ਗੁਰਦੁਆਰਿਆਂ ਦੀ ਹਦੂਦ ਅੰਦਰ ਯੋਗ ਅਭਿਆਸ ’ਤੇ ਮੁਕੰਮਲ ਰੋਕ ਰਹੇਗੀ : ਜਥੇਦਾਰ

ਗੁਰਦੁਆਰਿਆਂ ਦੀ ਹਦੂਦ ਅੰਦਰ ਯੋਗ ਅਭਿਆਸ ’ਤੇ ਮੁਕੰਮਲ ਰੋਕ ਰਹੇਗੀ : ਜਥੇਦਾਰ

ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਿਆਂ ਦੇ ਕੈਂਪਸ ਵਿੱਚ ਸਥਿਤ ਲੰਗਰ ਹਾਲ ਜਾਂ ਹੋਰ ਥਾਵਾਂ ’ਤੇ ਯੋਗ ਅਭਿਆਸ ਕਰਨ ਜਾਂ ਕਰਵਾਉਣ ਨੂੰ ਸਿੱਖ ਸਿਧਾਂਤਾਂ ਦੇ ਖਿਲਾਫ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦੀ ਹਦੂਦ ਅੰਦਰ ਯੋਗ ਅਭਿਆਸ ’ਤੇ ਮੁਕੰਮਲ ਰੋਕ ਰਹੇਗੀ। ਜਥੇਦਾਰ ਗੜਗੱਜ ਇਥੇ ਮੀਰੀ ਪੀਰੀ ਖਾਲਸਾ ਮਾਰਚ ਦੌਰਾਨ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਜਥੇਦਾਰ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਵਿਖੇ ਇਸ ਸਬੰਧੀ ਸ਼ਿਕਾਇਤ ਵੀ ਪੁੱਜੀ ਸੀ। ਉਦੋਂ ਵੀ ਇਸ ’ਤੇ ਕਾਰਵਾਈ ਕਰਦਿਆਂ ਗੁਰਦੁਆਰਿਆਂ ਅੰਦਰ ਯੋਗ ਕਲਾਸਾਂ ਲਾਉਣ ਤੋਂ ਵਰਜਿਆ ਗਿਆ ਸੀ।
ਹਾਲ ਹੀ ਵਿੱਚ ਸੀ ਐੱਮ ਦੀ ਯੋਗਸ਼ਾਲਾ ਹੇਠ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਯੋਗ ਅਭਿਆਸ ਦੀ ਕਲਾਸ ਲਾਈ ਗਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ ਸੀ। ਕੁਝ ਸਿੱਖ ਨੌਜਵਾਨਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਨੇ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ  ਵਿਖੇ ਸ਼ਿਕਾਇਤ ਵੀ ਕੀਤੀ ਸੀ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਧਰਮ ਦੇ ਸਿਧਾਂਤਾਂ ਅਤੇ ਰਵਾਇਤਾਂ ਮੁਤਾਬਕ ਗੁਰਦੁਆਰਿਆਂ ਵਿੱਚ ਯੋਗ ਕਰਨਾ ਜਾਂ ਕਰਵਾਉਣਾ ਮਨਮਤ ਹੈ। ਸਿੱਖ ਧਰਮ ਇਸ ਨੂੰ ਮਾਨਤਾ ਨਹੀਂ ਦਿੰਦਾ ਹੈ। ਕੋਈ ਨਿੱਜੀ ਰੂਪ ਵਿੱਚ ਆਪਣੇ ਘਰ ਵਿੱਚ ਜਾਂ ਹੋਰ ਥਾਵਾਂ ’ਤੇ ਇਸ ਨੂੰ ਕਰ ਸਕਦਾ ਹੈ ਪਰ ਗੁਰਦੁਆਰਿਆਂ ਵਿੱਚ ਅਜਿਹਾ ਕਰਨ ਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਇਸ ਮਾਮਲੇ ਵਿੱਚ ਸੁਚੇਤ ਰਹਿਣ। ਪ੍ਰਬੰਧਕ ਕਮੇਟੀਆਂ ਨੂੰ ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਚੇੇਤੇ ਰਹੇ ਕਿ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਈ ਵਲੌਗਰ ਕੁੜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਅਭਿਆਸ ਵਾਲੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਸੀ। ਇਸ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਸੀ ਅਤੇ ਉਸ ਨੂੰ ਕਾਨੂੰਨੀ ਕਾਰਵਾਈ ਲਈ ਨੋਟਿਸ ਵੀ ਭੇਜਿਆ ਸੀ।