ਵਿਪਸਾ ਵੱਲੋਂ ਮਰਹੂਮ ਸ਼ਾਇਰ ਮੋਮਨ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਵਿਪਸਾ ਵੱਲੋਂ ਮਰਹੂਮ ਸ਼ਾਇਰ ਮੋਮਨ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਫ਼ਰੀਮਾਂਟ (ਕੈਲੀਫ਼ੋਰਨੀਆ)/ਏ.ਟੀ.ਨਿਊਜ਼: ਵਿਪਸਾ ਵੱਲੋਂ ਪੰਜਾਬੀ ਸਾਹਿਤ ਦੇ ਮਰਹੂਮ ਸ਼ਾਇਰ ਸ੍ਰ. ਈਸ਼ਰ ਸਿੰਘ ਮੋਮਨ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ ਗੰਭੀਰ, ਭਾਵਪੂਰਤ ਅਤੇ ਯਾਦਗਾਰੀ ਸ਼ਰਧਾਂਜਲੀ ਸਮਾਗਮ ਫ਼ਰੀਮਾਂਟ ਦੇ ਇਰਵਿੰਗਟਨ ਕਮਿਊਨਿਟੀ ਸੈਂਟਰ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਸਾਹਿਤਕ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਲੇਖਕਾਂ, ਕਵੀਆਂ ਅਤੇ ਸਾਹਿਤ-ਪ੍ਰੇਮੀਆਂ ਨੇ ਹਾਜ਼ਰੀ ਭਰ ਕੇ ਮੋਮਨ ਸਾਹਿਬ ਦੀ ਸਾਹਿਤਕ ਦੇਣ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਨਮਨ ਕੀਤਾ।
ਜਨਰਲ ਸਕੱਤਰ ਜਗਜੀਤ ਨੌਸ਼ਿਹਰਵੀ ਨੇ ਮੰਚ ਦਾ ਕਾਰਜ ਭਾਰ ਸੰਭਾਲਦੇ ਹੋਏ  ਮੋਮਨ ਸਾਹਿਬ ਦੇ ਸਪੁੱਤਰ ਪਰਦੀਪ ਸਿੰਘ ਪਾਬਲਾ, ਨੂੰਹ ਮਨਜੀਤ ਕੌਰ ਪਾਬਲਾ, ਪ੍ਰੋ. ਸੁਰਿੰਦਰ ਸੀਰਤ, ਡਾ. ਸੁਖਵਿੰਦਰ ਕੰਬੋਜ ਅਤੇ ਲਾਜ ਨੀਲਮ ਸੈਣੀ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਕੀਤਾ। ਆਪਣੇ ਸੰਬੋਧਨ ਵਿੱਚ ਜਗਜੀਤ ਨੌਸ਼ਿਹਰਵੀ ਨੇ ਕਿਹਾ ਕਿ ਮੋਮਨ ਸਾਹਿਬ ਨੂੰ ਸਾਨੂੰ ਸਦੀਵੀ ਵਿਛੋੜਾ ਦਿੱਤੇ ਇੱਕ ਸਾਲ ਬੀਤ ਚੁੱਕਾ ਹੈ ਅਤੇ ਪਿਛਲੇ ਦਿਨੀਂ ਉਨ੍ਹਾਂ ਦੀ ਜਨਮ ਸ਼ਤਾਬਦੀ ਸੀ ਜਿਸ ਨੂੰ ਵਿਪਸਾ ਵੱਲੋਂ ਸ਼ਰਧਾਂਜਲੀ ਸਮਾਗਮ ਦੇ ਰੂਪ ਵਿੱਚ ਆਯੋਜਿਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਮੋਮਨ ਸਾਹਿਬ ਨੇ ਲੰਮੀ, ਤੰਦਰੁਸਤ ਅਤੇ ਸੰਤੁਸ਼ਟ ਜ਼ਿੰਦਗੀ ਜਿਊੁਂਦਿਆਂ ਆਪਣੇ ਪਰਿਵਾਰਕ ਅਤੇ ਸਮਾਜਿਕ ਫ਼ਰਜ਼ਾਂ ਦੀ ਸ਼ਾਨਦਾਰ ਪੂਰਤੀ ਕੀਤੀ। ਉਹ ਸਾਹਿਤਕ ਮੰਚਾਂ ਦੀ ਸ਼ਾਨ ਸਨ ਅਤੇ ਉਨ੍ਹਾਂ ਦੀ ਕਵਿਤਾ ਵਿੱਚ ਪੰਜਾਬੀ ਮਿੱਟੀ ਦੀ ਮਹਿਕ ਦੇ ਨਾਲ-ਨਾਲ ਪਰਵਾਸੀ ਜੀਵਨ ਦੇ ਸੰਘਰਸ਼ਾਂ ਦੀ ਸੱਚੀ ਤਸਵੀਰ ਵੀ ਉਭਰਦੀ ਹੈ। ਇਸ ਮੌਕੇ ਮੋਮਨ ਸਾਹਿਬ ਦੇ ਇਹ ਸ਼ਿਅਰ ਵਿਸ਼ੇਸ਼ ਤੌਰ ’ਤੇ ਗੂੰਜੇ—

ਮੇਰੀ ਗੱਲ ਦਾ ਵੀ ਕਰਿਓ ਯਕੀਨ ਭਾਈ ਜੀ,
ਬੰਦਾ ਏਦਾਂ ਜਿੱਦਾਂ ਹੁੰਦੀ ਹੈ ਮਸ਼ੀਨ ਭਾਈ ਜੀ।
ਪਿੰਡ ਚੌਧਰੀ ਸੀ ਚੌਧਰੀ ਦੀ ਧੌਣ ਆਕੜੀ,
ਇੱਥੇ ਆਟੇ ਤੋਂ ਵੀ ਹੋਈ ਹੈ ਮਹੀਨ ਭਾਈ ਜੀ।

ਲਾਜ ਨੀਲਮ ਸੈਣੀ ਨੇ ਕਿਹਾ ਕਿ ਮੋਮਨ ਸਾਹਿਬ ਦੀ ਪਛਾਣ ਕੇਵਲ ਉਨ੍ਹਾਂ ਦੀ ਕਲਮ ਨਹੀਂ ਸਗੋਂ ਉਨ੍ਹਾਂ ਦਾ ਸੇਵਾਮਈ ਅਤੇ ਆਦਰਸ਼ ਜੀਵਨ ਵੀ ਸੀ। ਉਨ੍ਹਾਂ ਨੇ ਆਪਣੀ ਮਾਤਾ ਦੀ 28 ਸਾਲ ਅਤੇ ਆਪਣੀ ਜੀਵਨ ਸਾਥਣ ਦੀ 10 ਸਾਲ ਤੱਕ ਨਿਸ਼ਕਾਮ ਸੇਵਾ ਕਰਕੇ ਉੱਚ ਮਨੁੱਖੀ ਕਦਰਾਂ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦੇ ਇਹੀ ਸੰਸਕਾਰ ਉਨ੍ਹਾਂ ਦੇ ਪੁੱਤਰ ਪਰਦੀਪ ਸਿੰਘ ਪਾਬਲਾ ਅਤੇ ਨੂੰਹ ਮਨਜੀਤ ਕੌਰ ਦੀ ਸੇਵਾ-ਭਾਵਨਾ ਵਿੱਚ ਵੀ ਸਪਸ਼ਟ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ‘ਕਲਮਾਂ ਦੀ ਕਸਤੂਰੀ’ ਅਤੇ ‘ਗ਼ਜਲ ਗੁਲਜ਼ਾਰ’ ਵਿਲੱਖਣ ਕਾਵਿ-ਸੰਗ੍ਰਹਿਾਂ ਨਾਲ਼  ਪੰਜਾਬੀ ਸਾਹਿਤ ਦੀ ਝੋਲੀ ਭਰੀ ਹੈ ।
ਪ੍ਰੋ. ਸੁਰਿੰਦਰ ਸੀਰਤ ਨੇ ਮੋਮਨ ਸਾਹਿਬ ਨਾਲ ਆਪਣੀ ਤਿੰਨ ਦਹਾਕਿਆਂ ਤੋਂ ਵੱਧ ਦੀ ਸਾਂਝ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਪੰਜਾਬੀ ਦੇ ਬਿਹਤਰੀਨ ਗ਼ਜ਼ਲਕਾਰਾਂ ਵਿੱਚੋਂ ਇੱਕ ਕਰਾਰ ਦਿੱਤਾ ਅਤੇ ਉਨ੍ਹਾਂ ਦੇ ਗਹਿਰੇ ਅਰਥਾਂ ਵਾਲੇ ਸ਼ਿਅਰ ਸਰੋਤਿਆਂ ਨਾਲ ਸਾਂਝੇ ਕੀਤੇ। ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਮੋਮਨ ਸਾਹਿਤ ਨਾਲ਼ ਪਹਿਲੀ ਸਾਹਿਤਕ ਮਿਲਣੀ ਉਨ੍ਹਾਂ ਦੇ ਘਰ ਹੋਈ ਸੀ। ਉਹ ਪਹਿਲੀ ਵਾਰ ਆਪਣੇ ਸਪੁੱਤਰ ਨਾਲ਼ ਸ਼ਾਮਲ ਹੋਏ ਸਨ ਤੇ ਉਨ੍ਹਾਂ ਦੀ ਗ਼ਜ਼ਲ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਮੋਮਨ ਸਾਹਿਬ ਦੀ ਸਾਹਿਤਕ ਸੇਵਾ ਹਮੇਸ਼ਾ ਯਾਦ ਰੱਖੀ ਜਾਵੇਗੀ।
ਸੁਰਜੀਤ ਸਖੀ ਨੇ ਮੋਮਨ ਸਾਹਿਬ ਨਾਲ ਗੁਆਂਢੀ ਹੋਣ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਹ ਇੱਕ ਉਸਤਾਦ ਸ਼ਾਇਰ ਸਨ। ਉਨ੍ਹਾਂ ਦੀ ਲੰਬੀ ਅਤੇ ਤੰਦਰੁਸਤ ਉਮਰ ਦਾ ਰਾਜ਼ ਉਨ੍ਹਾਂ ਦੀ ਨਿਯਮਤ ਸਵੇਰ-ਸ਼ਾਮ ਦੀ ਸੈਰ ਸੀ। ਅਮਰਜੀਤ ਸਿੰਘ ਜੌਹਲ ਨੇ ਮੋਮਨ ਸਾਹਿਬ ਦੀਆਂ ਗ਼ਜ਼ਲਾਂ ਨੂੰ ਆਪਣੀ ਸੁਰਮਈ ਆਵਾਜ਼ ਵਿੱਚ ਪੇਸ਼ ਕਰਕੇ ਸਮਾਗਮ ਨੂੰ ਹੋਰ ਵੀ ਭਾਵਪੂਰਤ ਬਣਾ ਦਿੱਤਾ।
ਕੁਲਵਿੰਦਰ ਨੇ ਡਾ. ਜਗਤਾਰ ਦੇ ਹਵਾਲੇ ਨਾਲ ਕਿਹਾ ਕਿ ਮੋਮਨ ਸਾਹਿਬ ਦੇ ਸ਼ਿਅਰਾਂ ਦੀ ਸਾਦਗੀ, ਲੋਕ-ਮੁਹਾਵਰਿਆਂ ਦੀ ਵਰਤੋਂ ਅਤੇ ਸਮਾਜਿਕ ਵਿਅੰਗ ਉਨ੍ਹਾਂ ਦੀ ਗ਼ਜ਼ਲ ਦੀ ਵਿਲੱਖਣ ਪਛਾਣ ਹਨ। ਉਨ੍ਹਾਂ ਦੇ ਸ਼ਿਅਰ ਸਰੋਤਿਆਂ ਦੇ ਮਨਾਂ ਨੂੰ ਟੁੰਬ ਗਏ:
ਉਹ ਮੰਦਰ ਹੈ ਉਹ ਮਸਜਿਦ ਅੰਦਰ, ਰੌਲਾ ਰੱਪਾ ਕਾਹਦਾ ਹੈ?
ਦੋਹੀਂ ਪਾਸੀਂ ਗੇੜਾ ਲਾ ਕੇ ਗੁਰਦੁਆਰੇ ਜਾ ਕੇ ਦੇਖ।
ਮੋਮਨ ਸਾਹਿਬ ਦੇ ਸਪੁੱਤਰ ਪਰਦੀਪ ਸਿੰਘ ਪਾਬਲਾ ਨੇ ਵਿਪਸਾ ਅਤੇ ਸਮੂਹ ਸਾਹਿਤਕ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਭ ਵੱਲੋਂ ਸਾਂਝੀਆਂ ਕੀਤੀਆਂ ਯਾਦਾਂ ਨੇ ਉਨ੍ਹਾਂ ਦੇ ਮਨ ਨੂੰ ਡੂੰਘਾ ਸਕੂਨ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇ ਵਿਪਸਾ ਨੂੰ 500 ਡਾਲਰ ਦੀ ਰਾਸ਼ੀ ਭੇਟ ਕੀਤੀ। ਵਿਪਸਾ ਵੱਲੋਂ ਪਰਦੀਪ ਸਿੰਘ ਪਾਬਲਾ ਅਤੇ ਮਨਜੀਤ ਕੌਰ ਪਾਬਲਾ ਦਾ ਸ਼ਾਲਾਂ ਭੇਟ ਕਰਕੇ ਸਨਮਾਨ ਕੀਤਾ ਗਿਆ।
ਸਮਾਗਮ ਦੌਰਾਨ ਪ੍ਰਿੰਸੀਪਲ ਹਰਨੇਕ ਸਿੰਘ ਨੇ ਮਿੰਨੀ ਕਹਾਣੀ ਪੇਸ਼ ਕੀਤੀ ਜਦ ਕਿ ਉਪਰੰਤ ਹੋਏ ਕਵੀ ਦਰਬਾਰ ਵਿੱਚ ਮੁਕੇਸ਼ ਸ਼ਰਮਾ, ਅਮਰਜੀਤ ਜੌਹਲ, ਪ੍ਰੋ. ਸੁਰਿੰਦਰ ਸੀਰਤ, ਡਾ. ਸੁਖਵਿੰਦਰ ਕੰਬੋਜ, ਕੁਲਵਿੰਦਰ, ਜਗਜੀਤ ਨੌਸ਼ਿਹਰਵੀ ਅਤੇ ਸੁਰਜੀਤ ਸਖੀ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀਨ ਨੂੰ ਮੰਤਰਮੁਗਧ ਕੀਤਾ।
ਅੰਤ ਵਿੱਚ ਪ੍ਰਧਾਨ ਕੁਲਵਿੰਦਰ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਵਿਪਸਾ ਦੀ ਸਲਾਨਾ ਸਾਹਿਤਕ ਕਾਨਫ਼ਰੰਸ 27 ਸਤੰਬਰ 2026 ਨੂੰ ਫ਼ਰੀਮਾਂਟ ਵਿਖੇ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲਹਿੰਦੇ ਪੰਜਾਬ ਤੋਂ ਡਾ. ਨਬੀਲਾ ਰਹਿਮਾਨ ਨੂੰ ਵੀਜ਼ਾ ਮਿਲ ਚੁੱਕਾ ਹੈ ਅਤੇ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਭਾਰਤ, ਪੰਜਾਬ, ਕੈਨੇਡਾ ਅਤੇ ਹੋਰ ਦੇਸ਼ਾਂ ਤੋਂ ਨਾਮਵਰ ਲੇਖਕ ਸ਼ਮੂਲੀਅਤ ਕਰਨਗੇ। ਇਸ ਕਾਨਫ਼ਰੰਸ ਵਿੱਚ ਪੰਜਾਬੀ ਭਾਸ਼ਾ ਬਾਰੇ ਨਿੱਠ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਕਾਨਫ਼ਰੰਸ ਦੀਆਂ ਤਿਆਰੀਆਂ ਪੂਰੇ ਉਤਸ਼ਾਹ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਸ ਮੌਕੇ ਕੰਵਲਦੀਪ ਕੌਰ, ਬਰਜਿੰਦਰ ਸਿੰਘ, ਡਾ. ਰਾਮ ਸਿੰਘ, ਸੁਰਿੰਦਰ ਕੌਰ ਹਾਜ਼ਰਾ, ਪ੍ਰੋ. ਬਲਜਿੰਦਰ ਸਿੰਘ, ਸਤਿੰਦਰਜੀਤ ਕੌਰ, ਮਨਜੀਤ ਪਲਾਹੀ, ਨਵਦੀਪ ਕੰਬੋਜ, ਜਗਤਾਰ ਸਿੰਘ ਓਟਾਲ, ਪਰਮਜੀਤ ਕੌਰ ਓਟਾਲ, ਜਸਵੰਤ ਸਿੰਘ ਅਤੇ ਅਭੀਤਾਬ ਸੈਣੀ ਆਦਿ ਸਾਹਿਤ ਪ੍ਰੇਮੀ ਹਾਜ਼ਰ ਸਨ।