ਬਾਲੀਵੁੱਡ ਅਤੇ ਹਾਲੀਵੁੱਡ ਸਟਾਰ ਆਏ ਵਿਦਿਆਰਥੀ ਅੰਦੋਲਨ ਦੀ ਹਮਾਇਤ ’ਚ
ਪ੍ਰੀਖਿਆਵਾਂ ’ਚ ਗੜਬੜ ਅਤੇ ਨੀਟ ਪੇਪਰ ਲੀਕ ਮਾਮਲੇ ’ਚ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ’ਤੇ ਪੁਲਿਸ ਕਾਰਵਾਈ ਮਗਰੋਂ ਮਨੋਰੰਜਨ ਜਗਤ ਦੀਆਂ ਪ੍ਰਮੁੱਖ ਹਸਤੀਆਂ ਨੇ ਉਨ੍ਹਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਹੈ। ਅਦਾਕਾਰ ਸਲਮਾਨ ਖ਼ਾਨ ਨੇ ਵਿਦਿਆਰਥੀਆਂ ਦੀ ਹਮਾਇਤ ਕਰਦਿਆਂ ਅੰਦੋਲਨ ਦੇ ਸਿਆਸੀਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਦਕਿ ਕਰੀਨਾ ਕਪੂਰ ਖ਼ਾਨ, ਆਲੀਆ ਭੱਟ ਅਤੇ ਕਮਲ ਹਾਸਨ ਨੇ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਅਤੇ ਪੁਲਿਸ ਜਬਰ ਦੀ ਨਿੰਦਾ ਕੀਤੀ। ਹਾਲੀਵੁੱਡ ਸਟਾਰ ਜੌਹਨ ਕੁਸੈਕ ਨੇ ਵੀ ਲੇਖਿਕਾ ਅਰੁੰਧਤੀ ਰੌਏ ਦਾ ਲੇਖ ਸਾਂਝਾ ਕਰ ਕੇ ਵਿਦਿਆਰਥੀਆਂ ਨੂੰ ਆਪਣੀ ਹਮਾਇਤ ਦਿੱਤੀ ਹੈ। ਕਰੀਨਾ ਨੇ ਕਿਹਾ ਕਿ ਨੌਜਵਾਨਾਂ ਦੀ ਆਵਾਜ਼ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ ਹੈ। ਆਲੀਆ ਨੇ ਕਿਹਾ ਕਿ ਭਵਿੱਖ ਵਿਦਿਆਰਥੀਆਂ ਦਾ ਹੈ ਅਤੇ ਉਨ੍ਹਾਂ ਨਾਲ ਅਜਿਹਾ ਵਤੀਰਾ ਅਪਣਾਉਣਾ ਠੀਕ ਨਹੀਂ। ਕਮਲ ਹਾਸਨ ਨੇ ਕਿਹਾ ਕਿ ਕੋਈ ਮੁਲਕ ਉਦੋਂ ਨਾਕਾਮ ਹੋ ਜਾਂਦਾ ਹੈ, ਜਦੋਂ ਉਸ ਦੇ ਬੱਚਿਆਂ ਨੂੰ ਜਵਾਬਾਂ ਦੀ ਬਜਾਏ ਬੈਰੀਕੇਡਾਂ ਅਤੇ ਲਾਠੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
‘ਪੰਚਾਇਤ’ ਫੇਮ ਰਘੂਬੀਰ ਯਾਦਵ, ਸ਼ਬਾਨਾ ਆਜ਼ਮੀ, ਨਸੀਰੂਦੀਨ ਸ਼ਾਹ, ਰਤਨਾ ਪਾਠਕ ਸ਼ਾਹ, ਦਿਲਜੀਤ ਦੋਸਾਂਝ, ਫਿਲਮ ਨਿਰਮਾਤਾ ਇਮਤਿਆਜ਼ ਅਲੀ, ਅਨੁਰਾਗ ਕਸ਼ਯਪ ਅਤੇ ਵਿਕਰਮਾਦਿੱਤਿਆ ਮੋਟਵਾਨੇ ਨੇ ਸਰਕਾਰ ਅਤੇ ਪੁਲੀਸ ਦੀ ਕਾਰਵਾਈ ’ਤੇ ਤਿੱਖੇ ਸਵਾਲ ਚੁੱਕੇ ਹਨ। ਮੁੰਬਈ ਅਤੇ ਹੋਰ ਸ਼ਹਿਰਾਂ ’ਚ ਕਾਕਰੋਚ ਜਨਤਾ ਪਾਰਟੀ ਨਾਲ ਇਕਜੁੱਟਤਾ ਦਿਖਾਉਂਦਿਆਂ ਪ੍ਰਦਰਸ਼ਨ ਕੀਤੇ ਗਏ ਜਿਨ੍ਹਾਂ ’ਚ ਅਦਾਕਾਰ ਇਮਰਾਨ ਖ਼ਾਨ, ਅਲਾਇਆ ਐੱਫ, ਰੈਪਰ ਰਫਤਾਰ, ਗਾਇਕ ਅਨੁਵ ਜੈਨ ਅਤੇ ਵਿਵੀਅਨ ਸ਼ਾਹ ਸ਼ਾਮਲ ਹੋਏ। ‘ਧੁਰੰਧਰ’ ਫਿਲਮ ਦੀ ਅਦਾਕਾਰਾ ਆਇਸ਼ਾ ਖ਼ਾਨ ਨੂੰ ਦਾਦਰ ਜਦਕਿ ਅਹਿਮਦਾਬਾਦ ’ਚ ਗੁਜਰਾਤੀ ਅਦਾਕਾਰਾ ਜਿਗਨਾ ਵਿਆਸ ਨੂੰ ਪੁਲਿਸ ਹਿਰਾਸਤ ’ਚ ਲਿਆ ਗਿਆ।
ਇਸ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਪ੍ਰਤਿਭਾ ਰਾਂਟਾ, ਅਨਮੋਲ ਪਰਾਸ਼ਰ, ਰਾਜਕੁਮਾਰ ਰਾਓ, ਰੈਪਰ ਹਨੂਮਾਨਕਾਇੰਡ, ਸੀਮਾ ਪਾਹਵਾ, ਜ਼ੋਇਆ ਅਖ਼ਤਰ, ਰਿਚਾ ਚੱਢਾ, ਸਵਰਾ ਭਾਸਕਰ ਅਤੇ ਹੁਮਾ ਕੁਰੈਸ਼ੀ ਨੇ ਵੀ ਜਨਤਕ ਤੌਰ ’ਤੇ ਵਿਦਿਆਰਥੀਆਂ ਦਾ ਪੱਖ ਪੂਰਿਆ। ਦੱਖਣੀ ਭਾਰਤੀ ਸਿਨੇਮਾ ਤੋਂ ਰੇਵਤੀ, ਟੋਵਿਨੋ ਥੌਮਸ, ਵਿਜੈ ਸੇਤੂਪਤੀ ਅਤੇ ਫਿਲਮ ਨਿਰਮਾਤਾ ਪਾ ਰੰਜੀਤ ਵਰਗੀਆਂ ਹਸਤੀਆਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਹੈ।











Comments (0)