ਵਰੁਣ ਧਵਨ ਤੇ ਨੋਰਾ ਫਤੇਹੀ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕੀਤਾ ਸਮਰਥਨ

ਵਰੁਣ ਧਵਨ ਤੇ ਨੋਰਾ ਫਤੇਹੀ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕੀਤਾ ਸਮਰਥਨ

ਅਦਾਕਾਰ ਵਰੁਣ ਧਵਨ ਅਤੇ ਅਦਾਕਾਰਾ ਨੋਰਾ ਫਤੇਹੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਉਨ੍ਹਾਂ ਨੇ ਸਰਕਾਰ ਨੂੰ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਉਨ੍ਹਾਂ ਨੂੰ ਹੱਲ ਕਰਨ, ਪ੍ਰੀਖਿਆ ਪ੍ਰਣਾਲੀ ਵਿੱਚ ਜਵਾਬਦੇਹੀ ਯਕੀਨੀ ਬਣਾਉਣ ਅਤੇ ਮਾਮਲੇ ਦਾ ਨਿਰਪੱਖ ਹੱਲ ਲੱਭਣ ਦੀ ਅਪੀਲ ਕੀਤੀ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਸੰਦੇਸ਼ ਵਿੱਚ, ਵਰੁਣ ਧਵਨ ਨੇ ਕਿਹਾ ਕਿ ਜੇਕਰ ਵਿਦਿਆਰਥੀ ਨੂੰ ਲੱਗਦਾ ਹੈ ਕਿ ਸਿਸਟਮ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ ਤਾਂ ਉਨ੍ਹਾਂ ਨੂੰ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ, ‘ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਨੂੰ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਜਾਣੀਆਂ ਚਾਹੀਦੀਆਂ ਹਨ, ਉਨ੍ਹਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ, ਅਤੇ ਉਨ੍ਹਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਮੈਂ ਅਧਿਕਾਰੀਆਂ ਨੂੰ ਅਪੀਲ ਕਾਦੀ ਹਾਂ ਕਿ ਉਹ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ... ਵਿਰੋਧ ਪ੍ਰਦਰਸ਼ਨ ਸਿਰਫ਼ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਅਤੇ ਉਨ੍ਹਾਂ ਦੇ ਜਾਇਜ਼ ਹੱਲਾਂ ’ਤੇ ਕੇਂਦਿ੍ਰਤ ਹੋਣੇ ਚਾਹੀਦੇ ਹਨ।’
ਉਥੇ ਹੀ ਨੋਰਾ ​​ਫਤੇਹੀ ਨੇ ਵੀ ਨੀਟ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਲਈ ਜਵਾਬਦੇਹੀ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਪੋਸਟ ਕਰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਾਰਾ ਮਾਮਲਾ ‘ਨਿਰਪੱਖਤਾ ਨਾਲ’ ਹੱਲ ਹੋ ਜਾਵੇਗਾ। ਨੋਰਾ ਨੇ ਲਿਖਿਆ, ‘ਮੇਰਾ ਦਿਲ ਹਰ ਵਿਦਿਆਰਥੀ, ਹਰ ਉਸ ਪਰਿਵਾਰ ਅਤੇ ਹਰ ਉਸ ਵਿਅਕਤੀ ਨਾਲ ਹੈ ਜੋ ਅਨਿਸ਼ਚਿਤਤਾ ਦਾ ਬੋਝ ਝੱਲ ਰਿਹਾ ਹੈ। ਸਿੱਖਿਆ ਸਿਰਫ਼ ਪ੍ਰੀਖਿਆਵਾਂ ਜਾਂ ਅੰਕਾਂ ਬਾਰੇ ਨਹੀਂ ਹੈ; ਇਹ ਕੁਰਬਾਨੀ ਦਾ ਪ੍ਰਤੀਕ ਹੈ। ਹਰ ਵਿਦਿਆਰਥੀ ਜੋ ਦੇਰ ਰਾਤ ਤੱਕ ਪੜ੍ਹਦਾ ਹੈ ਅਤੇ ਹਰ ਪਰਿਵਾਰ ਜੋ ਆਪਣੇ ਬੱਚਿਆਂ ਦੀ ਸਿੱਖਿਆ ਲਈ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ, ਇੱਕ ਨਿਰਪੱਖ, ਸਨਮਾਨਜਨਕ ਅਤੇ ਭਰੋਸੇਮੰਦ ਸਿਸਟਮ ਦਾ ਹੱਕਦਾਰ ਹੈ।
ਉਨ੍ਹਾਂ  ਅੱਗੇ ਕਿਹਾ ਕਿ ਕੋਈ ਵੀ ਸਿਸਟਮ ਜਾਂ ਇਸਦੇ ਨਤੀਜੇ ਕਿਸੇ ਦੀ ਜ਼ਿੰਦਗੀ ਤੋਂ ਵੱਧ ਮਹੱਤਵਪੂਰਨ ਨਹੀਂ ਹੋ ਸਕਦੇ। ਨੋਰਾ ਨੇ ਕਿਹਾ, ‘ਪ੍ਰੀਖਿਆ ਪੇਪਰ ਲੀਕ ਦੀ ਖ਼ਬਰ ਨੇ ਬਹੁਤ ਸਾਰੇ ਲੋਕਾਂ ਨੂੰ ਨਿਰਾਸ਼ ਅਤੇ ਦੁਖੀ ਕੀਤਾ ਹੈ। ਮੇਰੀ ਡੂੰਘੀ ਹਮਦਰੀ ਉਨ੍ਹਾਂ ਪਰਿਵਾਰਾਂ ਪ੍ਰਤੀ ਹੈ ਜਿਨ੍ਹਾਂ ਨੇ ਆਪਣੇ ਬੱਚੇ ਗੁਆ ਦਿੱਤੇ ਹਨ। ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀ ਖ਼ਬਰ ਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ... ਮੈਂ ਤੁਹਾਡੀ (ਵਿਰੋਧ ਕਰਨ ਵਾਲੇ ਵਿਦਿਆਰਥੀਆਂ ਦੀ) ਹਿੰਮਤ ਅਤੇ ਲੜਨ ਦੀ ਭਾਵਨਾ ਨੂੰ ਸਲਾਮ ਕਰਦੀ ਹਾਂ।’