ਕੱਢਣਾ ਰੁਮਾਲ ਦੇ ਗਿਓਂ ਵੇ.......

ਕੱਢਣਾ ਰੁਮਾਲ ਦੇ ਗਿਓਂ ਵੇ.......

ਮਨੁੱਖੀ ਸਭਿਅਤਾ ਦੇ ਵਿਕਾਸ ਨਾਲ ਜਿੱਥੇ ਭੋਜਨ, ਪਹਿਰਾਵੇ ਅਤੇ ਰਿਹਾਇਸ਼ ਵਿੱਚ ਬਦਲਾਅ ਆਏ, ਉੱਥੇ ਰੋਜ਼ਾਨਾ ਵਰਤੋਂ ਦੀਆਂ ਛੋਟੀਆਂ-ਛੋਟੀਆਂ ਵਸਤੂਆਂ ਨੇ ਵੀ ਮਨੁੱਖੀ ਜੀਵਨ ਨੂੰ ਸੁਚੱਜਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਰੁਮਾਲ ਅਜਿਹੀ ਹੀ ਇੱਕ ਵਸਤੂ ਹੈ। ਆਕਾਰ ਵਿੱਚ ਛੋਟਾ ਹੋਣ ਦੇ ਬਾਵਜੂਦ ਇਹ ਸਫ਼ਾਈ, ਸਲੀਕੇ, ਸੱਭਿਆਚਾਰ, ਪਿਆਰ ਅਤੇ ਕਲਾਤਮਕ ਪਰੰਪਰਾ ਦਾ ਪ੍ਰਤੀਕ ਹੈ। ਅੱਜ ਹਰ ਵਰਗ ਦਾ ਵਿਅਕਤੀ ਇਸ ਦੀ ਵਰਤੋਂ ਕਰਦਾ ਹੈ, ਪਰ ਇਸ ਦਾ ਇਤਿਹਾਸ ਅਤੇ ਸੱਭਿਆਚਾਰਕ ਮਹੱਤਵ ਇਸ ਦੀ ਆਮ ਵਰਤੋਂ ਨਾਲੋਂ ਕਿਤੇ ਵੱਧ ਡੂੰਘਾ ਹੈ।
‘ਰੁਮਾਲ’ ਸ਼ਬਦ ਫ਼ਾਰਸੀ ਮੂਲ ਨਾਲ ਜੋੜਿਆ ਜਾਂਦਾ ਹੈ। ‘ਰੂ’ ਦਾ ਅਰਥ ਚਿਹਰਾ ਅਤੇ ‘ਮਾਲ’ ਦਾ ਅਰਥ ਪੂੰਝਣਾ ਜਾਂ ਸਾਫ਼ ਕਰਨਾ ਹੈ। ਸ਼ੁਰੂ ਵਿੱਚ ਇਹ ਚਿਹਰਾ ਅਤੇ ਹੱਥ ਸਾਫ਼ ਕਰਨ ਲਈ ਵਰਤਿਆ ਜਾਣ ਵਾਲਾ ਸਾਦਾ ਕੱਪੜਾ ਸੀ, ਪਰ ਹੌਲੀ-ਹੌਲੀ ਇਹ ਪਹਿਰਾਵੇ ਦਾ ਅਟੁੱਟ ਹਿੱਸਾ, ਸਤਿਕਾਰ ਦਾ ਪ੍ਰਤੀਕ ਅਤੇ ਲੋਕ-ਕਲਾ ਦਾ ਸੁੰਦਰ ਨਮੂਨਾ ਬਣ ਗਿਆ।
ਪੁਰਾਤਨ ਸਮਿਆਂ ਵਿੱਚ ਰੁਮਾਲ ਘਰਾਂ ਵਿੱਚ ਹੀ ਸੂਤੀ ਜਾਂ ਰੇਸ਼ਮੀ ਕੱਪੜੇ ਤੋਂ ਤਿਆਰ ਕੀਤਾ ਜਾਂਦਾ ਸੀ। ਆਰਥਿਕ ਹਾਲਤ ਅਤੇ ਮੌਕੇ ਅਨੁਸਾਰ ਇਸ ਦੇ ਕੱਪੜੇ ਅਤੇ ਆਕਾਰ ਵਿੱਚ ਫ਼ਰਕ ਹੁੰਦਾ ਸੀ। ਆਮ ਲੋਕ ਸੂਤੀ ਰੁਮਾਲ ਵਰਤਦੇ ਸਨ, ਜਦਕਿ ਅਮੀਰ ਪਰਿਵਾਰਾਂ ਵਿੱਚ ਰੇਸ਼ਮੀ ਅਤੇ ਕਢਾਈਦਾਰ ਰੁਮਾਲ ਸ਼ਾਨ ਦਾ ਪ੍ਰਤੀਕ ਮੰਨੇ ਜਾਂਦੇ ਸਨ। ਅੱਜ ਉਦਯੋਗਿਕ ਉਤਪਾਦਨ ਨੇ ਇਸ ਨੂੰ ਹਰ ਰੰਗ, ਡਿਜ਼ਾਈਨ ਅਤੇ ਆਕਾਰ ਵਿੱਚ ਉਪਲਬਧ ਕਰਵਾ ਦਿੱਤਾ ਹੈ।
ਰੋਜ਼ਾਨਾ ਜੀਵਨ ਵਿੱਚ ਰੁਮਾਲ ਦੀ ਉਪਯੋਗਤਾ ਬਹੁਤ ਵਿਸ਼ਾਲ ਹੈ। ਇਹ ਹੱਥ ਅਤੇ ਮੂੰਹ ਸਾਫ਼ ਕਰਨ, ਪਸੀਨਾ ਪੂੰਝਣ, ਧੂੜ ਤੋਂ ਬਚਾਅ ਕਰਨ ਅਤੇ ਖੰਘ ਜਾਂ ਛਿੱਕ ਵੇਲੇ ਮੂੰਹ ਢੱਕਣ ਲਈ ਵਰਤਿਆ ਜਾਂਦਾ ਹੈ। ਡਾਕਟਰ ਵੀ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਨਿੱਜੀ ਰੁਮਾਲ ਦੀ ਵਰਤੋਂ ਕਈ ਛੂਤ ਦੀਆਂ ਬਿਮਾਰੀਆਂ ਦੇ ਫੈਲਾਅ ਨੂੰ ਘਟਾ ਸਕਦੀ ਹੈ। ਇਸ ਲਈ ਰੁਮਾਲ ਸਿਰਫ਼ ਸਫ਼ਾਈ ਦਾ ਸਾਧਨ ਨਹੀਂ, ਸਿਹਤ ਦੀ ਸੁਰੱਖਿਆ ਦਾ ਵੀ ਹਿੱਸਾ ਹੈ।
ਪੰਜਾਬੀ ਜੀਵਨ-ਸ਼ੈਲੀ ਵਿੱਚ ਰੁਮਾਲ ਦਾ ਇੱਕ ਵੱਖਰਾ ਹੀ ਸਥਾਨ ਰਿਹਾ ਹੈ। ਕੰਮ ਕਰਦੇ ਬੰਦਾ ਇਸ ਨਾਲ ਪਸੀਨਾ ਪੂੰਝਦਾ ਸੀ, ਇਸ ਨੂੰ ਧੁੱਪ ਤੋਂ ਬਚਾਅ ਲਈ ਸਿਰ ਉੱਤੇ ਬੰਨ੍ਹ ਲੈਂਦਾ ਸੀ ਅਤੇ ਵਿਦਿਆਰਥੀ ਇਸ ਨੂੰ ਆਪਣੀ ਵਰਦੀ ਦਾ ਜ਼ਰੂਰੀ ਹਿੱਸਾ ਮੰਨਦੇ ਸਨ। ਘਰ ਤੋਂ ਬਾਹਰ ਨਿਕਲਦਿਆਂ ਜੇਬ ਵਿੱਚ ਰੁਮਾਲ ਰੱਖਣਾ ਸੁਚੱਜੇ ਵਿਅਕਤੀ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ।
ਧਾਰਮਿਕ ਜੀਵਨ ਵਿੱਚ ਵੀ ਰੁਮਾਲ ਦਾ ਵਿਸ਼ੇਸ਼ ਮਹੱਤਵ ਹੈ। ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਧਾਰਮਿਕ ਅਸਥਾਨਾਂ ਵਿੱਚ ਸਿਰ ਢੱਕਣ ਲਈ ਰੁਮਾਲ ਦੀ ਵਰਤੋਂ ਕੀਤੀ ਜਾਂਦੀ ਹੈ। ਪਵਿੱਤਰ ਗ੍ਰੰਥਾਂ ਨੂੰ ਸਤਿਕਾਰ ਨਾਲ ਢੱਕਣ, ਪ੍ਰਸਾਦ ਜਾਂ ਭੇਟ ਨੂੰ ਸਜਾ ਕੇ ਰੱਖਣ ਅਤੇ ਧਾਰਮਿਕ ਰਸਮਾਂ ਦੌਰਾਨ ਇਸ ਦੀ ਵਰਤੋਂ ਅੱਜ ਵੀ ਆਮ ਹੈ। ਇਸ ਤਰ੍ਹਾਂ ਰੁਮਾਲ ਸ਼ਰਧਾ ਅਤੇ ਨਿਮਰਤਾ ਦਾ ਵੀ ਪ੍ਰਤੀਕ ਬਣ ਜਾਂਦਾ ਹੈ।
ਰੁਮਾਲ ਦਾ ਸੱਭਿਆਚਾਰਕ ਪੱਖ ਇਸ ਨੂੰ ਹੋਰ ਵੀ ਵਿਲੱਖਣ ਬਣਾਉਾਂਦਾਹੈ। ਪੰਜਾਬੀ ਗੀਤ,ਲੋਕ-ਗੀਤਾਂ, ਜਿਵੇਂ ਵਿਦੇਸ਼ ਗਏ ਮਾਹੀਏ ਦੁਆਰਾ ਘਰ ਵਾਲੀ ਨੂੰ ਰੁਮਾਲ ਕੱਢਣ ਲਈ ਦਿੱਤਾ ਗਿਆ
ਕੱਢਣਾ ਰੁਮਾਲ ਦੇ ਗਿਓਂ ਵੇ
ਆਪ ਬਹਿ ਗਿਓਂ ਵਲੈਤ ਵਿੱਚ ਜਾ ਕੇ
ਕੀ ਲੱਭਾ ਬੇਦਰਦਾਂ ਵੇ
ਸਾਡੀ ਅੱਲੜਾਂ ਦੀ ਨੀਂਦ ਗੁਆਕੇ
ਬਾਬਲ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ, ਮਾਈ ਨੇ ਦਿੱਤਾ ਦਰਿਆ ਚਲਾ ।
ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਚਾਅ।
ਲੋਕ ਕਹਾਵਤਾਂ ,ਬੁਝਾਰਤ ਅਤੇ ਲੋਕ-ਕਥਾਵਾਂ ਵਿੱਚ ਰੰਗੀਲੇ ਰੁਮਾਲਾਂ ਦਾ ਜ਼ਿਕਰ ਵਾਰ-ਵਾਰ ਮਿਲਦਾ ਹੈ।
ਜਿਵੇਂ
ਚਾਰੇ ਕੋਨੇ ਮਿਲ ਕੰਮ ਕਰਦੇ ਨੇ ਇੱਕ
ਖੰਗ ਜ਼ੁਕਾਮ ਦਾ ਫਿਰ ਆਵੇ ਨਿੱਛ ।

ਪੰਜਾਬੀ ਟੱਪਿਆਂ ਦੀ ਇੱਕ ਉਦਾਹਰਣ
ਝਾਵਾਂ ਝਾਵਾਂ ਝਾਵਾਂ
ਵੇ ਰੇਲ ਤੈਨੂੰ ਚੜ੍ਹਦੇ ਨੂੰ
ਮੈਂ ਭੱਜ ਕੇ ਰੁਮਾਲ ਫੜਾਵਾਂ

ਪੰਜਾਬੀ ਲੋਕ ਬੋਲੀਆਂ ਵਿੱਚ

ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ
ਨਿੱਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ
ਮੇਰਾ ਤਾਂ ਮੰਦੜਾ ਹਾਲ ਮਾਏ ਮੇਰੀਏ
ਦੱਸ ਕੀਹਦਾ ਕੱਢਾਂ ਰੁਮਾਲ ਮਾਏ ਮੇਰੀਏ।

ਜੇ ਮੁੰਡਿਆ ਮੈਨੂੰ ਨਾਲ ਲੈ ਜਾਣਾ
ਮਾਂ ਦਾ ਡਰ ਤੂੰ ਚੱਕ ਮੁੰਡਿਆ
ਮੈਨੂੰ ਰੇਸ਼ਮੀ ਰੁਮਾਲ ਵਾਂਗੂੰ
ਰੱਖ ਮੁੰਡਿਆ

 ਪ੍ਰੇਮੀ-ਪ੍ਰੇਮਿਕਾ ਇੱਕ-ਦੂਜੇ ਨੂੰ ਰੁਮਾਲ ਭੇਟ ਕਰਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਸਨ। ਕਈ ਥਾਵਾਂ ’ਤੇ ਇਹ ਸ਼ਗਨ ਅਤੇ ਯਾਦਗਾਰ ਵਜੋਂ ਵੀ ਦਿੱਤਾ ਜਾਂਦਾ ਸੀ। ਇੱਕ ਸਾਦਾ ਰੁਮਾਲ ਕਈ ਵਾਰ ਮਹਿੰਗੇ ਤੋਹਫ਼ੇ ਨਾਲੋਂ ਵੱਧ ਭਾਵਨਾਤਮਕ ਮਹੱਤਵ ਰੱਖਦਾ ਸੀ।
ਭਾਰਤ ਦੀ ਲੋਕ-ਕਲਾ ਵਿੱਚ ਚੰਬਾ ਰੁਮਾਲ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਅਤੇ ਕਾਂਗੜਾ ਖੇਤਰ ਵਿੱਚ ਵਿਕਸਿਤ ਇਹ ਕਲਾ ਆਪਣੀ ਨਾਜ਼ੁਕ ਕਢਾਈ ਅਤੇ ਸੁੰਦਰਤਾ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਕਢਾਈ ਦੋਹਾਂ ਪਾਸਿਆਂ ਤੋਂ ਇੱਕੋ ਜਿਹੀ ਦਿਖਾਈ ਦਿੰਦੀ ਹੈ। ਇਸ ਲਈ ਬਹੁਤ ਬਾਰੀਕ ਟਾਂਕੇ ਅਤੇ ਉੱਚ ਦਰਜੇ ਦੀ ਕਾਰੀਗਰੀ ਦੀ ਲੋੜ ਹੁੰਦੀ ਹੈ।
ਚੰਬਾ ਰੁਮਾਲਾਂ ਉੱਤੇ ਰਾਮਾਇਣ, ਮਹਾਭਾਰਤ, ਕ੍ਰਿਸ਼ਨ ਲੀਲਾ, ਰਾਸ, ਫੁੱਲਾਂ, ਪੰਛੀਆਂ ਅਤੇ ਕੁਦਰਤੀ ਦ੍ਰਿਸ਼ਾਂ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਇਆ ਜਾਂਦਾ ਹੈ। ਹਰ ਰੁਮਾਲ ਇੱਕ ਕਲਾਤਮਕ ਚਿੱਤਰ ਵਾਂਗ ਲੱਗਦਾ ਹੈ। ਇਹ ਸਿਰਫ਼ ਕੱਪੜੇ ਦਾ ਟੁਕੜਾ ਨਹੀਂ, ਸਗੋਂ ਲੋਕ-ਸੰਸਕ੍ਰਿਤੀ ਅਤੇ ਕਲਾਤਮਕ ਵਿਰਾਸਤ ਦਾ ਜੀਵੰਤ ਦਸਤਾਵੇਜ਼ ਹੈ।
ਚੰਬਾ ਅਤੇ ਕਾਂਗੜਾ ਦੇ ਇਲਾਕਿਆਂ ਵਿੱਚ ਧੀ ਦੇ ਦਾਜ ਵਿੱਚ ਕਢਾਈਦਾਰ ਰੁਮਾਲ ਦੇਣ ਦੀ ਰਸਮ ਰਹੀ ਹੈ। ਮਾਵਾਂ, ਮਾਸੀਆਂ, ਤਾਈਆਂ ਅਤੇ ਭੁਆਵਾਂ ਆਪਣੀਆਂ ਧੀਆਂ ਲਈ ਮਹੀਨਿਆਂ ਤੱਕ ਮਿਹਨਤ ਕਰਕੇ ਇਹ ਰੁਮਾਲ ਤਿਆਰ ਕਰਦੀਆਂ ਸਨ। ਉਨ੍ਹਾਂ ਲਈ ਇਹ ਸਿਰਫ਼ ਦਾਜ ਦੀ ਵਸਤੂ ਨਹੀਂ, ਸਗੋਂ ਪਿਆਰ, ਅਸੀਸ ਅਤੇ ਪਰਿਵਾਰਕ ਯਾਦਾਂ ਦੀ ਨਿਸ਼ਾਨੀ ਹੁੰਦੀ ਸੀ।
ਇਹ ਕਲਾਤਮਕ ਰੁਮਾਲ ਰੋਜ਼ਾਨਾ ਵਰਤੋਂ ਲਈ ਨਹੀਂ ਬਣਾਏ ਜਾਂਦੇ ਸਨ। ਇਨ੍ਹਾਂ ਨੂੰ ਘਰਾਂ ਦੀ ਸਜਾਵਟ, ਧਾਰਮਿਕ ਸਥਾਨਾਂ, ਸ਼ਗਨ ਦੀਆਂ ਥਾਲੀਆਂ, ਵਿਸ਼ੇਸ਼ ਸਮਾਗਮਾਂ ਅਤੇ ਸਨਮਾਨ-ਚਿੰਨ੍ਹ ਵਜੋਂ ਵਰਤਿਆ ਜਾਂਦਾ ਸੀ। ਕਈ ਵਾਰ ਉੱਚ ਅਹੁਦਿਆਂ ਵਾਲੇ ਮਹਿਮਾਨਾਂ ਨੂੰ ਵੀ ਅਜਿਹੇ ਰੁਮਾਲ ਭੇਟ ਕਰਕੇ ਸਨਮਾਨਿਤ ਕੀਤਾ ਜਾਂਦਾ ਸੀ।
ਪੰਜਾਬ ਦੀ ਫੁਲਕਾਰੀ ਅਤੇ ਚੰਬਾ ਰੁਮਾਲ ਦੋਵੇਂ ਭਾਰਤੀ ਇਸਤਰੀ ਦੀ ਸਿਰਜਣਾਤਮਕਤਾ ਦੇ ਸ਼ਾਨਦਾਰ ਨਮੂਨੇ ਹਨ। ਦੋਹਾਂ ਵਿੱਚ ਧੀਰਜ, ਕਲਾਤਮਕਤਾ ਅਤੇ ਪਰਿਵਾਰਕ ਪਿਆਰ ਦੀ ਝਲਕ ਮਿਲਦੀ ਹੈ। ਫ਼ਰਕ ਸਿਰਫ਼ ਇਹ ਹੈ ਕਿ ਫੁਲਕਾਰੀ ਵੱਡੇ ਕੱਪੜੇ ਉੱਤੇ ਬਣਦੀ ਹੈ, ਜਦਕਿ ਚੰਬਾ ਰੁਮਾਲ ਛੋਟੇ ਆਕਾਰ ਵਿੱਚ ਹੀ ਇੱਕ ਸੰਪੂਰਨ ਚਿੱਤਰਕਲਾ ਪੇਸ਼ ਕਰਦਾ ਹੈ।
ਅੱਜ ਦੇ ਮਸ਼ੀਨੀ ਯੁੱਗ ਨੇ ਇਸ ਪਰੰਪਰਾਗਤ ਕਲਾ ਨੂੰ ਵੱਡੀ ਚੁਣੌਤੀ ਦਿੱਤੀ ਹੈ। ਫੈਕਟਰੀਆਂ ਵਿੱਚ ਬਣੇ ਸਸਤੇ ਅਤੇ ਆਕਰਸ਼ਕ ਰੁਮਾਲਾਂ ਨੇ ਹੱਥ ਦੀ ਕਢਾਈ ਦੀ ਮੰਗ ਘਟਾ ਦਿੱਤੀ ਹੈ। ਸਮੇਂ ਦੀ ਘਾਟ, ਵਧਦੀ ਲਾਗਤ ਅਤੇ ਨਵੀਂ ਪੀੜ੍ਹੀ ਦੀ ਘੱਟ ਦਿਲਚਸਪੀ ਕਾਰਨ ਇਹ ਕਲਾ ਹੌਲੀ-ਹੌਲੀ ਸੀਮਤ ਹੁੰਦੀ ਜਾ ਰਹੀ ਹੈ। ਹੁਣ ਚੰਬਾ ਰੁਮਾਲ ਜ਼ਿਆਦਾਤਰ ਅਜਾਇਬ-ਘਰਾਂ, ਪ੍ਰਦਰਸ਼ਨੀਆਂ ਅਤੇ ਹਸਤ-ਕਲਾ ਕੇਂਦਰਾਂ ਵਿੱਚ ਹੀ ਦੇਖਣ ਨੂੰ ਮਿਲਦਾ ਹੈ।
ਇਸ ਦੇ ਬਾਵਜੂਦ ਉਮੀਦ ਦੀ ਕਿਰਨ ਅਜੇ ਵੀ ਮੌਜੂਦ ਹੈ। ਜੇਕਰ ਸਰਕਾਰਾਂ, ਹਸਤ-ਕਲਾ ਸੰਸਥਾਵਾਂ ਅਤੇ ਸਿੱਖਿਆ ਸੰਸਥਾਵਾਂ ਮਿਲ ਕੇ ਇਸ ਕਲਾ ਨੂੰ ਹੌਸਲਾ ਦੇਣ, ਨੌਜਵਾਨਾਂ ਨੂੰ ਸਿਖਲਾਈ ਦੇਣ ਅਤੇ ਇਸ ਨੂੰ ਵਿਸ਼ਵ ਬਾਜ਼ਾਰ ਨਾਲ ਜੋੜਣ ਤਾਂ ਚੰਬਾ ਰੁਮਾਲ ਅਤੇ ਇਸ ਵਰਗੀਆਂ ਲੋਕ-ਕਲਾਵਾਂ ਮੁੜ ਆਪਣਾ ਪੁਰਾਣਾ ਮਾਣ ਹਾਸਲ ਕਰ ਸਕਦੀਆਂ ਹਨ।
ਨਿੱਜੀ ਸਫ਼ਾਈ ਦੇ ਪੱਖੋਂ ਵੀ ਰੁਮਾਲ ਦੀ ਸਹੀ ਵਰਤੋਂ ਬਹੁਤ ਜ਼ਰੂਰੀ ਹੈ। ਸਾਫ਼ ਰੁਮਾਲ ਸਿਹਤ ਲਈ ਲਾਭਦਾਇਕ ਹੈ, ਜਦਕਿ ਗੰਦਾ ਰੁਮਾਲ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਇਸ ਨੂੰ ਨਿਯਮਿਤ ਧੋਣਾ ਅਤੇ ਕਿਸੇ ਹੋਰ ਨਾਲ ਸਾਂਝਾ ਨਾ ਕਰਨਾ ਇੱਕ ਚੰਗੀ ਆਦਤ ਹੈ। ਇਸ ਤੋਂ ਇਲਾਵਾ ਕੱਪੜੇ ਦਾ ਰੁਮਾਲ ਵਾਤਾਵਰਨ ਪੱਖੋਂ ਵੀ ਲਾਭਦਾਇਕ ਹੈ, ਕਿਉਂਕਿ ਇਸ ਨੂੰ ਵਾਰ-ਵਾਰ ਧੋ ਕੇ ਵਰਤਿਆ ਜਾ ਸਕਦਾ ਹੈ ਅਤੇ ਇਸ ਨਾਲ ਕਾਗਜ਼ੀ ਟਿਸ਼ੂਆਂ ਦਾ ਕੂੜਾ ਘਟਦਾ ਹੈ।
ਰੁਮਾਲ ਦੀ ਮਹੱਤਤਾ ਇਸ ਦੀ ਵਰਤੋਂ ਨਾਲੋਂ ਕਿਤੇ ਵੱਧ ਹੈ। ਇਹ ਸਾਡੇ ਸਮਾਜ ਦੀ ਸਫ਼ਾਈ-ਸੰਸਕ੍ਰਿਤੀ, ਲੋਕ-ਕਲਾ, ਪਰਿਵਾਰਕ ਪਿਆਰ, ਧਾਰਮਿਕ ਵਿਸ਼ਵਾਸ ਅਤੇ ਸੁਚੱਜੇ ਜੀਵਨ ਦਾ ਪ੍ਰਤੀਕ ਹੈ। ਭਾਵੇਂ ਆਧੁਨਿਕ ਜੀਵਨ ਵਿੱਚ ਇਸ ਦਾ ਰੂਪ ਬਦਲ ਗਿਆ ਹੋਵੇ, ਪਰ ਇਸ ਨਾਲ ਜੁੜੀਆਂ ਪਰੰਪਰਾਵਾਂ ਅਤੇ ਕਲਾਤਮਕ ਵਿਰਾਸਤ ਨੂੰ ਸੰਭਾਲਣਾ ਸਾਡੀ ਸੱਭਿਆਚਾਰਕ ਜ਼ਿੰਮੇਵਾਰੀ ਹੈ। ਇੱਕ ਛੋਟਾ ਜਿਹਾ ਰੁਮਾਲ ਸਾਨੂੰ ਇਹ ਸਿਖਾਉਾਂਦਾਹੈ ਕਿ ਜੀਵਨ ਦੀਆਂ ਸਭ ਤੋਂ ਸਧਾਰਨ ਵਸਤੂਆਂ ਵੀ ਇਤਿਹਾਸ, ਸੱਭਿਆਚਾਰ ਅਤੇ ਮਨੁੱਖੀ ਭਾਵਨਾਵਾਂ ਦਾ ਅਮੁੱਲਾ ਖ਼ਜ਼ਾਨਾ ਆਪਣੇ ਅੰਦਰ ਸਮੇਟ ਸਕਦੀਆਂ ਹਨ।
ਲਾਡੀ ਜਗਤਾਰ ਮਾਨਸਾ