ਅਸਟ੍ਰੇਲੀਆ ਦੇ ਸਿੱਖ ਸਮਾਗਮ ਵਿੱਚ ਪੱਗ ਬੰਨ੍ਹਣਾ ਤੇ ਪ੍ਰਵਾਸ ਦੀ ਹਮਾਇਤ ਪਈ ਭਾਰੀ
ਆਸਟ੍ਰੇਲੀਆ ਦੀ ‘ਵਨ ਨੇਸ਼ਨ’ ਪਾਰਟੀ ਲੰਬੇ ਸਮੇਂ ਤੋਂ ਬਾਹਰੋਂ ਆਉਣ ਵਾਲੇ ਪ੍ਰਵਾਸੀਆਂ ਦਾ ਵਿਰੋਧ ਕਰਦੀ ਆ ਰਹੀ ਹੈ, ਪਰ ਅੱਜ ਇਹ ਪਾਰਟੀ ਆਪਣੀ ਹੀ ਸੋਚ ਅਤੇ ਆਪਸੀ ਫੁੱਟ ਕਾਰਨ ਵੱਡੀ ਮੁਸੀਬਤ ਵਿੱਚ ਫਸੀ ਹੋਈ ਹੈ। ਪਾਰਟੀ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਡੇਵਿਡ ਫਾਰਲੇ ਵੱਲੋਂ ਪ੍ਰਵਾਸ ਦਰਾਂ ਬਾਰੇ ਦਿੱਤੇ ਗਏ ਬਿਆਨ ਅਤੇ ਇੱਕ ਸਿੱਖ ਧਾਰਮਿਕ ਸਮਾਗਮ ਦੌਰਾਨ ਬਸੰਤੀ ਰੰਗ ਦੀ ਦਸਤਾਰ ਸਜਾਉਣ ਦੀ ਤਸਵੀਰ ਸਾਹਮਣੇ ਆਉਣ ਮਗਰੋਂ ਪਾਰਟੀ ਦੇ ਕੱਟੜ ਸਮਰਥਕ ਵਰਗ ਵਿੱਚ ਭਾਰੀ ਰੋਸ ਫੈਲ ਗਿਆ ਹੈ। ਜਿਸ ਪਾਰਟੀ ਨੇ ਆਪਣੀ ਪੂਰੀ ਸਿਆਸੀ ਬੁਨਿਆਦ ਹੀ ਬਹੁ-ਸਭਿਆਚਾਰਵਾਦ ਦੇ ਵਿਰੋਧ, ਗੋਰੇ ਰਾਸ਼ਟਰਵਾਦ ਅਤੇ ਪ੍ਰਵਾਸੀਆਂ ਨੂੰ ਸੀਮਤ ਕਰਨ ਦੇ ਨਾਅਰਿਆਂ ’ਤੇ ਖੜ੍ਹੀ ਕੀਤੀ ਸੀ, ਅੱਜ ਉਸੇ ਦੀ ਕੱਟੜਵਾਦੀ ਲੀਡਰਸ਼ਿਪ ’ਤੇ ਉਸਦੇ ਸਮਰਥਕਾਂ ਵੱਲੋਂ ‘ਵੱਡਾ ਧੋਖਾ’ ਦੇਣ ਦਾ ਦੋਸ਼ ਲਗਾਇਆ ਗਿਆ ਹੈ।
ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਨਿਊ ਸਾਊਥ ਵੇਲਜ਼ ਦੇ ਫੈਰਰ ਹਲਕੇ ਤੋਂ ਜਿੱਤ ਕੇ ਹੇਠਲੇ ਸਦਨ ਵਿੱਚ ਪਹੁੰਚੇ ਡੇਵਿਡ ਫਾਰਲੇ ਨੇ ਕੌਮੀ ਟੈਲੀਵਿਜ਼ਨ ’ਤੇ ਇਹ ਕਹਿ ਦਿੱਤਾ ਕਿ ਆਸਟ੍ਰੇਲੀਆ ਨੂੰ ਸਾਲਾਨਾ ਲਗਭਗ 2,30,000 ਸ਼ੁੱਧ ਵਿਦੇਸ਼ੀ ਪ੍ਰਵਾਸੀਆਂ ਦੀ ਲੋੜ ਹੈ। ਇਹ ਅੰਕੜਾ ਮੌਜੂਦਾ ਲੇਬਰ ਸਰਕਾਰ ਦੇ ਟੀਚਿਆਂ ਦੇ ਬੇਹੱਦ ਕਰੀਬ ਹੈ, ਜਦਕਿ ਵਨ ਨੇਸ਼ਨ ਦੀ ਅਧਿਕਾਰਤ ਵੈੱਬਸਾਈਟ ਅਤੇ ਚੋਣ ਮੈਨੀਫੈਸਟੋ ਵਿੱਚ ਇਹ ਅੰਕੜਾ ਘਟਾ ਕੇ 1,30,000 ਤੱਕ ਸੀਮਤ ਕਰਨ ਦਾ ਵਾਅਦਾ ਦਰਜ ਸੀ। ਫਾਰਲੇ ਦਾ ਇਹ ਬਿਆਨ ਸਾਹਮਣੇ ਆਉਂਦਿਆਂ ਹੀ ਕੱਟੜ ਸੱਜੇ-ਪੱਖੀ ਹਲਕਿਆਂ ਵਿੱਚ ਤਰਥੱਲੀ ਮਚ ਗਈ। ਨਾਲ ਹੀ, ਗ੍ਰਿਫਿਥ ਸ਼ਹਿਰ ਵਿੱਚ ਆਯੋਜਿਤ ਇੱਕ ਸਿੱਖ ਸਮਾਗਮ ਵਿੱਚ ਫਾਰਲੇ ਦੀ ਦਸਤਾਰ ਸਜਾਈ ਤਸਵੀਰ ਨੇ ਕੱਟੜਪੰਥੀ ਗੋਰਿਆਂ ਨੂੰ ਹੋਰ ਭੜਕਾ ਦਿੱਤਾ। ਕੱਟੜਪੰਥੀ ਧੜਿਆਂ ਵੱਲੋਂ ਉਨ੍ਹਾਂ ਨੂੰ ਤੁਰੰਤ ‘ਦਸਤਾਰਧਾਰੀ ਖੱਬੇ-ਪੱਖੀ ਉਦਾਰਵਾਦੀ’ ਕਰਾਰ ਦੇ ਕੇ ਵਨ ਨੇਸ਼ਨ ਦਾ ਪੂਰਨ ਬਾਈਕਾਟ ਕਰਨ ਦੇ ਸੱਦੇ ਦਿੱਤੇ ਜਾਣ ਲੱਗੇ ਹਨ। ਸੈਮ ਬਾਮਫੋਰਡ ਇੱਕ ਸੱਜੇ-ਪੱਖੀ ਇਨਫਲੂਐਂਸਰ ਹੈ , ਨੇ ਫਾਰਲੇ ’ਤੇ ਨਸਲੀ ਤਨਜ਼ ਕੱਸਦਿਆਂ ਉਸ ਨੂੰ ਦਸਤਾਰਧਾਰੀ ਖੱਬੇ-ਪੱਖੀ ਉਦਾਰਵਾਦੀ ਕਿਹਾ ਅਤੇ ਵਨ ਨੇਸ਼ਨ ਨੂੰ ਫਾਰਲੇ ਨੂੰ ਤੁਰੰਤ ਪਾਰਟੀ ਵਿੱਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ।
ਡੇਵਿਡ ਫਾਰਲੇ ਦੇਸ਼ ਦੇ ਵੱਡੇ ਕਾਰਪੋਰੇਟ ਖੇਤੀਬਾੜੀ ਕਾਰੋਬਾਰ ਨਾਲ ਜੁੜੇ ਰਹੇ ਹਨ ਅਤੇ ਸੰਸਦ ਦੇ ਸਭ ਤੋਂ ਅਮੀਰ ਨੇਤਾਵਾਂ ਵਿੱਚ ਸ਼ੁਮਾਰ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਸਟ੍ਰੇਲੀਆ ਦੇ ਪੇਂਡੂ ਅਤੇ ਖੇਤਰੀ ਇਲਾਕਿਆਂ ਦੀ ਆਰਥਿਕਤਾ, ਫ਼ਸਲਾਂ ਦੀ ਕਟਾਈ ਅਤੇ ਬੁੱਚੜਖਾਨੇ ਪ੍ਰਵਾਸੀ ਕਾਮਿਆਂ ਤੋਂ ਬਿਨਾਂ ਇੱਕ ਦਿਨ ਵੀ ਨਹੀਂ ਚੱਲ ਸਕਦੇ। ਇਸੇ ਜ਼ਮੀਨੀ ਮਜਬੂਰੀ ਨੂੰ ਸਮਝਦਿਆਂ ਪਾਰਟੀ ਮੁਖੀ ਪੌਲਿਨ ਹੈਨਸਨ ਨੂੰ ਵੀ ਬਚਾਅ ਦੀ ਮੁਦਰਾ ਵਿੱਚ ਆਉਣਾ ਪਿਆ। ਹੈਨਸਨ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ 1,30,000 ਦਾ ਅੰਕੜਾ ਪੈਸੀਫਿਕ ਟਾਪੂਆਂ ਤੋਂ ਆਉਣ ਵਾਲੇ ਖੇਤੀ ਕਾਮਿਆਂ ’ਤੇ ਲਾਗੂ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਬਿਨਾਂ ਪੇਂਡੂ ਆਸਟ੍ਰੇਲੀਆ ਤਬਾਹ ਹੋ ਜਾਵੇਗਾ। ਪਰ ਹੈਨਸਨ ਦਾ ਇਹ ਯੂ-ਟਰਨ ਕੱਟੜਪੰਥੀ ਸਮਰਥਕਾਂ ਦੇ ਗਲੇ ਨਹੀਂ ਉਤਰ ਰਿਹਾ, ਜੋ ਇਸ ਨੂੰ ਕਾਰਪੋਰੇਟ ਹਿੱਤਾਂ ਅੱਗੇ ਸਿਆਸੀ ਸਮਰਪਣ ਵਜੋਂ ਦੇਖ ਰਹੇ ਹਨ।
ਪਾਰਟੀ ਦੇ ਸਾਬਕਾ ਸੰਸਦ ਮੈਂਬਰ ਜਾਰਜ ਕ੍ਰਿਸਟਨਸਨ ਅਤੇ ਬਾਰਨਬੀ ਜੋਇਸ ਵਰਗੇ ਨੇਤਾਵਾਂ ਨੇ ਫਾਰਲੇ ਦੇ ਬਿਆਨ ਨੂੰ ਭਾਵੇਂ ਨਵੇਂ ਚੁਣੇ ਆਗੂ ਦੀ ‘ਸ਼ੁਰੂਆਤੀ ਭੁੱਲ’ ਕਹਿ ਕੇ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਅੰਦਰੂਨੀ ਦਰਾਰਾਂ ਸਾਫ਼ ਨਜ਼ਰ ਆ ਰਹੀਆਂ ਹਨ। ਕ੍ਰਿਸਟਨਸਨ ਨੇ ਆਪਣੇ ਬਿਆਨ ਵਿੱਚ ਖੁਲਾਸਾ ਕੀਤਾ ਕਿ ਚੋਣ ਪ੍ਰਚਾਰ ਦੌਰਾਨ ਫਾਰਲੇ ਨੂੰ ਪਰਵਾਸ ਦੇ ਸੰਵੇਦਨਸ਼ੀਲ ਮੁੱਦੇ ’ਤੇ ਚੁੱਪ ਰਹਿਣ ਦੀ ਸਖ਼ਤ ਹਦਾਇਤ ਦਿੱਤੀ ਗਈ ਸੀ। ਇਸ ਦੇ ਬਾਵਜੂਦ ਫਾਰਲੇ ਵੱਲੋਂ ‘ਸਿਡਨੀ ਮਾਰਨਿੰਗ ਹੈਰਲਡ’ ਨੂੰ ਦਿੱਤਾ ਇਹ ਬਿਆਨ ਕਿ ਉਹ ਆਪਣੇ ਹਲਕੇ ਦੀਆਂ ਪਰਵਾਸ ਲੋੜਾਂ ਦੀ ਰਾਖੀ ਕਰਨਗੇ, ਇਹ ਦਰਸਾਉਾਂਦਾਹੈ ਕਿ ਉਹ ਪਾਰਟੀ ਦੀ ਕੱਟੜਪੰਥੀ ਲਾਈਨ ਅੱਗੇ ਝੁਕਣ ਲਈ ਤਿਆਰ ਨਹੀਂ ਹਨ।
ਇਸ ਵਿਵਾਦ ਨੇ ਆਸਟ੍ਰੇਲੀਆ ਦੇ ਸੱਜੇ-ਪੱਖੀ ਧੜਿਆਂ ਅਤੇ ਨਵ-ਨਾਜ਼ੀ ਪੱਖੀ ਵਿਚਾਰਵਾਨਾਂ ਨੂੰ ਭੜਕਾ ਦਿੱਤਾ ਹੈ। ਹਿਊਗੋ ਲੈਨਿਨ ਵਰਗੇ ਕੱਟੜ ਰਾਸ਼ਟਰਵਾਦੀ ਕਾਰਕੁਨਾਂ ਨੇ ਸੋਸ਼ਲ ਮੀਡੀਆ ’ਤੇ ਸਿੱਧਾ ਪੌਲਿਨ ਹੈਨਸਨ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਨ ਨੇਸ਼ਨ ਨੇ ਆਪਣੇ ਵੋਟਰਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ ਵੱਡੇ ਕਾਰੋਬਾਰੀਆਂ ਦੀਆਂ ਜੇਬਾਂ ਭਰਨ ਲਈ ਦੇਸ਼ ਦੇ ਭਵਿੱਖ ਦਾ ਸੌਦਾ ਕੀਤਾ ਹੈ। ਇਨ੍ਹਾਂ ਕੱਟੜ ਸਮੂਹਾਂ ਦਾ ਮੰਨਣਾ ਹੈ ਕਿ ਪਾਰਟੀ ਨੇ ਚੋਣਾਂ ਜਿੱਤਣ ਲਈ ਜਿਸ ਪ੍ਰਵਾਸੀ-ਵਿਰੋਧੀ ਨਫ਼ਰਤ ਦਾ ਸਹਾਰਾ ਲਿਆ ਸੀ, ਸੱਤਾ ਦੀਆਂ ਬਰੂਹਾਂ ’ਤੇ ਪਹੁੰਚਦਿਆਂ ਹੀ ਉਸ ਤੋਂ ਪਿੱਛੇ ਹਟ ਗਈ ਹੈ।
‘ਦ ਨੋਟਿਸਰ’ ਸੱਜੇ-ਪੱਖੀ/ਨਵ-ਨਾਜ਼ੀ ਵੈੱਬਸਾਈਟ ਨੇ ਇਸ ਮਾਮਲੇ ਨੂੰ ‘ਅਗਸਤ 2026 ਦਾ ਸਭ ਤੋਂ ਵੱਡਾ ਧੋਖਾ’ ਕਰਾਰ ਦਿੱਤਾ ਅਤੇ ਪਾਰਟੀ ਦੇ ‘ਕੱਟੜ ਦੇਸ਼ਭਗਤ ਅਧਾਰ’ ਨੂੰ ਵਨ ਨੇਸ਼ਨ ਖ਼ਿਲਾਫ਼ ਖੁੱਲ੍ਹਾ ਮੋਰਚਾ ਖੋਲ੍ਹਣ ਤੇ ਪਾਰਟੀ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ।
ਇਹ ਸਾਰਾ ਕਲੇਸ਼ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਸਰਵੇਖਣਾਂ ਅਨੁਸਾਰ ਵਿਕਟੋਰੀਆ ਸਮੇਤ ਕਈ ਸੂਬਿਆਂ ਵਿੱਚ ਵਨ ਨੇਸ਼ਨ ਦੀ ਲੋਕਪ੍ਰਿਅਤਾ ਇਤਿਹਾਸਕ ਸਿਖਰਾਂ ਨੂੰ ਛੋਹ ਰਹੀ ਸੀ ਅਤੇ ਪਾਰਟੀ 25 ਫ਼ੀਸਦੀ ਵੋਟ ਹਿੱਸੇਦਾਰੀ ਵੱਲ ਵਧ ਰਹੀ ਸੀ। ਮਹਿੰਗਾਈ, ਰਿਹਾਇਸ਼ੀ ਸੰਕਟ ਅਤੇ ਮੁੱਖ ਧਾਰਾ ਦੀਆਂ ਪਾਰਟੀਆਂ ਤੋਂ ਲੋਕਾਂ ਦੀ ਨਿਰਾਸ਼ਾ ਨੇ ਵਨ ਨੇਸ਼ਨ ਲਈ ਰਾਹ ਪੱਧਰਾ ਕੀਤਾ ਸੀ। ਪਰ ਸਿਆਸੀ ਵਿਸ਼ਲੇਸ਼ਕ ਲਗਾਤਾਰ ਸਵਾਲ ਉਠਾ ਰਹੇ ਹਨ ਕਿ ਕੀ ਇਹ ਪਾਰਟੀ ਆਪਣੇ ਆਪਸੀ ਵਿਰੋਧਾਂ ਅਤੇ ਵਿਵਾਦਤ ਉਮੀਦਵਾਰਾਂ ਦੇ ਬੋਝ ਹੇਠ ਟਿਕ ਸਕੇਗੀ? ਪਾਰਟੀ ਦਾ ਪਿਛੋਕੜ ਵਿਵਾਦਤ ਅਤੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਗੂਆਂ ਨੂੰ ਅੱਗੇ ਲਿਆਉਣ ਦਾ ਰਿਹਾ ਹੈ, ਜਿਸ ਕਾਰਨ ਇਸ ਦੀ ਭਰੋਸੇਯੋਗਤਾ ਹਮੇਸ਼ਾ ਸ਼ੱਕ ਦੇ ਘੇਰੇ ਵਿੱਚ ਰਹੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘਟਨਾਕ੍ਰਮ ਲੋਕ-ਲੁਭਾਊ ਸਿਆਸਤ ਦੀ ਡੂੰਘੀ ਕਮਜ਼ੋਰੀ ਨੂੰ ਬੇਪਰਦ ਕਰਦਾ ਹੈ। ਜਨਤਾ ਵਿੱਚ ਨਫ਼ਰਤ ਅਤੇ ਡਰ ਪੈਦਾ ਕਰਕੇ ਵੋਟਾਂ ਬਟੋਰਨੀਆਂ ਸੌਖੀਆਂ ਹਨ, ਪਰ ਆਧੁਨਿਕ ਅਰਥਚਾਰੇ ਨੂੰ ਕੱਟੜਪੰਥੀ ਨਾਅਰਿਆਂ ਨਾਲ ਨਹੀਂ ਚਲਾਇਆ ਜਾ ਸਕਦਾ। ਡੇਵਿਡ ਫਾਰਲੇ ਦਾ ਮਾਮਲਾ ਇਹ ਸਿੱਧ ਕਰਦਾ ਹੈ ਕਿ ਆਸਟ੍ਰੇਲੀਆ ਵਰਗੇ ਵਿਕਸਤ ਦੇਸ਼ਾਂ ਵਿੱਚ ਖੇਤੀ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਲਈ ਪਰਵਾਸੀ ਮਜ਼ਦੂਰਾਂ ਦੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ।
ਵਨ ਨੇਸ਼ਨ ਅੱਜ ਆਪਣੇ ਹੀ ਬਣਾਏ ਨਫ਼ਰਤ ਅਤੇ ਵਿਰੋਧਾਭਾਸ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਜੇਕਰ ਪਾਰਟੀ ਖੇਤਰੀ ਆਰਥਿਕ ਹਕੀਕਤਾਂ ਨੂੰ ਅਪਣਾਉਾਂਦੀਹੈ ਤਾਂ ਆਪਣਾ ਕੱਟੜ ਵੋਟ ਬੈਂਕ ਗੁਆ ਬੈਠਦੀ ਹੈ, ਅਤੇ ਜੇਕਰ ਉਹ ਕੱਟੜਪੰਥੀਆਂ ਨੂੰ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕੌਮੀ ਪੱਧਰ ’ਤੇ ਇੱਕ ਜ਼ਿੰਮੇਵਾਰ ਸਿਆਸੀ ਧਿਰ ਬਣਨ ਦਾ ਸੁਨਹਿਰੀ ਮੌਕਾ ਗੁਆ ਲੈਂਦੀ ਹੈ।
ਅਜਿਹੀ ਸਥਿਤੀ ਵਿੱਚ ਪਾਰਟੀ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਕੀ ਕਰੇ? ਮਾਹਿਰਾਂ ਦਾ ਮੰਨਣਾ ਹੈ ਕਿ ਵਨ ਨੇਸ਼ਨ ਨੂੰ ਸਿਰਫ਼ ਨਾਅਰੇਬਾਜ਼ੀ ਛੱਡ ਕੇ ਇੱਕ ਵਿਹਾਰਕ ਅਤੇ ਸਪਸ਼ਟ ਨੀਤੀ ਅਪਣਾਉਣੀ ਪਵੇਗੀ, ਜਿੱਥੇ ਉਹ ਆਪਣੇ ਵੋਟਰਾਂ ਨੂੰ ਇਹ ਸਮਝਾ ਸਕੇ ਕਿ ਖੇਤੀਬਾੜੀ ਅਤੇ ਸਥਾਨਕ ਕਾਰੋਬਾਰਾਂ ਨੂੰ ਬਚਾਉਣ ਲਈ ਪ੍ਰਵਾਸੀ ਕਾਮੇ ਕਿਉਂ ਜ਼ਰੂਰੀ ਹਨ? ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਜੇਕਰ ਪਾਰਟੀ ਖ਼ੁਦ ਨੂੰ ਮੁੱਖ ਧਾਰਾ ਦੀ ਭਰੋਸੇਯੋਗ ਧਿਰ ਵਜੋਂ ਸਥਾਪਿਤ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਆਪਣੇ ਅੰਦਰੂਨੀ ਅਨੁਸ਼ਾਸਨ ਨੂੰ ਮਜ਼ਬੂਤ ਕਰਨਾ ਪਵੇਗਾ ਅਤੇ ਕੱਟੜਪੰਥੀ ਦਬਾਅ ਅੱਗੇ ਝੁਕਣ ਦੀ ਬਜਾਏ ਸੰਤੁਲਿਤ ਪਹੁੰਚ ਅਪਣਾਉਣੀ ਪਵੇਗੀ; ਨਹੀਂ ਤਾਂ ਆਪਣੇ ਹੀ ਉਮੀਦਵਾਰਾਂ ਦੇ ਆਪਸੀ ਟਕਰਾਅ ਅਤੇ ਕੱਟੜ ਸਮਰਥਕਾਂ ਦੀ ਨਾਰਾਜ਼ਗੀ ਹੇਠ ਪਾਰਟੀ ਦਾ ਉਭਾਰ ਸਿਖ਼ਰ ’ਤੇ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਸਕਦਾ ਹੈ।











Comments (0)