ਭਾਰਤ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਅਸਤੀਫ਼ਾ

ਭਾਰਤ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਅਸਤੀਫ਼ਾ

ਨਵੀਂ ਦਿੱਲੀ/ਏ.ਟੀ.ਨਿਊਜ਼:
ਦੇਸ਼ ਵਿੱਚ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ ਨੂੰ ਲੈ ਕੇ ਵਧ ਰਹੇ ਵਿਰੋਧ ਅਤੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀਆਂ ਮੁੱਖ ਮੰਗਾਂ ਅੱਗੇ ਝੁਕਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸਮਾਜਿਕ ਮਾਧਿਅਮ ’ਤੇ ਇੱਕ ਪੱਤਰ ਸਾਂਝਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫ਼ਾ ਭੇਜਣ ਦੀ ਜਾਣਕਾਰੀ ਦਿੱਤੀ।
ਐਕਸ ’ਤੇ ਪੋਸਟ ਕੀਤੇ ਆਪਣੇ ਪੱਤਰ ’ਚ ਪ੍ਰਧਾਨ ਨੇ ਲਿਖਿਆ, “ਜੰਤਰ-ਮੰਤਰ ਅਤੇ ਦੇਸ਼ ’ਚ ਜੋ ਸਥਿਤੀ ਬਣੀ ਹੋਈ ਹੈ, ਉਸ ਦਾ ਕੋਈ ਦੇਸ਼ ਵਿਰੋਧੀ ਤਾਕਤ ਫ਼ਾਇਦਾ ਨਾ ਚੁੱਕ ਸਕੇ, ਦੇਸ਼ ਦੀ ਅਖੰਡਤਾ ਬਣੀ ਰਹੇ ਅਤੇ ਭਾਰਤ ਦੇ ਇੱਕ ਵੀ ਵਿਦਿਆਰਥੀ ਦਾ ਭਵਿੱਖ ਕਾਨੂੰਨੀ ਉਲਝਣਾਂ ’ਚ ਨਾ ਫਸੇ, ਸਾਡੇ ਬੱਚੇ ਆਪਣਾ ਸਮਾਂ ਪੜ੍ਹਾਈ ’ਚ ਲਗਾਉਣ ਅਤੇ ਕੈਰੀਅਰ ਬਣਾਉਣ ’ਤੇ ਧਿਆਨ ਦੇਣ-ਇਸੇ ਗੱਲ ਨੂੰ ਧਿਆਨ ’ਚ ਰੱਖਦਿਆਂ ਮੈਂ ਅਹੁਦੇ ਤੋਂ ਅਸਤੀਫ਼ਾ ਪ੍ਰਧਾਨ ਮੰਤਰੀ  ਨੂੰ ਭੇਜ ਦਿੱਤਾ ਹੈ।”