ਪੰਜਾਬੀ ਯੂਨੀਵਰਸਿਟੀ ਵੱਲੋਂ ਆਵਾਜ਼ ਘਰ ਨਾਲ ਆਡੀਓ ਲਾਇਬ੍ਰੇਰੀ ਸਥਾਪਿਤ ਕਰਨ ਲਈ ਇਕਰਾਰਨਾਮਾ
ਪਟਿਆਲਾ/ਏ.ਟੀ.ਨਿਊਜ਼: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਸਿੱਧ ਡਿਜੀਟਲ ਪਲੇਟਫ਼ਾਰਮ ‘ਆਵਾਜ਼ ਘਰ’ ਨਾਲ ਮਿਲ ਕੇ ਆਡੀਓ ਲਾਇਬ੍ਰੇਰੀ ਸਥਾਪਿਤ ਕਰਨ ਲਈ ਇਕਰਾਰਨਾਮਾ ਕੀਤਾ ਗਿਆ ਹੈ। ਇਹ ਇਕਰਾਰਨਾਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਲੰਘੇ ਦਿਨੀਂ ਕੀਤੇ ਗਏ ਅਮਰੀਕਾ ਦੌਰੇ ਦੌਰਾਨ ਅਮਰੀਕਾ ਵਿੱਚ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਲੰਘੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਅਕਾਦਮਿਕ ਮਿਆਰ ਨੂੰ ਉੱਚਾ ਚੁੱਕਣ, ਖੋਜ ਕਾਰਜਾਂ ਨੂੰ ਹੁਲਾਰਾ ਦੇਣ ਅਤੇ ਵਿਦੇਸ਼ਾਂ ਵਿੱਚ ਬੈਠੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨਾਲ ਸਾਂਝ ਮਜਬੂੁਤ ਕਰਨ ਦੇ ਉਦੇਸ਼ ਨਾਲ ਅਮਰੀਕਾ ਦੇ ਤਿੰਨ ਸੂਬਿਆਂ ਐਰੀਜ਼ੋਨਾ, ਕੈਲੀਫ਼ੋਰਨੀਆ ਅਤੇ ਨਿਊਜਰਸੀ ਦਾ ਅਧਿਕਾਰਤ ਦੌਰਾ ਕੀਤਾ। ਇਸ ਦੌਰੇ ਦੌਰਾਨ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਡਿਜੀਟਲ ਪਲੇਟਫਾਰਮ ‘ਆਵਾਜ਼ ਘਰ’ ਨਾਲ ਮਿਲ ਕੇ ਪੰਜਾਬੀ ਯੂਨੀਵਰਸਿਟੀ ਵਿੱਚ ‘ਪੰਜਾਬੀ ਯੂਨੀਵਰਸਿਟੀ ਆਡੀਓ ਲਾਇਬ੍ਰੇਰੀ’ ਸਥਾਪਿਤ ਕਰਨ ਲਈ ਇਕਰਾਰਨਾਮਾ ਕੀਤਾ ਗਿਆ, ਜਿਸ ਤਹਿਤ ਦੁਰਲੱਭ ਪੁਸਤਕਾਂ, ਖੋਜ ਪੱਤਰਾਂ ਅਤੇ ਹੱਥ ਲਿਖਤਾਂ ਨੂੰ ਆਡੀਓ ਫਾਰਮੈਟ ਵਿੱਚ ਬਦਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੋਕਾ ਟੀ.ਵੀ. ਨਾਮਕ ਮੀਡੀਆ ਸੰਸਥਾ ਨਾਲ ਵਿਦਿਆਰਥੀਆਂ ਦੀ ਪ੍ਰੈਕਟੀਕਲ ਸਿਖਲਾਈ, ਮਾਸਟਰ ਕਲਾਸਾਂ ਅਤੇ ਮੀਡੀਆ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਹਿਮਤੀ ਬਣੀ।
ਉਨ੍ਹਾਂ ਦੱਸਿਆ ਕਿ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਇਸ ਦੌਰੇ ਦੌਰਾਨ ਅਮਰੀਕਾ ਵਿੱਚ ਵੱਖ ਵੱਖ ਖੇਤਰਾਂ ਦੀਆਂ ਨਾਮਵਰ ਸ਼ਖ਼ਸੀਅਤਾਂ, ਉਦਯੋਗਪਤੀਆਂ ਅਤੇ ਤਕਨੀਕੀ ਮਾਹਿਰਾਂ ਨਾਲ ਅਹਿਮ ਮੁਲਾਕਾਤਾਂ ਹੋਈਆਂ, ਜਿਸ ਦੇ ਸਿੱਟੇ ਵਜੋਂ ਯੂਨੀਵਰਸਿਟੀ ਦੇ ਸਰਬਪੱਖੀ ਵਿਕਾਸ ਲਈ ਅਹਿਮ ਇਕਰਾਰਨਾਮੇ ਸਹੀਬੱਧ ਕੀਤੇ ਗਏ। ਉਨ੍ਹਾਂ ਦੱਸਿਆ ਕਿ ਐਰੀਜ਼ੋਨਾ ਵਿੱਚ ਪ੍ਰਸਿੱਧ ਨਿਊਰੋਸਰਜਨ ਅਤੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਡਾ. ਜਸਵੰਤ ਸਿੰਘ ਸਚਦੇਵ ਨਾਲ ਮੁਲਾਕਾਤ ਦੌਰਾਨ ਵਿਦੇਸ਼ ਵਿੱਚ ਰਹਿ ਰਹੇ ਦੂਜੀ ਅਤੇ ਤੀਜੀ ਪੀੜ੍ਹੀ ਦੇ ਪੰਜਾਬੀ ਬੱਚਿਆਂ ਲਈ ਆਨਲਾਈਨ ਪੰਜਾਬੀ ਭਾਸ਼ਾ ਦੇ ਕੋਰਸ ਸ਼ੁਰੂ ਕਰਨ ਬਾਰੇ ਗੰਭੀਰ ਚਰਚਾ ਹੋਈ। ਇਸੇ ਤਰ੍ਹਾਂ ਫੂਡ ਇੰਡਸਟਰੀ ਦੇ ਸਫਲ ਕਾਰੋਬਾਰੀ ਲਖਵਿੰਦਰ ਸਿੰਘ ਰਾਣਾ ਸੋਢੀ ਨਾਲ ਯੂਨੀਵਰਸਿਟੀ ਦੇ ਸੱਭਿਆਚਾਰਕ ਅਤੇ ਵਿਦਿਅਕ ਪ੍ਰੋਜੈਕਟਾਂ ਵਿੱਚ ਸਹਿਯੋਗ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਫੀਕਨਿਕਸ ਦੇ ਆਇਰਨਵੁੱਡ ਕੈਂਸਰ ਰਿਸਰਚ ਸੈਂਟਰ ਦੇ ਮੈਨੇਜ਼ਿੰਗ ਪਾਰਟਨਰ ਡਾ. ਪਰਵਿੰਦਰ ਖਨੂਜਾ ਨਾਲ ਭਾਰਤ ਅਤੇ ਅਮਰੀਕਾ ਵਿੱਚ ਕੈਂਸਰ ਦੇ ਇਲਾਜ, ਕੀਮੋਥੈਰੇਪੀ ਅਤੇ ਰੇਡੀਏਸ਼ਨ ਥੈਰੇਪੀ ਦੇ ਖੇਤਰ ਵਿੱਚ ਤੁਲਨਾਤਮਕ ਅਧਿਐਨ ਅਤੇ ਖੋਜ ਬਾਰੇ ਚਰਚਾ ਹੋਈ।
ਕੈਲੀਫੋਰਨੀਆ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਂਲੀਜੈਂਸ ਅਤੇ ਆਡੀਓ ਲਾਇਬ੍ਰੇਰੀ ਦੇ ਹਵਾਲੇ ਨਾਲ ਅਹਿਮ ਰਿਹਾ। ਇੱਥੇ ਇੰਜ. ਪ੍ਰੀਤ ਵਿਰਕ ਵਾਈਸ ਪ੍ਰੈਜੀਜੈਂਟ ਮਾਰਵਲ ਟੈਕਨਾਲੋਜੀ ਨੇ ਪੰਜਾਬੀ ਯੂਨੀਵਰਸਿਟੀ ਵਿੱਚ ‘ਬਾਣੀ ਟ੍ਰਾਂਸਲੇਸ਼ਨ ਪ੍ਰੋਜੈਕਟ, ਐਥਲੀਟ ਸਪਾਂਸਰਸ਼ਿਪ, ਹਾਕੀ ਖੇਡ ਸਹੂਲਤਾਂ, ਮਾਈਕਰੋ ਫੋਰੈਸਟ, ਡਿਵੈਲਪਮੈਂਟ ਅਤੇ ਸੈਮੀਕੰਡਕਟਰ ਚਿੱਪ ਡਿਜ਼ਾਇਨ ਵਰਗੇ ਪ੍ਰੋਜੈਕਟਾਂ ਵਿੱਚ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ।
ਉਨ੍ਹਾਂ ਦੱਸਿਆ ਕਿ ਕੈਲੀਫ਼ੋਰਨੀਆ ਅਤੇ ਨਿਊਜਰਸੀ ਵਿੱਚ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਂੲਡ ਫਰੈਂਡਜ਼ ਆਫ ਪੰਜਾਬੀ ਯੂਨੀਵਰਸਿਟੀ ਸੰਸਥਾ ਨਾਲ ਹੋਈਆਂ ਵਿਸ਼ੇਸ ਇਕੱਤਰਤਾਵਾਂ ਦੌਰਾਨ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਪ੍ਰਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ।











Comments (0)