ਭਾਰਤੀ ਮੂਲ ਦੇ ਡਾ. ਅਮੀਸ਼ ਸ਼ਾਹ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀ

ਭਾਰਤੀ ਮੂਲ ਦੇ ਡਾ. ਅਮੀਸ਼ ਸ਼ਾਹ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀ

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਡਾਕਟਰ ਅਤੇ ਐਰੀਜ਼ੋਨਾ ਰਾਜ ਦੇ ਸਾਬਕਾ ਪ੍ਰਤੀਨਿਧੀ ਭਾਰਤੀ ਮੂਲ ਦੇ ਡਾ. ਅਮੀਸ਼ ਸ਼ਾਹ ਨੇ ਐਰੀਜ਼ੋਨਾ ਦੇ ਪਹਿਲੇ ਕਾਂਗਰਸ ਜ਼ਿਲੇ੍ਹ ਲਈ ਡੈਮੋਕ੍ਰੇਟਿਕ ਨਾਮਜ਼ਦਗੀ ਚੋਣ ਜਿੱਤ ਲਈ ਹੈ। ਹੁਣ ਸ਼ਾਹ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਜੈ ਫ਼ੀਲੀ, ਜੋ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਸਮਰਥਤ ਸਾਬਕਾ ਨੈਸ਼ਨਲ ਫ਼ੁੱਟਬਾਲ ਲੀਗ ਕਿਕਰ ਹੈ, ਨਾਲ ਨਵੰਬਰ ਵਿੱਚ ਹੋਵੇਗਾ। ਸ਼ਾਹ ਦੀ ਜਿੱਤ ਇਸ ਲਈ ਅਹਿਮ ਹੈ ਕਿਉਂਕਿ ਉਸ ਨੇ ਸਾਬਕਾ ਟੈਲੀਵਿਜ਼ਨ ਪੱਤਰਕਾਰ ਮਾਰਲੀਨ ਗੈਲਨ-ਵੁੱਡਸ ਨੂੰ ਹਰਾਇਆ ਜਿਸ ਨੂੰ ਐਰੀਜ਼ੋਨਾ ਡੈਮੋਕ੍ਰੇਟਿਕ ਨੇਤਾਵਾਂ, ਜਿਨ੍ਹਾਂ ਵਿੱਚ ਸੈਨੇਟਰ ਮਾਰਕ ਕੈਲੀ ਵੀ ਸ਼ਾਮਲ ਹੈ ਅਤੇ ਡੈਮੋਕ੍ਰੇਟਿਕ ਕਾਂਗਰੇਸ਼ਨਲ ਮੁਹਿੰਮ ਕਮੇਟੀ ਦਾ ਸਮਰਥਨ ਵੀ ਪ੍ਰਾਪਤ ਸੀ, ਜੋ ਕਿ ਆਮ ਤੌਰ ’ਤੇ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਵਿੱਚ ਘੱਟ ਹੀ ਦਖਲ ਦਿੰਦੀ ਹੈ। ਆਪਣੀ ਜਿੱਤ ਤੋਂ ਬਾਅਦ ਸ਼ਾਹ ਨੇ ਕਿਹਾ ਕਿ ‘‘ਮੈਂ ਹਮੇਸ਼ਾ ਇੱਕ ਮਿਹਨਤੀ, ਜ਼ਮੀਨੀ ਪੱਧਰ ’ਤੇ ਉਮੀਦਵਾਰ ਹੋਣ ’ਤੇ ਮਾਣ ਕੀਤਾ ਹੈ। ਇਸ ਪ੍ਰਾਇਮਰੀ ਚੋਣ ਵਿੱਚ ਸਾਡੀ ਜਿੱਤ ਇੱਕ ਜ਼ਮੀਨੀ ਪੱਧਰ ’ਤੇ ਹੋਈ ਜਿੱਤ ਹੈ ਜਿੱਥੇ ਐਰੀਜ਼ੋਨਾ ਦੇ ਵੋਟਰਾਂ ਨੇ ਆਪਣੀ ਆਵਾਜ਼ ਨੂੰ ਪਛਾਣਿਆ ਹੈ।’’