ਪੂਰਤੀ ਦਾ ਦਾਅਵਾ ਕਰਦਿਆਂ ਸਿੱਧਾ ਨਿਸ਼ਾਨਾ ਰਵਾਇਤੀ ਪਾਰਟੀਆਂ ’ਤੇ ਵਿੰਨਿ੍ਹਆ। ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਪੰਜਾਬ ਦੀ ਤਰੱਕੀ ਨੂੰ ਖੋਰਾ ਲਾਉਣ ਵਾਲੀ ‘ਸਿਉਂਕ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਹ ਧਿਰਾਂ ਪਰਦੇ ਪਿੱਛੇ ਮਿਲੀਆਂ ਹੋਈਆਂ ਹਨ। ਖ਼ਾਸ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵੀ ਗੱਠਜੋੜ ਦੀ ਚਰਚਾ ਨੂੰ ਘੇਰਦਿਆਂ ਮੁੱਖ ਮੰਤਰੀ ਨੇ ਬੇਅਦਬੀ ਕਾਂਡ, ਨਸ਼ਿਆਂ ਅਤੇ ਗੋਲੀਬਾਰੀ ਦੇ ਪੁਰਾਣੇ ਜ਼ਖ਼ਮਾਂ ਨੂੰ ਮੁੜ ਉਭਾਰਿਆ। ਸੱਤਾਧਾਰੀ ਧਿਰ ਦਾ ਇਹ ਸੁਨੇਹਾ ਸਾਫ਼ ਸੀ ਕਿ ਉਹ ਆਪਣੀਆਂ ਲੋਕ-ਭਲਾਈ ਸਕੀਮਾਂ ਦੇ ਸਿਰ ’ਤੇ ਰਵਾਇਤੀ ਲੀਡਰਸ਼ਿਪ ਨੂੰ ਲੋਕਾਂ ਦੀ ਕਚਹਿਰੀ ਵਿੱਚ ਬੇਨਕਾਬ ਕਰਕੇ ਆਪਣੀ ਸਰਕਾਰ ਦੀ ਵਾਪਸੀ ਦਾ ਰਾਹ ਪੱਧਰਾ ਕਰਨਾ ਚਾਹੁੰਦੀ ਹੈ।
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਇਹ ਕਾਨਫਰੰਸ ਆਪਣੀ ਹੋਂਦ ਅਤੇ ਰਵਾਇਤੀ ਜ਼ਮੀਨ ਬਚਾਉਣ ਦੀ ਇਕ ਵੱਡੀ ਜੱਦੋਜਹਿਦ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਸੰਸਥਾਵਾਂ—ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ—ਨੂੰ ਕਮਜ਼ੋਰ ਕਰਨ ਦੀਆਂ ਦਿੱਲੀ ਕੇਂਦਰਿਤ ਸਾਜ਼ਿਸ਼ਾਂ ਦਾ ਨੈਰੇਟਿਵ ਉਸਾਰਿਆ। ਉਨ੍ਹਾਂ ਨੇ ਹਰਿਆਣਾ ਕਮੇਟੀ ਦੇ ਗਠਨ ਨੂੰ ਪੰਥ ਨੂੰ ਵੰਡਣ ਦੀ ਕਵਾਇਦ ਦੱਸਦਿਆਂ ਪੰਥਕ ਵੋਟਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਸੂਬਾ ਸਰਕਾਰ ਸਿਰ ਵਧ ਰਹੇ ਕਰਜ਼ੇ, ਇਸ਼ਤਿਹਾਰਬਾਜ਼ੀ ਉੱਤੇ ਹੁੰਦੇ ਬੇਲੋੜੇ ਖ਼ਰਚਿਆਂ ਅਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਅਕਾਲੀ ਦਲ ਨੇ ਜਿੱਥੇ ਪੁਰਾਣੇ ਬਾਦਲ ਦੌਰ ਦੇ ਵਿਕਾਸ ਕਾਰਜਾਂ ਨੂੰ ਯਾਦ ਕਰਵਾਇਆ, ਉੱਥੇ ਹੀ ਨਵੇਂ ਉੱਭਰ ਰਹੇ ਪੰਥਕ ਧੜਿਆਂ ਨੂੰ ਸਖ਼ਤ ਚੁਣੌਤੀ ਦਿੰਦਿਆਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਅਤੇ ਕਿਸਾਨੀ ਦਾ ਅਸਲ ਹਿਤੈਸ਼ੀ ਕੇਵਲ ਉਹੀ ਹੈ।
ਮੁੱਖ ਵਿਰੋਧੀ ਧਿਰ ਕਾਂਗਰਸ ਨੇ ਸੂਬੇ ਵਿੱਚ ਫੈਲੀ ਅਸੁਰੱਖਿਆ ਦੀ ਭਾਵਨਾ, ਗੈਂਗਸਟਰਾਂ ਦੀਆਂ ਧਮਕੀਆਂ, ਪਿੰਡਾਂ ਵਿੱਚ ਨਸ਼ਿਆਂ ਦੇ ਕਾਰੋਬਾਰ ਅਤੇ ਨਾਜਾਇਜ਼ ਖਣਨ ਵਰਗੇ ਗੰਭੀਰ ਮੁੱਦਿਆਂ ਨੂੰ ਆਪਣਾ ਮੁੱਖ ਹਥਿਆਰ ਬਣਾਇਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਰਕਾਰ ਦੇ ਮੁਫ਼ਤ ਬਿਜਲੀ ਦੇ ਵਾਅਦੇ ਅਤੇ ਮੁਲਾਜ਼ਮਾਂ ਦੀ ਨਾਰਾਜ਼ਗੀ ਨੂੰ ਉਭਾਰਦਿਆਂ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਇਸ ਸਭ ਦੇ ਬਾਵਜੂਦ ਕਾਂਗਰਸ ਦੀ ਸਟੇਜ ਤੋਂ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਗ਼ੈਰ-ਹਾਜ਼ਰੀ ਨੇ ਪਾਰਟੀ ਅੰਦਰਲੀ ਧੜੇਬਾਜ਼ੀ ਅਤੇ ਆਪਸੀ ਤਾਲਮੇਲ ਦੀ ਕਮੀ ਨੂੰ ਜੱਗ-ਜ਼ਾਹਰ ਕਰ ਦਿੱਤਾ, ਜਿਸ ਕਾਰਨ ਜ਼ਮੀਨੀ ਪੱਧਰ ’ਤੇ ਕਾਂਗਰਸ ਦਾ ਉਭਾਰ ਉਸ ਸ਼ਿੱਦਤ ਨਾਲ ਉੱਭਰ ਨਹੀਂ ਸਕਿਆ ਜਿਸ ਦੀ ਵਿਰੋਧੀ ਧਿਰ ਤੋਂ ਉਮੀਦ ਕੀਤੀ ਜਾਂਦੀ ਹੈ।
ਇਸ ਵਾਰ ਦੇ ਸਿਆਸੀ ਇਕੱਠਾਂ ਦਾ ਇਕ ਬੇਹੱਦ ਅਹਿਮ ਅਤੇ ਨਵਾਂ ਪਹਿਲੂ ਭਾਰਤੀ ਜਨਤਾ ਪਾਰਟੀ ਦੀ ਪਲੇਠੀ ਕਾਨਫਰੰਸ ਰਹੀ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਭਾਜਪਾ ਹੁਣ ਪੰਜਾਬ ਵਿੱਚ ਸਿਰਫ਼ ਸਹਿਯੋਗੀ ਬਣ ਕੇ ਰਹਿਣ ਦੀ ਬਜਾਏ ਖ਼ੁਦ ਸੱਤਾ ਦੇ ਧੁਰੇ ਵਜੋਂ ਉੱਭਰਨਾ ਚਾਹੁੰਦੀ ਹੈ।
ਇਸ ਦੌਰਾਨ ਪੰਥਕ ਸਿਆਸਤ ਵਿੱਚ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਵੱਲੋਂ ਲਗਾਈ ਗਈ ਸਿਆਸੀ ਸਟੇਜ ਖ਼ਾਸ ਚਰਚਾ ਦਾ ਕੇਂਦਰ ਰਹੀ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਭ ਤੋਂ ਵੱਡੇ ਦਰਦ ‘ਨਸ਼ਿਆਂ ਦੇ ਕੋਹੜ’ ਨੂੰ ਮੁੱਖ ਮੁੱਦਾ ਬਣਾਇਆ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਧਿਰ ਸੱਤਾ ਵਿੱਚ ਆਉਂਦੀ ਹੈ ਤਾਂ 1997 ਤੋਂ ਲੈ ਕੇ 2027 ਤੱਕ ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ ਅਤੇ ਇਸ ਪਿੱਛੇ ਸਰਪ੍ਰਸਤੀ ਦੇਣ ਵਾਲੇ ਸਿਆਸਤਦਾਨਾਂ ਤੇ ਪ੍ਰਸ਼ਾਸਨਿਕ ਚਿਹਰਿਆਂ ਬਾਰੇ ਇੱਕ ਵਿਸਥਾਰਤ ‘ਵ੍ਹਾਈਟ ਪੇਪਰ’ ਜਾਰੀ ਕੀਤਾ ਜਾਵੇਗਾ ਅਤੇ ਜਾਂਚ ਰਿਪੋਰਟਾਂ ਜਨਤਕ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਇਸੇ ਮੰਚ ਤੋਂ ਬੋਲਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪੰਥਕ ਦਾਅਵੇਦਾਰੀ ਦਾ ਮੁੱਦਾ ਛੇੜਦਿਆਂ ਕਿਹਾ ਕਿ ‘ਪੰਥ ਦਾ ਅਸਲ ਵਾਰਿਸ ਕੌਣ ਹੈ? ’, ਇਸ ਦਾ ਅੰਤਿਮ ਫ਼ੈਸਲਾ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਖ਼ੁਦ ਕਰਨਗੇ। ਇਸ ਨੈਰੇਟਿਵ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਧਿਰ ਰਵਾਇਤੀ ਪੰਥਕ ਧੜਿਆਂ ਨੂੰ ਪਿੱਛੇ ਛੱਡ ਕੇ ਨੌਜਵਾਨਾਂ ਅਤੇ ਪੰਥਕ ਵੋਟਰਾਂ ਵਿੱਚ ਆਪਣੀ ਮਜ਼ਬੂਤ ਜਗ੍ਹਾ ਬਣਾਉਣ ਲਈ ਤਤਪਰ ਹੈ।
ਪੰਥਕ ਸਿਆਸਤ ਦੇ ਪਿੜ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਆਪਣੀ ਵੱਖਰੀ ਸਿਧਾਂਤਕ ਲੀਹ ਉਲੀਕੀ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਦੀ ਅਗਵਾਈ ਵਿੱਚ ਹੋਈ ‘ਸਾਚਾ ਗੁਰੂ ਲਾਧੋ ਰੇ.. ਮੀਰੀ ਪੀਰੀ ਖ਼ਾਲਿਸਤਾਨੀ ਪੰਥਕ ਕਾਨਫਰੰਸ’ ਦੌਰਾਨ ਕੇਂਦਰ ਦੀਆਂ ਨੀਤੀਆਂ ਅਤੇ ਹਿੰਦੂਤਵੀ ਵਿਚਾਰਧਾਰਾ ਦੇ ਪਾਸਾਰ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਸਕੂਲਾਂ ਵਿੱਚ ‘ਵੰਦੇ ਮਾਤਰਮ’ ਵਰਗੇ ਗੀਤਾਂ ਰਾਹੀਂ ਸਿੱਖ ਪਛਾਣ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਮੰਚ ਤੋਂ ਵਿਦੇਸ਼ਾਂ ਵਿੱਚ ਸਿੱਖਾਂ ਨਾਲ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਕੌਮ ਨੂੰ ਜਾਗਰੂਕ ਹੋਣ ਦਾ ਸੱਦਾ ਦਿੱਤਾ ਗਿਆ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੀ ਮੰਗ ਉਠਾਈ ਗਈ। ਕਾਨਫਰੰਸ ਮਗਰੋਂ ਕੱਢਿਆ ਗਿਆ ‘ਹਮ ਹਿੰਦੂ ਨਹੀਂ’ ਮਾਰਚ ਇਸ ਗੱਲ ਦਾ ਪ੍ਰਤੀਕ ਰਿਹਾ ਕਿ ਮਾਨ ਦਲ ਆਪਣੇ ਰਵਾਇਤੀ ਵਿਚਾਰਧਾਰਕ ਏਜੰਡੇ ’ਤੇ ਕਾਇਮ ਰਹਿ ਕੇ ਪੰਥਕ ਵੋਟਰਾਂ ਨੂੰ ਲਾਮਬੰਦ ਕਰਨਾ ਚਾਹੁੰਦਾ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਲਈ ਲੋਕਾਂ ਦੇ ਭਾਰੀ ਇਕੱਠ ਜੁਟਾ ਕੇ ਤਾੜੀਆਂ ਬਟੋਰਨਾ ਅਤੇ ਵਿਰੋਧੀਆਂ ’ਤੇ ਚਿੱਕੜ ਉਛਾਲਣਾ ਆਸਾਨ ਹੋ ਸਕਦਾ ਹੈ, ਪਰ ਪੰਜਾਬ ਦੇ ਅਸਲ ਸੰਕਟ ਕਿਸੇ ਵੀ ਧਿਰ ਦੇ ਚੋਣਵੇਂ ਭਾਸ਼ਣਾਂ ਨਾਲ ਹੱਲ ਹੋਣ ਵਾਲੇ ਨਹੀਂ ਹਨ। ਅੱਜ ਪੰਜਾਬ ਇੱਕ ਗੰਭੀਰ ਬਹੁਪੱਖੀ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਤੇਜ਼ੀ ਨਾਲ ਡਿੱਗਦਾ ਪੱਧਰ, ਖੇਤੀਬਾੜੀ ਖੇਤਰ ਦੀ ਆਰਥਿਕ ਖੜੋਤ, ਉਦਯੋਗਾਂ ਦਾ ਹੋਰਨਾਂ ਸੂਬਿਆਂ ਵੱਲ ਪਲਾਇਨ, ਰੁਜ਼ਗਾਰ ਦੀ ਘਾਟ ਕਾਰਨ ਨੌਜਵਾਨਾਂ ਦਾ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ਾਂ ਵੱਲ ਹਿਜਰਤ ਕਰਨਾ ਅਤੇ ਨਸ਼ਿਆਂ ਦੀ ਦਲਦਲ ਵਿੱਚ ਗ਼ਰਕ ਹੋ ਰਹੀ ਨੌਜਵਾਨ ਪੀੜ੍ਹੀ—ਇਹ ਅਜਿਹੀਆਂ ਚੁਣੌਤੀਆਂ ਹਨ ਜਿਨ੍ਹਾਂ ਬਾਰੇ ਸਾਰੀਆਂ ਧਿਰਾਂ ਸਿਰਫ਼ ਸਿਆਸੀ ਬਿਆਨਬਾਜ਼ੀ ਤੱਕ ਸੀਮਤ ਹਨ। ਕਿਸੇ ਵੀ ਧਿਰ ਨੇ ਇਨ੍ਹਾਂ ਗੰਭੀਰ ਸਮੱਸਿਆਵਾਂ ਦੇ ਸਥਾਈ ਹੱਲ ਲਈ ਕੋਈ ਵਿਗਿਆਨਕ ਅਤੇ ਠੋਸ ਨੀਤੀਗਤ ਖਾਕਾ ਪੇਸ਼ ਨਹੀਂ ਕੀਤਾ।
 ਸਿੱਖ ਚਿੰਤਕ ਗੁਰਤੇਜ ਸਿੰਘ ਆਈ.ਏ.ਐਸ. ਦਾ ਕਹਿਣਾ ਹੈ ਕਿ ਲੋਕਤੰਤਰ ਦੀ ਅਸਲ ਤਾਕਤ ਜਾਗਰੂਕ ਵੋਟਰ ਵਿੱਚ ਹੁੰਦੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਵੱਲ ਵਧ ਰਹੇ ਪੰਜਾਬ ਨੂੰ ਅੱਜ ਸਿਰਫ਼ ਭਾਵੁਕ ਲੱਛੇਦਾਰ ਭਾਸ਼ਣਾਂ ਜਾਂ ਮੁਫ਼ਤ ਦੀਆਂ ਸਕੀਮਾਂ ਦੀ ਲੋੜ ਨਹੀਂ, ਸਗੋਂ ਜਵਾਬਦੇਹੀ, ਪਾਰਦਰਸ਼ਤਾ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਇੱਕ ਦੂਰਅੰਦੇਸ਼ ਰੋਡਮੈਪ ਦੀ ਜ਼ਰੂਰਤ ਹੈ। ਸਿਆਸੀ ਲੀਡਰਸ਼ਿਪ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਪਵਿੱਤਰ ਇਤਿਹਾਸਕ ਅਸਥਾਨਾਂ ਤੋਂ ਦਿੱਤੇ ਸੁਨੇਹੇ ਤਾਂ ਹੀ ਸਾਰਥਕ ਕਹਾ ਸਕਦੇ ਹਨ ਜੇਕਰ ਉਹ ਪੰਜਾਬ ਦੀ ਧਰਤੀ, ਪਾਣੀ, ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਇਮਾਨਦਾਰੀ ਨਾਲ ਕੰਮ ਕਰਨ ਦਾ ਸੰਕਲਪ ਲੈਣ।