2029 ਦੀਆਂ ਚੋਣਾਂ ਵਿੱਚ ਮੋਦੀ ਸਰਕਾਰ ਵਿਰੁੱਧ ਡੂੰਘਾ ਹੋਵੇਗਾ ਸੰਕਟ
ਦੇਸ਼ ਦੀ ਰਾਜਨੀਤੀ ਵਿੱਚ ਸਮੇਂ-ਸਮੇਂ ’ਤੇ ਅਜਿਹੇ ਇਤਿਹਾਸਿਕ ਮੋੜ ਆਉਂਦੇ ਹਨ, ਜੋ ਸੱਤਾ ਦੇ ਸਥਾਪਿਤ ਸਮੀਕਰਨਾਂ ਅਤੇ ਅਹੰਕਾਰ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦੇ ਹਨ। ਭਾਰਤ ਦੇ ਵਰਤਮਾਨ ਸਿਆਸੀ ਦ੍ਰਿਸ਼ ਵਿੱਚ ‘ਜੈਨ ਜੀ’ —ਯਾਨੀ 1997 ਤੋਂ 2012 ਦੇ ਵਿਚਕਾਰ ਜਨਮੀ ਨਵੀਂ ਪੀੜ੍ਹੀ—ਦੁਆਰਾ ਪੇਪਰ ਲੀਕ, ਸਿੱਖਿਆ ਪ੍ਰਣਾਲੀ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਡੁੱਬਦੇ ਰੁਜ਼ਗਾਰ ਦੇ ਗੰਭੀਰ ਮੁੱਦਿਆਂ ’ਤੇ ਕੀਤਾ ਗਿਆ ਜੰਤਰ-ਮੰਤਰ ਦਾ ਅੰਦੋਲਨ ਕੋਈ ਰਵਾਇਤੀ ਜਾਂ ਸਾਧਾਰਨ ਵਿਰੋਧ ਪ੍ਰਦਰਸ਼ਨ ਨਹੀਂ ਸੀ। ਇਹ ਅੰਦੋਲਨ ਕਿਸੇ ਸਿਆਸੀ ਪਾਰਟੀ ਦੀ ਸ਼ਹਿ ’ਤੇ ਜਾਂ ਚੋਣ ਲਾਹਾ ਲਾਉਣ ਦੀ ਮਨਸ਼ਾ ਨਾਲ ਨਹੀਂ ਉੱਠਿਆ ਸੀ, ਸਗੋਂ ਇਹ ਲੱਖਾਂ-ਕਰੋੜਾਂ ਨੌਜਵਾਨਾਂ ਦੇ ਭਵਿੱਖ, ਸੁਪਨਿਆਂ ਅਤੇ ਉਨ੍ਹਾਂ ਦੇ ਅਸਤੀਤਵ ਦੀ ਲੜਾਈ ਸੀ।
ਜਦੋਂ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਪ੍ਰੀਖਿਆਵਾਂ ਦੇ ਪਾਰਦਰਸ਼ੀ ਢਾਂਚੇ ਹੀ ਢਹਿ-ਢੇਰੀ ਹੋਣ ਲੱਗਣ, ਪੇਪਰ ਲੀਕ ਦੀਆਂ ਖ਼ਬਰਾਂ ਆਮ ਹੋ ਜਾਣ, ਅਤੇ ਯੋਗਤਾ ਦੀ ਬਜਾਏ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਜਾਵੇ, ਤਾਂ ਦੇਸ਼ ਦੇ ਨੌਜਵਾਨਾਂ ਦਾ ਸੜਕਾਂ ’ਤੇ ਉੱਤਰਨਾ ਮਜ਼ਬੂਰੀ ਬਣ ਜਾਂਦਾ ਹੈ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਸਰਕਾਰੀ ਤੰਤਰ ਅਤੇ ਪੁਲਿਸ ਦੁਆਰਾ ਅਪਣਾਇਆ ਗਿਆ ਸਖ਼ਤ ਰਵੱਈਆ—ਜਿਵੇਂ ਲਾਠੀਚਾਰਜ, ਅੱਥਰੂ ਗੈਸ, ਵਾਟਰ ਕੈਨਨ, ਇੰਟਰਨੈੱਟ ਬੰਦੀ ਅਤੇ ਅੰਦੋਲਨਕਾਰੀਆਂ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ—ਨੌਜਵਾਨਾਂ ਦੇ ਮਨਾਂ ਵਿੱਚ ਡੂੰਘੇ ਜ਼ਖ਼ਮ ਛੱਡ ਗਈਆਂ ਹਨ। ਸਰਕਾਰ ਵਲੋਂ ਹੱਕ ਮੰਗ ਰਹੇ ਵਿਦਿਆਰਥੀਆਂ ਨੂੰ ਪੀੜਤ ਸਮਝਣ ਦੀ ਬਜਾਏ ਗੁਨਾਹਗਾਰ ਵਜੋਂ ਪੇਸ਼ ਕਰਨ ਦਾ ਇਹ ਵਤੀਰਾ ਉਨ੍ਹਾਂ ਦੀ ‘ਡਿਜੀਟਲ ਮੈਮੋਰੀ’ ਵਿੱਚ ਹਮੇਸ਼ਾ ਲਈ ਦਰਜ ਹੋ ਗਿਆ ਹੈ, ਜਿਸ ਨੂੰ ਕਿਸੇ ਸਰਕਾਰੀ ਪ੍ਰਚਾਰ ਨਾਲ ਆਸਾਨੀ ਨਾਲ ਮਿਟਾਇਆ ਨਹੀਂ ਜਾ ਸਕਦਾ।
ਇਸ ਪੂਰੇ ਘਟਨਾਕ੍ਰਮ ਦੌਰਾਨ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਅਤੇ ਗੁੱਸਾ ਸ਼ਾਂਤ ਕਰਨ ਲਈ ਕੀਤੇ ਗਏ ਯਤਨ ਵੀ ਚਰਚਾ ਦਾ ਵੱਡਾ ਕੇਂਦਰ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇੰਸਟਾਗ੍ਰਾਮ ’ਤੇ ਰੀਲਾਂ ਪੋਸਟ ਕਰਕੇ ਨੌਜਵਾਨਾਂ ਨੂੰ ‘ਫ੍ਰੈਂਡਜ਼’ ਕਹਿ ਕੇ ਸੰਬੋਧਨ ਕਰਨਾ, ਜਾਂ ਸੰਸਦ ਅੰਦਰ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਦੁਆਰਾ ਨਵੀਂ ਪੀੜ੍ਹੀ ਦੀ ਸ਼ਬਦਾਵਲੀ (ਸਲੈਂਗ ਤੇ ਲਿੰਗੋ) ਦੀ ਵਰਤੋਂ ਕਰਕੇ ਆਪਣੇ ਆਪ ਨੂੰ ‘ਜੈਨ ਜੀ’ ਦੇ ਅਸਲ ਨੁਮਾਇੰਦੇ ਵਜੋਂ ਪੇਸ਼ ਕਰਨਾ, ਇੱਕ ਯੋਜਨਾਬੱਧ ਚੋਣ ਰਣਨੀਤੀ ਦਾ ਹਿੱਸਾ ਤਾਂ ਹੋ ਸਕਦਾ ਹੈ, ਪਰ ਇਸ ਦਾ ਅਸਰ ਉਲਟਾ ਦੇਖਣ ਨੂੰ ਮਿਲਿਆ।
ਸੋਸ਼ਲ ਮੀਡੀਆ ’ਤੇ ਇਨ੍ਹਾਂ ਯਤਨਾਂ ਦਾ ਜਿਸ ਤਰ੍ਹਾਂ ਮਜ਼ਾਕ ਬਣਾਇਆ ਗਿਆ, ਮੀਮਜ਼ ਦੀ ਬਾਰਿਸ਼ ਹੋਈ ਅਤੇ ਸਰਕਾਰੀ ਪਹਿਲਕਦਮੀਆਂ ਨੂੰ ਖਾਰਜ ਕੀਤਾ ਗਿਆ, ਉਹ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਅਸਲ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ ਡਿਜੀਟਲ ਦਿਖਾਵੇ ਜਾਂ ਪਾਰਦਰਸ਼ਤਾ-ਹੀਣ ਨਾਅਰਿਆਂ ਨਾਲ ਇਸ ਪੀੜ੍ਹੀ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ। ਨੌਜਵਾਨਾਂ ਨੂੰ ਸਾਫ਼ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਉਨ੍ਹਾਂ ਦੇ ਦਰਦ ਅਤੇ ਰੁਜ਼ਗਾਰ ਦੇ ਅਸਲ ਸੰਕਟ ਨੂੰ ਸਮਝਣ ਦੀ ਬਜਾਏ ਸਿਰਫ਼ ‘ਨੇਰੇਟਿਵ ਕੰਟਰੋਲ’ (ਬਿਰਤਾਂਤ ਨੂੰ ਆਪਣੇ ਪੱਖ ਵਿੱਚ ਕਰਨ) ਵਿੱਚ ਦਿਲਚਸਪੀ ਰੱਖਦੀ ਹੈ। ਜਦੋਂ ਮੌਜੂਦਾ ਮੁੱਦਿਆਂ ਦਾ ਹੱਲ ਕਰਨ ਦੀ ਬਜਾਏ ਪੁਰਾਣੇ ਇਤਿਹਾਸਿਕ ਬਹਾਨੇ ਬਣਾਏ ਜਾਂਦੇ ਹਨ, ਤਾਂ ਇਹ ਨਵੀਂ ਪੀੜ੍ਹੀ ਉਸ ਤੋਂ ਪੂਰੀ ਤਰ੍ਹਾਂ ਅੱਕ ਚੁੱਕੀ ਨਜ਼ਰ ਆਉਂਦੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਨਵੀਂ ਪੀੜ੍ਹੀ ਨੂੰ ਹੁਣ ਸਿਰਫ਼ ਭਾਵਨਾਤਮਕ ਮੁੱਦਿਆਂ, ਪੁਰਾਣੇ ਇਤਿਹਾਸਿਕ ਵਿਵਾਦਾਂ ਜਾਂ ਚੋਣਵੀਂ ਬਿਆਨਬਾਜ਼ੀ ਨਾਲ ਨਹੀਂ ਪ੍ਰਭਾਵਿਤ ਕੀਤਾ ਜਾ ਸਕਦਾ। ‘ਜੈਨ ਜੀ’ ਆਪਣੇ ਵਰਤਮਾਨ ਵਿੱਚ ਜਵਾਬਦੇਹੀ, ਸਿਸਟਮ ਵਿੱਚ ਪਾਰਦਰਸ਼ਤਾ ਅਤੇ ਸਨਮਾਨਜਨਕ ਰੁਜ਼ਗਾਰ ਦੀ ਮੰਗ ਕਰ ਰਹੀ ਹੈ। ਇਹ ਪੀੜ੍ਹੀ ਡਿਜੀਟਲ ਯੁੱਗ ਦੀ ਪੀੜ੍ਹੀ ਹੈ ਜੋ ਹਰ ਦਾਅਵੇ ਦਾ ਪ੍ਰੀਖਣ ਹਕੀਕਤ ਦੀ ਕਸੌਟੀ ’ਤੇ ਕਰਦੀ ਹੈ।
ਪ੍ਰਸਿੱਧ ਚਿੰਤਕ ਰਾਮ ਪੁਣਿਆਣੀ ਦਾ ਕਹਿਣਾ ਹੈ ਕਿ ਜੇਕਰ ਸ਼ਾਸਕ ਧਿਰ ਅਤੇ ਭਾਜਪਾ ਨੌਜਵਾਨਾਂ ਨਾਲ ਅਸਲ ਸੰਵਾਦ ਰਚਾਉਣ, ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਗੰਭੀਰਤਾ ਨਾਲ ਸੁਣਨ ਅਤੇ ਸਿੱਖਿਆ-ਰੁਜ਼ਗਾਰ ਦੇ ਢਾਂਚੇ ਵਿੱਚ ਬੁਨਿਆਦੀ ਸੁਧਾਰ ਕਰਨ ਵਿੱਚ ਨਾਕਾਮ ਰਹਿੰਦੀ ਹੈ, ਤਾਂ ਆਉਣ ਵਾਲੀਆਂ ਚੋਣਾਂ ਵਿੱਚ ਇਸ ਪੀੜ੍ਹੀ ਦਾ ਗੁੱਸਾ, ਨਿਰਾਸ਼ਾ ਅਤੇ ਡਿਜੀਟਲ ਇੱਕਜੁੱਟਤਾ ਦੇਸ਼ ਦੇ ਸਿਆਸੀ ਨਕਸ਼ੇ ਨੂੰ ਬਦਲਣ ਅਤੇ ਸੱਤਾ ਦੀਆਂ ਬੁਨਿਆਦਾਂ ਨੂੰ ਹਿਲਾਉਣ ਦੀ ਪੂਰੀ ਸਮਰੱਥਾ ਰੱਖਦੀ ਹੈ। ਇਹ ਸੰਕਟ ਟਲਿਆ ਨਹੀਂ ਹੈ, ਸਗੋਂ ਸਰਕਾਰ ਲਈ ਇੱਕ ਵੱਡੀ ਚਿਤਾਵਨੀ ਬਣ ਕੇ ਉੱਭਰਿਆ ਹੈ।











Comments (0)