ਮਿਸ਼ੀਗਨ ਵਿੱਚ ਅੱਗ ਲੱਗਣ ਕਾਰਨ 6 ਬੱਚਿਆਂ ਸਮੇਤ 8 ਮੌਤਾਂ
ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਮਿਸ਼ੀਗਨ ਦੇ ਗ੍ਰੈਂਡ ਹੈਵਨ ਇਲਾਕੇ ’ਚ ਇੱਕ ਘਰ ਵਿੱਚ ਅੱਗ ਲੱਗ ਜਾਣ ਦੇ ਸਿੱਟੇ ਵਜੋਂ 6 ਬੱਚਿਆਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਸੂਚਨਾ ਮਿਲਣ ’ਤੇ ਮੌਕੇ ੳੁੱਪਰ ਪੁੱਜੇ ਫ਼ਾਇਰਫ਼ਾਈਟਰਾਂ ਨੇ ਅੱਗ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਓਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਘਰ ਵਿੱਚ ਮੌਜੂਦ 8 ਲੋਕ ਦਮ ਤੋੜ ਚੁੱਕੇ ਸਨ। ਇਹ ਜਾਣਕਾਰੀ ਓਟਾਵਾ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੇ ਕੈਪਟਨ ਜੇਕ ਸਪਾਰਕਸ ਨੇ ਮੀਡੀਆ ਨੂੰ ਦਿੰਦਿਆਂ ਦੱਸਿਆ ਕਿ ਕੁਝ ਪੀੜਤਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ ਅਤੇ ਅਜਿਹਾ ਲੱਗਦਾ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਹੈ। ਇਹ ਇੱਕ ਗੁੰਝਲਦਾਰ ਮਾਮਲਾ ਹੈ ਜਿਸ ਦੀ ਮੁਕੰਮਲ ਜਾਂਚ ਉਪਰੰਤ ਹੀ ਅਸਲ ਕਹਾਣੀ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਘਰ ਦੇ ਅੰਦਰ ਮਿਲੇ ਮ੍ਰਿਤਕ ਬੱਚਿਆਂ ਦੀ ਉਮਰ 5 ਤੋਂ 15 ਸਾਲ ਦੇ ਵਿਚਕਾਰ ਹੈ। ਮਿਸ਼ੀਗਨ ਸਟੇਟ ਪੁਲਿਸ ਅੱਗਜ਼ਨੀ ਜਾਂਚ ਕਰਤਾ ਵੀ ਮੌਕੇ ੳੁੱਪਰ ਪੁੱਜੇ ਹਨ। ਪੁਲਿਸ ਅਨੁਸਾਰ ਜਾਂਚ ਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਘਟਨਾ ਕਤਲ ਜਾਂ ਆਤਮ ਹੱਤਿਆ ਹੋ ਸਕਦੀ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਇਸ ਸਬੰਧੀ ਨਤੀਜੇ ’ਤੇ ਪਹੁੰਚਿਆ ਜਾਵੇਗਾ। ਪੁਲਿਸ ਨੇ ਪੀੜਤਾਂ ਦੇ ਨਾਂਅ ਜਨਤਿਕ ਨਹੀਂ ਕੀਤੇ ਹਨ।











Comments (0)