ਅੱਲ੍ਹੜ ਮੁੰਡਿਆਂ ਵਿੱਚ ਵਧ ਰਿਹਾ ਸਰੀਰਕ ਦਿੱਖ ਦਾ ਦਬਾਅ, ਮਾਹਿਰਾਂ ਵੱਲੋਂ ਮਾਪਿਆਂ ਤੇ ਕੋਚਾਂ ਨੂੰ ਚੌਕਸ ਰਹਿਣ ਦੀ ਸਲਾਹ
ਖਾਸ ਖ਼ਬਰ
ਅਜੋਕੇ ਡਿਜੀਟਲ ਅਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਨੌਜਵਾਨਾਂ ਅੰਦਰ ਸਰੀਰਕ ਦਿੱਖ, ਖ਼ਾਸ ਕਰਕੇ ਵੱਡੀਆਂ ਮਾਸਪੇਸ਼ੀਆਂ ਅਤੇ ਭਾਰੇ ਡੌਲਿਆਂ ਨੂੰ ਵਿਕਸਿਤ ਕਰਨ ਦੀ ਅੰਨ੍ਹੀ ਦੌੜ ਇੱਕ ਗੰਭੀਰ ਸਮਾਜਿਕ ਅਤੇ ਸਿਹਤ ਸੰਕਟ ਵਜੋਂ ਉੱਭਰ ਰਹੀ ਹੈ। ਦਹਾਕਿਆਂ ਤੋਂ ਸਮਾਜ ਵਿੱਚ ਇਹ ਧਾਰਨਾ ਰਹੀ ਹੈ ਕਿ ਸਰੀਰਕ ਬਣਤਰ ਜਾਂ ਖਾਣ-ਪੀਣ ਨਾਲ ਜੁੜੇ ਵਿਗਾੜ (ਜਿਵੇਂ ਐਨੋਰੈਕਸੀਆ ਜਾਂ ਬੁਲੀਮੀਆ) ਸਿਰਫ਼ ਲੜਕੀਆਂ ਜਾਂ ਮੁਟਿਆਰਾਂ ਤੱਕ ਹੀ ਸੀਮਤ ਹੁੰਦੇ ਹਨ, ਜਿੱਥੇ ਪਤਲੇ ਦਿਖਣ ਦਾ ਦਬਾਅ ਹੁੰਦਾ ਹੈ। ਪਰ ਮੌਜੂਦਾ ਸਮੇਂ ਦੀ ਹਕੀਕਤ ਇਸ ਤੋਂ ਬਿਲਕੁਲ ਉਲਟ ਅਤੇ ਚਿੰਤਾਜਨਕ ਹੈ। ਅੱਜ ਕਿਸ਼ੋਰ ਅਤੇ ਨੌਜਵਾਨ ਮੁੰਡੇ ਖ਼ਤਰਨਾਕ ਦਬਾਅ ਦੀ ਲਪੇਟ ਵਿੱਚ ਆ ਰਹੇ ਹਨ, ਜਿੱਥੇ ਉਨ੍ਹਾਂ ਦੀ ਮਰਦਾਨਗੀ, ਸਮਾਜਿਕ ਸਵੀਕਾਰਤਾ ਅਤੇ ਸਵੈ-ਮਾਣ ਨੂੰ ਕੇਵਲ ਸਰੀਰ ਦੇ ਆਕਾਰ ਅਤੇ ਮਾਸਪੇਸ਼ੀਆਂ ਦੀ ਮਜ਼ਬੂਤੀ ਨਾਲ ਤੋਲਿਆ ਜਾ ਰਿਹਾ ਹੈ।
ਇਸ ਪੂਰੇ ਵਰਤਾਰੇ ਦੀ ਜੜ੍ਹ 1970 ਅਤੇ 80 ਦੇ ਦਹਾਕੇ ਦੇ ਉਸ ਸਿਨੇਮਾਈ ਸੱਭਿਆਚਾਰ ਵਿੱਚ ਪਈ ਹੈ ਜਿੱਥੇ ਆਰਨੋਲਡ ਸ਼ਵਾਰਜ਼ਨੇਗਰ ਅਤੇ ਸਿਲਵੇਸਟਰ ਸਟੈਲੋਨ ਵਰਗੇ ਸਿਤਾਰਿਆਂ ਨੇ ‘ਅਤਿ-ਮਾਸਪੇਸ਼ੀਦਾਰ’ ਸਰੀਰ ਨੂੰ ਹੀ ਅਸਲ ਮਰਦਾਨਗੀ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ। ਪਰ ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੇ ਐਲਗੋਰਿਦਮ ਅਤੇ ਅਖੌਤੀ ‘ਮੈਨੋਸਫੀਅਰ’ ਨੇ ਇਸ ਰੁਝਾਨ ਨੂੰ ਅੱਗ ਵਾਂਗ ਫੈਲਾ ਦਿੱਤਾ ਹੈ। ਇੰਸਟਾਗ੍ਰਾਮ, ਟਿਕਟੌਕ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ’ਤੇ ਲੱਖਾਂ ਫਾਲੋਅਰਜ਼ ਵਾਲੇ ਅਣ-ਪ੍ਰਮਾਣਿਤ ਫਿਟਨੈਸ ਇਨਫਲੂਐਂਸਰ ਨੌਜਵਾਨਾਂ ਨੂੰ ਇਹ ਭਰਮ ਵੇਚ ਰਹੇ ਹਨ ਕਿ ਵੱਡੀਆਂ ਮਾਸਪੇਸ਼ੀਆਂ ਹੀ ਤਾਕਤ, ਇੱਜ਼ਤ, ਪ੍ਰਸਿੱਧੀ ਅਤੇ ਔਰਤਾਂ ਦਾ ਧਿਆਨ ਖਿੱਚਣ ਦਾ ਇੱਕੋ-ਇੱਕ ਜ਼ਰੀਆ ਹਨ।
ਦੁੱਖ ਦੀ ਗੱਲ ਇਹ ਹੈ ਕਿ 10 ਤੋਂ 15 ਸਾਲ ਦੀ ਉਮਰ ਦੇ ਮਾਸੂਮ ਅਤੇ ਸੰਵੇਦਨਸ਼ੀਲ ਬੱਚੇ ਵਿਗਿਆਨਕ ਡਾਕਟਰੀ ਸਲਾਹਾਂ ਨੂੰ ਛੱਡ ਕੇ ਇਨ੍ਹਾਂ ਨਕਲੀ ਅਤੇ ਫਿਲਟਰ ਕੀਤੇ ਇਨਫਲੂਐਂਸਰਾਂ ਦੇ ਪ੍ਰਭਾਵ ਹੇਠ ਆ ਕੇ ਆਪਣੇ ਸਰੀਰ ਨਾਲ ਇੱਕ ਗੈਰ-ਕੁਦਰਤੀ ਚੱਕਰ ਵਿੱਚ ਫਸ ਗਏ ਹਨ।
ਇਸ ਮਾਨਸਿਕ ਵਿਗਾੜ ਨੂੰ ਮਨੋਵਿਗਿਆਨ ਦੀ ਭਾਸ਼ਾ ਵਿੱਚ ਮਸਲ ਡਿਸਮੌਰਫੀਆ ਜਾਂ ਬਿੱਗੋਰੈਕਸੀਆ ਕਿਹਾ ਜਾਂਦਾ ਹੈ। ਇਹ ਇੱਕ ਅਜਿਹੀ ਹਾਲਤ ਹੈ ਜਿੱਥੇ ਇੱਕ ਨੌਜਵਾਨ ਦਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਅਤੇ ਵਿਕਸਿਤ ਹੋਣ ਦੇ ਬਾਵਜੂਦ, ਸ਼ੀਸ਼ੇ ਵਿੱਚ ਦੇਖਣ ’ਤੇ ਉਹ ਖ਼ੁਦ ਨੂੰ ਕਮਜ਼ੋਰ, ਪਤਲਾ ਅਤੇ ਅਧੂਰਾ ਹੀ ਮਹਿਸੂਸ ਕਰਦਾ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਾਡਾ ਸਮਾਜ ਇਸ ਬਿਮਾਰੀ ਨੂੰ ਸਮਝਣ ਵਿੱਚ ਅਸਫ਼ਲ ਰਹਿੰਦਾ ਹੈ। ਜਦੋਂ ਕੋਈ ਨੌਜਵਾਨ ਦਿਨ-ਰਾਤ ਜਿਮ ਵਿੱਚ ਪਸੀਨਾ ਵਹਾਉਂਦਾ ਹੈ, ਤਾਂ ਲੋਕ ਇਸ ਨੂੰ ਮਾਨਸਿਕ ਤਣਾਅ ਸਮਝਣ ਦੀ ਬਜਾਏ ਉਸ ਦੇ ‘ਅਨੁਸ਼ਾਸਨ’ ਅਤੇ ‘ਮਜ਼ਬੂਤ ਇੱਛਾ-ਸ਼ਕਤੀ’ ਦੀ ਤਾਰੀਫ਼ ਕਰਦੇ ਹਨ। ਸਮਾਜਿਕ ਪ੍ਰਸ਼ੰਸਾ ਦੀ ਲਪੇਟ ਵਿੱਚ ਆਇਆ ਨੌਜਵਾਨ ਬਿਮਾਰੀਆਂ ਵਿਚ ਘਿਰ ਜਾਂਦਾ ਹੈ।
ਡਾ. ਰੌਬਰਟ ਓਲੀਵਾਰਡੀਆ ਅਮਰੀਕਾ ਦੇ ਇੱਕ ਪ੍ਰਸਿੱਧ ਕਲੀਨਿਕਲ ਮਨੋਵਿਗਿਆਨੀ, ਖੋਜਕਰਤਾ ਅਤੇ ਲੇਖਕ ਹਨ। ਉਹ ਹਾਰਵਰਡ ਮੈਡੀਕਲ ਸਕੂਲ ਦੇ ਮਨੋਵਿਗਿਆਨ ਵਿਭਾਗ ਵਿੱਚ ਕਲੀਨਿਕਲ ਇੰਸਟ੍ਰਕਟਰ ਵਜੋਂ ਸੇਵਾ ਨਿਭਾ ਰਹੇ ਹਨ। ਉਹ ਪਿਛਲੇ 30 ਸਾਲਾਂ ਤੋਂ ਸਰੀਰਕ ਦਿੱਖ ਨਾਲ ਜੁੜੇ ਵਿਗਾੜਾਂ ’ਤੇ ਅਧਿਐਨ ਕਰ ਰਹੇ ਹਨ ਅਤੇ ਉਨ੍ਹਾਂ ਨੇ ‘ਦੀ ਐਡੋਨਿਸ ਕੌਂਪਲੈਕਸ’ ਨਾਮ ਦੀ ਕਿਤਾਬ ਵੀ ਲਿਖੀ ਹੈ। ਉਨ੍ਹਾਂ ਦੀ ਰਾਇ ਹੈ ਕਿ ਮੁੰਡਿਆਂ ਵਿੱਚ ਇਹ ਭੁਲੇਖਾ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਉਹ ਬਹੁਤ ਪਤਲੇ ਜਾਂ ਕਮਜ਼ੋਰ ਹਨ, ਜਦਕਿ ਅਸਲ ਵਿੱਚ ਉਨ੍ਹਾਂ ਦੀਆਂ ਮਾਸਪੇਸ਼ੀਆਂ ਕਾਫ਼ੀ ਵਿਕਸਿਤ ਹੁੰਦੀਆਂ ਹਨ। ਉਹ ਹਮੇਸ਼ਾ ਇਸ ਡਰ ਵਿੱਚ ਰਹਿੰਦੇ ਹਨ ਕਿ ਅਗਲੇ ਦਿਨ ਉਹ ਅਚਾਨਕ ਛੋਟੇ ਜਾਂ ਕਮਜ਼ੋਰ ਦਿਸਣ ਲੱਗ ਪੈਣਗੇ। ਸੋਸ਼ਲ ਮੀਡੀਆ ’ਤੇ ਬਿਨਾਂ ਕਿਸੇ ਵਿਗਿਆਨਕ ਆਧਾਰ ਦੇ ਗ਼ਲਤ ਸਲਾਹਾਂ ਦੇਣ ਵਾਲੇ ਇਨਫਲੂਐਂਸਰਾਂ ਕਾਰਨ ਹੁਣ 10 ਸਾਲ ਤੱਕ ਦੇ ਛੋਟੇ ਬੱਚੇ ਵੀ ਆਪਣੇ ਸਰੀਰ ਨੂੰ ਲੈ ਕੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਜ ਕੁੜੀਆਂ ਦੇ ਪਤਲੇ ਹੋਣ ਦੇ ਵਿਗਾੜ (ਐਨੋਰੈਕਸੀਆ) ਨੂੰ ਤਾਂ ਪਛਾਣ ਲੈਂਦਾ ਹੈ, ਪਰ ਮੁੰਡਿਆਂ ਦੇ ਇਸ ਜਨੂੰਨ ਨੂੰ ‘ਅਨੁਸ਼ਾਸਨ’ ਅਤੇ ‘ਇੱਛਾ-ਸ਼ਕਤੀ’ ਸਮਝ ਕੇ ਤਾਰੀਫ਼ ਕਰਦਾ ਹੈ, ਜੋ ਕਿ ਇੱਕ ਗੰਭੀਰ ਭੁੱਲ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਦਿਨ ਵਿੱਚ ਪੰਜ-ਛੇ ਘੰਟੇ ਭਾਰ ਚੁੱਕਣਾ ਸਰੀਰਕ ਅਤੇ ਮਾਨਸਿਕ ਥਕਾਵਟ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ, ਤੇਜ਼ੀ ਨਾਲ ਸਰੀਰ ਬਣਾਉਣ ਲਈ ਸਟੀਰੌਇਡਜ਼ ਅਤੇ ਦਰਦ ਤੋਂ ਰਾਹਤ ਲਈ ਨਸ਼ੀਲੀਆਂ ਦਰਦ ਨਿਵਾਰਕ ਦਵਾਈਆਂ (ਓਪਿਓਇਡਜ਼) ਲੈਣ ਦੀ ਲਤ ਲੱਗ ਰਹੀ ਹੈ।
ਕਸਰਤ ਕਰਨਾ ਅਤੇ ਚੰਗੀ ਖੁਰਾਕ ਲੈਣਾ ਚੰਗੀ ਗੱਲ ਹੈ, ਪਰ ਇੱਕ ਘੰਟੇ ਦੀ ਥਾਂ ਦਸ ਘੰਟੇ ਕਸਰਤ ਕਰਨਾ ਸਿਹਤ ਲਈ ਨੁਕਸਾਨਦੇਹ ਹੈ। ਮਾਪਿਆਂ ਅਤੇ ਕੋਚਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕੀ ਕਸਰਤ ਦਾ ਇਹ ਜਨੂੰਨ ਨੌਜਵਾਨ ਦੀ ਪੜ੍ਹਾਈ ਅਤੇ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਤਾਂ ਨਹੀਂ ਕਰ ਰਿਹਾ।ਇਸ ਤੋਂ ਇਲਾਵਾ, ਹੱਦੋਂ ਵੱਧ ਕਸਰਤ ਕਾਰਨ ਹੋਣ ਵਾਲੇ ਅਸਹਿ ਸਰੀਰਕ ਦਰਦ ਨੂੰ ਦਬਾਉਣ ਲਈ ਓਪੀਓਇਡ (ਦਰਦ ਨਿਵਾਰਕ ਨਸ਼ੀਲੀਆਂ ਦਵਾਈਆਂ) ਦੀ ਲਤ ਲੱਗਣ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਇਹ ਗੈਰ-ਕੁਦਰਤੀ ਤਰੀਕੇ ਨੌਜਵਾਨਾਂ ਦੇ ਗੁਰਦਿਆਂ, ਲਿਵਰ, ਦਿਲ ਦੇ ਦੌਰੇ ਅਤੇ ਮਾਨਸਿਕ ਡਿਪਰੈਸ਼ਨ ਦਾ ਕਾਰਨ ਬਣ ਰਹੇ ਹਨ। ਮਸਲ ਡਿਸਮੌਰਫੀਆ ਤੋਂ ਪੀੜਤ ਵਿਅਕਤੀ ਆਪਣੇ ਸਰੀਰ ਨੂੰ ਲੈ ਕੇ ਲਗਾਤਾਰ ਹੀਣ-ਭਾਵਨਾ, ਇਕੱਲੇਪਣ ਅਤੇ ਮਾਨਸਿਕ ਤਣਾਅ ਵਿੱਚ ਰਹਿੰਦਾ ਹੈ। ਜਦੋਂ ਮਨਚਾਹੇ ਨਤੀਜੇ ਨਹੀਂ ਮਿਲਦੇ ਜਾਂ ਸਟੀਰੌਇਡਜ਼ ਛੱਡਣ ਤੋਂ ਬਾਅਦ ਸਰੀਰ ਦਾ ਆਕਾਰ ਘਟਣ ਲੱਗਦਾ ਹੈ, ਤਾਂ ਹਾਰਮੋਨਲ ਅਸੰਤੁਲਨ ਕਾਰਨ ਗੰਭੀਰ ਡਿਪਰੈਸ਼ਨ ਪੈਦਾ ਹੁੰਦਾ ਹੈ, ਜੋ ਕਈ ਵਾਰ ਖ਼ੁਦਕੁਸ਼ੀ ਵਰਗੇ ਕਦਮਾਂ ਵੱਲ ਲੈ ਜਾਂਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਪੋਰਟਸ ਮੈਡੀਸਨ ਅਤੇ ਫਿਜ਼ੀਓਥੈਰੇਪੀ ਵਿਭਾਗ ਦੇ ਮਾਹਿਰਾਂ ਵੱਲੋਂ ਕੀਤੇ ਗਏ ਇੱਕ ਵਿਸ਼ੇਸ਼ ਅਧਿਐਨ ਮੁਤਾਬਕ ਲਗਭਗ 47 ਫ਼ੀਸਦੀ ਭਾਰਤੀ ਬਾਡੀਬਿਲਡਰ ਇਸ ਮਾਨਸਿਕ ਸਮੱਸਿਆ ਦੇ ਲੱਛਣਾਂ ਨਾਲ ਜੂਝ ਰਹੇ ਹਨ। ਇਹ ਖੋਜ ਡਾ. ਜਸਪਾਲ ਸਿੰਘ ਸੰਧੂ, ਸਾਈਂ ਕਿਸ਼ੋਰ, ਸ਼ਵੇਤਾ ਸ਼ੇਨੋਏ ਅਤੇ ਹਰਵਿੰਦਰ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਹੈ, ਜੋ ਕਿ ਜਰਨਲ ਆਫ਼ ਪੋਸਟ ਗ੍ਰੈਜੂਏਟ ਮੈਡੀਸਨ ਐਜੂਕੇਸ਼ਨ ਐਂਡ ਰਿਸਰਚ ਵਿੱਚ ਪ੍ਰਕਾਸ਼ਿਤ ਹੋਈ ਹੈ।
ਖੋਜ ਦੌਰਾਨ ਅੰਮ੍ਰਿਤਸਰ (ਪੰਜਾਬ) ਦੇ 149 ਅਤੇ ਚੇਨਈ (ਤਾਮਿਲਨਾਡੂ) ਦੇ 63 ਸਮੇਤ ਕੁੱਲ 212 ਬਾਡੀਬਿਲਡਰਾਂ ਦੇ ਡਾਟਾ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 47.1 ਫ਼ੀਸਦੀ ਬਾਡੀਬਿਲਡਰਾਂ ਵਿੱਚ ਮਸਲ ਡਿਸਮੌਰਫੀਆ ਦੇ ਲੱਛਣ ਪਾਏ ਗਏ।
ਆਸਟਰੀਆ ਦੀ ਕੰਪਿਊਟਰਾਈਜ਼ਡ ਵਿਆਨਾ ਟੈਸਟਿੰਗ ਸਿਸਟਮ ਮਸ਼ੀਨ ਰਾਹੀਂ ਕੀਤੇ ਮਨੋਵਿਗਿਆਨਕ ਵਿਸ਼ਲੇਸ਼ਣ ਤੋਂ ਸਾਹਮਣੇ ਆਇਆ ਕਿ ਮਸਲ ਡਿਸਮੌਰਫੀਆ ਤੋਂ ਪੀੜਤ 65 ਫ਼ੀਸਦੀ ਬਾਡੀਬਿਲਡਰ ‘ਐਕਸਟ੍ਰੋਵਰਟ’ (ਬਾਹਰਮੁਖੀ/ਮਿਲਣਸਾਰ) ਸ਼ਖ਼ਸੀਅਤ ਵਾਲੇ ਸਨ। ਇਸ ਤੋਂ ਇਲਾਵਾ 21 ਫ਼ੀਸਦੀ ਭਾਵਨਾਤਮਕ ਅਤੇ 13 ਫ਼ੀਸਦੀ ਸਾਹਸੀ ਸੁਭਾਅ ਵਾਲੇ ਪਾਏ ਗਏ।
ਅਧਿਐਨ ਵਿੱਚ ਇਹ ਸਿੱਧ ਹੋਇਆ ਕਿ ਬਾਹਰਮੁਖੀ ਸੁਭਾਅ ਵਾਲੇ ਬਾਡੀਬਿਲਡਰ ਕਸਰਤ ਦੌਰਾਨ ਤਾਕਤ ਵਧਾਉਣ ਲਈ ਖ਼ੁਰਾਕੀ ਸਪਲੀਮੈਂਟਾਂ ਦੀ ਵਰਤੋਂ ਵੱਲ ਜ਼ਿਆਦਾ ਝੁਕਾਅ ਰੱਖਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਮਾਪੇ, ਸਕੂਲ, ਅਧਿਆਪਕ ਅਤੇ ਜਿਮ ਟ੍ਰੇਨਰ ਇਸ ਅਦਿੱਖ ਖ਼ਤਰੇ ਦੀ ਗੰਭੀਰਤਾ ਨੂੰ ਸਮਝਣ। ਜੇਕਰ ਕੋਈ ਬੱਚਾ ਆਪਣੀ ਸਰੀਰਕ ਬਣਤਰ ਨੂੰ ਲੈ ਕੇ ਲਗਾਤਾਰ ਹੀਣ-ਭਾਵਨਾ ਦਾ ਸ਼ਿਕਾਰ ਹੈ, ਆਮ ਨਾਲੋਂ ਵੱਧ ਸਮਾਂ ਜਿਮ ਵਿੱਚ ਬਿਤਾ ਰਿਹਾ ਹੈ ਜਾਂ ਉਸ ਦੀ ਖੁਰਾਕ ਅਸੰਤੁਲਿਤ ਹੋ ਰਹੀ ਹੈ, ਤਾਂ ਉਸ ਨੂੰ ਡਾਂਟਣ ਜਾਂ ਨਜ਼ਰਅੰਦਾਜ਼ ਕਰਨ ਦੀ ਬਜਾਏ ਉਸ ਨਾਲ ਖੁੱਲ੍ਹ ਕੇ ਸੰਵਾਦ ਰਚਾਉਣ ਦੀ ਲੋੜ ਹੈ। ਨੌਜਵਾਨਾਂ ਨੂੰ ਇਹ ਗੱਲ ਦ੍ਰਿੜ੍ਹ ਕਰਵਾਉਣੀ ਪਵੇਗੀ ਕਿ ਸਰੀਰਕ ਤੰਦਰੁਸਤੀ ਦਾ ਮਤਲਬ ਮਹਿਜ਼ ਕੈਮਰੇ ਅੱਗੇ ਡੌਲੇ ਵਿਖਾਉਣਾ ਨਹੀਂ, ਸਗੋਂ ਅੰਦਰੂਨੀ ਨਰੋਆਪਣ, ਪੌਸ਼ਟਿਕ ਖੁਰਾਕ, ਪੂਰੀ ਨੀਂਦ ਅਤੇ ਮਾਨਸਿਕ ਸ਼ਾਂਤੀ ਹੈ। ਜੇਕਰ ਅਸੀਂ ਅੱਜ ਆਪਣੀ ਨੌਜਵਾਨ ਪੀੜ੍ਹੀ ਨੂੰ ਦਿੱਖ ਦੇ ਇਸ ਝੂਠੇ ਜਾਲ ਵਿੱਚੋਂ ਬਾਹਰ ਨਾ ਕੱਢਿਆ, ਤਾਂ ਅਸੀਂ ਸਰੀਰਕ ਤੌਰ ’ਤੇ ਵਿਸ਼ਾਲ ਪਰ ਮਾਨਸਿਕ ਤੌਰ ’ਤੇ ਟੁੱਟੀ ਹੋਈ ਇੱਕ ਬਿਮਾਰ ਪੀੜ੍ਹੀ ਦੀ ਸਿਰਜਣਾ ਕਰ ਬੈਠਾਂਗੇ।











Comments (0)