ਵਰਲਡ ਵਾਰ-2 ਵਰਗੀ ਤਾਕਤ ਦੀ ਧਮਕੀ ਦੇ ਕੇ ਅਮਰੀਕਾ ਨੇ ਇਰਾਨ ’ਤੇ ਨਵੇਂ ਹਮਲੇ ਰੋਕੇ
ਮੱਧ ਪੂਰਬ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗੀ ਖਿੱਚੋਤਾਣ ਨੇ ਪੂਰੀ ਦੁਨੀਆ ਨੂੰ ਇੱਕ ਅਜਿਹੇ ਮੋੜ ’ਤੇ ਲਿਆ ਖੜ੍ਹਾ ਕਰ ਦਿੱਤਾ ਹੈ, ਜਿੱਥੋਂ ਛੋਟੀ ਜਿਹੀ ਭੁੱਲ ਵੀ ਤੀਜੇ ਵਿਸ਼ਵ ਯੁੱਧ ਦਾ ਰੂਪ ਧਾਰਨ ਕਰ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਰਾਨ ਉੱਤੇ ਵੱਡੇ ਫ਼ੌਜੀ ਹਮਲੇ ਦੀ ਚਿਤਾਵਨੀ ਦੇਣ ਤੋਂ ਤੁਰੰਤ ਬਾਅਦ ਅਚਾਨਕ ਕਾਰਵਾਈ ਰੋਕਣ ਦੇ ਐਲਾਨ ਨੇ ਦੁਨੀਆ ਭਰ ਦੇ ਕੂਟਨੀਤਕ ਹਲਕਿਆਂ ਨੂੰ ਹੈਰਾਨ ਕਰ ਦਿੱਤਾ ਹੈ। ਟਰੰਪ ਦਾ ਦਾਅਵਾ ਹੈ ਕਿ ਅਮਰੀਕਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਸਭ ਤੋਂ ਬੇਮਿਸਾਲ ਅਤੇ ਵਿਨਾਸ਼ਕਾਰੀ ਫੌਜੀ ਤਾਕਤ ਨਾਲ ਹਮਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਹਾਲਾਂਕਿ, ਉਨ੍ਹਾਂ ਅਨੁਸਾਰ ਇਰਾਨ ਅਤੇ ਮੱਧ ਪੂਰਬ ਦੇ ਹੋਰ ਗੁਆਂਢੀ ਦੇਸ਼ਾਂ ਵਲੋਂ ਆਈਆਂ ਬੇਨਤੀਆਂ ਤੋਂ ਬਾਅਦ ਅੰਤਰਰਾਸ਼ਟਰੀ ਸ਼ਾਂਤੀ ਅਤੇ ‘ਦੁਨੀਆ ਦੀ ਭਲਾਈ’ ਦੇ ਨਾਂਅ ’ਤੇ ਇਸ ਹਮਲੇ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਵਾਸਤਵ ਵਿੱਚ ਸ਼ਾਂਤੀ ਵੱਲ ਵਧਾਇਆ ਗਿਆ ਕਦਮ ਹੈ ਜਾਂ ਫਿਰ ਕੇਵਲ ਇੱਕ ਅਸਥਾਈ ਨੀਤੀ?
ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਦੀ ਅਸਲ ਰਣਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਟਰੰਪ ਵੱਲੋਂ ਜੰਗ ਰੋਕਣ ਦਾ ਬਹਾਨਾ ਭਾਵੇਂ ਇੱਕ ਨਵੇਂ ਸਮਝੌਤੇ ਦੀ ਗੱਲ ਦੱਸਿਆ ਜਾ ਰਿਹਾ ਹੈ, ਪਰ ਇਸ ਦੇ ਪਿੱਛੇ ਖੇਤਰੀ ਦੇਸ਼ਾਂ ਦਾ ਭਾਰੀ ਦਬਾਅ ਸ਼ਾਮਲ ਹੈ। ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਸਮੇਤ ਕਈ ਅਰਬ ਦੇਸ਼ਾਂ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਸੀ ਕਿ ਇਰਾਨ ’ਤੇ ਹੋਰ ਹਮਲੇ ਪੂਰੇ ਖੇਤਰ ਨੂੰ ਅੱਗ ਦੀ ਲਪੇਟ ਵਿੱਚ ਲੈ ਸਕਦੇ ਹਨ। ਇਸ ਤੋਂ ਇਲਾਵਾ, ਅਮਰੀਕਾ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਗਲੋਬਲ ਆਰਥਿਕ ਮੰਦੀ ਦਾ ਡਰ ਵੀ ਇਸ ਫੈਸਲੇ ਦਾ ਵੱਡਾ ਕਾਰਨ ਬਣਿਆ।
ਹਾਲਾਂਕਿ, ਟਰੰਪ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜੰਗ ਦਾ ਖਤਰਾ ਅਜੇ ਖ਼ਤਮ ਨਹੀਂ ਹੋਇਆ। ਜੇਕਰ ਇਰਾਨ ਨਾਲ ਅਮਰੀਕਾ ਦੀਆਂ ਸ਼ਰਤਾਂ ਮੁਤਾਬਕ ਤੁਰੰਤ ਕੋਈ ਠੋਸ ਸਮਝੌਤਾ ਨਹੀਂ ਹੁੰਦਾ, ਤਾਂ ਅਮਰੀਕੀ ਫੌਜ ਦੁਬਾਰਾ ਹਮਲਾ ਕਰ ਸਕਦੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਦਾਅਵਾ ਕੀਤਾ ਹੈ ਕਿ ਅਮਰੀਕੀ ਹਮਲਿਆਂ ਨੇ ਈਰਾਨੀ ਫੌਜ ਅਤੇ ਪ੍ਰਮਾਣੂ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਇਰਾਨ ਹੁਣ ਗੱਲਬਾਤ ਦੀ ਮੇਜ਼ ’ਤੇ ਆਉਣ ਲਈ ਮਜ਼ਬੂਰ ਹੋਇਆ ਹੈ।
ਅਮਰੀਕੀ ਦਾਅਵਿਆਂ ਨਾਲੋਂ ਬਿਲਕੁਲ ਉਲਟ ਨਜ਼ਰ ਆਉਂਦਾ ਹੈ। ਇਰਾਨੀ ਸਰਕਾਰੀ ਮੀਡੀਆ ਨੇ ਟਰੰਪ ਦੇ ਇਸ ਫੈਸਲੇ ਨੂੰ ਅਮਰੀਕਾ ਦੀ ਪਿੱਛੇ ਹਟਣ ਦੀ ਮਜ਼ਬੂਰੀ ਦੱਸਿਆ ਹੈ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਗੁਆਂਢੀ ਦੇਸ਼ਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਰਾਨ ਕਿਸੇ ਵੀ ਅਮਰੀਕੀ ਜਾਂ ਇਜ਼ਰਾਇਲੀ ਹਮਲੇ ਦਾ ‘ਅੱਖ ਦੇ ਬਦਲੇ ਅੱਖ’ ਦੀ ਨੀਤੀ ਤਹਿਤ ਢੁਕਵਾਂ ਅਤੇ ਮੂੰਹ ਤੋੜ ਜਵਾਬ ਦੇਵੇਗਾ। ਇਰਾਨ ਨੇ ਉਨ੍ਹਾਂ ਅਰਬ ਦੇਸ਼ਾਂ ਨੂੰ ਵੀ ਖੁੱਲ੍ਹੀ ਚਿਤਾਵਨੀ ਦਿੱਤੀ ਹੈ ਜੋ ਆਪਣੇ ਖੇਤਰ ਵਿੱਚ ਅਮਰੀਕੀ ਫੌਜੀ ਅੱਡਿਆਂ ਨੂੰ ਜਗ੍ਹਾ ਦਿੰਦੇ ਹਨ, ਕਿ ਜੇਕਰ ਅਮਰੀਕਾ ਨੇ ਉੱਥੋਂ ਕੋਈ ਹਮਲਾ ਕੀਤਾ ਤਾਂ ਉਹ ਦੇਸ਼ ਵੀ ਜੰਗ ਦੀ ਅੱਗ ਵਿੱਚ ਭਸਮ ਹੋ ਜਾਣਗੇ। ਇਰਾਨੀ ਆਗੂਆਂ ਦਾ ਦਾਅਵਾ ਹੈ ਕਿ ਉਹ ਅਮਰੀਕੀ ਧਮਕੀਆਂ ਅੱਗੇ ਕਦੇ ਨਹੀਂ ਝੁਕਣਗੇ ਅਤੇ ਆਪਣੀ ਸੰਪ੍ਰਭੁਤਾ ਦੀ ਰਾਖੀ ਲਈ ਹਰ ਹੱਦ ਤੱਕ ਜਾਣਗੇ।
ਇਸ ਪੂਰੇ ਵਿਵਾਦ ਦਾ ਸਭ ਤੋਂ ਸੰਵੇਦਨਸ਼ੀਲ ਅਤੇ ਆਰਥਿਕ ਕੇਂਦਰ ‘ਹੋਰਮੁਜ਼ ਜਲਡਮਰੂ’ ਹੈ, ਜਿੱਥੋਂ ਦੁਨੀਆ ਦੇ ਕੱਚੇ ਤੇਲ ਦੀ ਸਪਲਾਈ ਦਾ ਵੱਡਾ ਹਿੱਸਾ ਲੰਘਦਾ ਹੈ। ਟਰੰਪ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪ੍ਰਸਤਾਵਿਤ ਸਮਝੌਤੇ ਦੀ ਸਭ ਤੋਂ ਪਹਿਲੀ ਸ਼ਰਤ ਸੀ ਕਿ ਹੋਰਮੁਜ਼ ਜਲਡਮਰੂ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਸਾਰੇ ਜਹਾਜ਼ਾਂ ਲਈ ਖੋਲ੍ਹਣਾ ਤੇ ਈਰਾਨ ਦੇ ਪ੍ਰਮਾਣੂ ਖਤਰੇ ਨੂੰ ਖ਼ਤਮ ਕਰਨਾ ਹੈ। ਪਰ ਇਸ ਦੇ ਉਲਟ, ਇਰਾਨੀ ਸੰਸਦ ਮੈਂਬਰਾਂ ਨੇ ਸਾਫ਼ ਕਰ ਦਿੱਤਾ ਹੈ ਕਿ ਹੋਰਮੁਜ਼ ਜਲਡਮਰੂ ਰਾਹੀਂ ਜਹਾਜ਼ਾਂ ਦੀ ਆਵਾਜਾਈ ਅਤੇ ਸੁਰੱਖਿਆ ਦਾ ਪੂਰਾ ਕੰਟਰੋਲ ਇਰਾਨ ਦੇ ਹੱਥਾਂ ਵਿੱਚ ਹੀ ਰਹੇਗਾ। ਇਰਾਨ ਦਾ ਮੰਨਣਾ ਹੈ ਕਿ ਇਹ ਸਮੁੰਦਰੀ ਰਸਤਾ ਉਸ ਦੀ ਭੂਗੋਲਿਕ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਅਤੇ ਅਮਰੀਕਾ ਇਸ ਦਾ ਕੰਟਰੋਲ ਉਸ ਤੋਂ ਨਹੀਂ ਖੋਹ ਸਕਦਾ। ਤੇਲ ਦੇ ਟੈਂਕਰਾਂ ’ਤੇ ਹੋ ਰਹੇ ਹਮਲਿਆਂ ਕਾਰਨ ਗਲੋਬਲ ਬਜ਼ਾਰ ਵਿੱਚ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ਅਸਮਾਨੀਂ ਛੂਹ ਰਹੀਆਂ ਹਨ।











Comments (0)