ਹਜ਼ੂਰ ਸਾਹਿਬ ਐਕਟ ਨਾਲ ਛੇੜਛਾੜ ਨਾ ਕੀਤੀ ਜਾਵੇ : ਖੁੱਡੀਆਂ

ਹਜ਼ੂਰ ਸਾਹਿਬ ਐਕਟ ਨਾਲ ਛੇੜਛਾੜ ਨਾ ਕੀਤੀ ਜਾਵੇ : ਖੁੱਡੀਆਂ

ਬਠਿੰਡਾ/ਏ.ਟੀ.ਨਿਊਜ਼: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਮੂਹ ਸਿਆਸੀ ਪਾਰਟੀਆਂ ਅਤੇ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਮਹਾਰਾਸ਼ਟਰ ਸਰਕਾਰ ਵੱਲੋਂ 1956 ਦੇ ਹਜ਼ੂਰ ਸਾਹਿਬ ਐਕਟ ਨੂੰ ਰੱਦ ਕਰਨ ਦੀ ਤਜਵੀਜ਼ ਦਾ ਇਕਜੁੱਟ ਹੋ ਕੇ ਵਿਰੋਧ ਕਰਨ। ਇਸ ਕਾਨੂੰਨ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਤਖ਼ਤ ਹਜ਼ੂਰ ਸਾਹਿਬ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰੇਗੀ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਬਠਿੰਡਾ ਦੀ ਡੱਬਵਾਲੀ ਰੋਡ ਸਥਿਤ ਖੇਤੀ ਭਵਨ ਵਿੱਚ ਪੰਜਾਬ ਦੀ ਪਹਿਲੀ ਬਾਇਓ-ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬਾਰਟਰੀ ਨੂੰ ਲੋਕ ਅਰਪਣ ਕਰਨ ਅਤੇ ਬੀਜ ਪਰਖ ਪ੍ਰਯੋਗਸ਼ਾਲਾ ਦਾ ਨੀਂਹ ਪੱਥਰ ਰੱਖਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮਿਆਰੀ ਬੀਜ, ਖਾਦਾਂ ਅਤੇ ਹੋਰ ਖੇਤੀ ਜਾਣਕਾਰੀ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਨਵੀਂ ਬੀਜ ਪਰਖ ਪ੍ਰਯੋਗਸ਼ਾਲਾ ਨਾਲ ਬੀਜਾਂ ਦੀ ਗੁਣਵੱਤਾ ਦੀ ਵਿਗਿਆਨਕ ਜਾਂਚ ਨੂੰ ਹੋਰ ਮਜ਼ਬੂਤੀ ਮਿਲੇਗੀ ਜਦ ਕਿ ਬਾਇਓ-ਫਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬਾਰਟਰੀ ਰਾਹੀਂ ਜੈਵਿਕ ਖਾਦਾਂ ਦੀ ਮਿਆਰੀ ਗੁਣਵੱਤਾ ਯਕੀਨੀ ਬਣਾਈ ਜਾਵੇਗੀ। ਪ੍ਰਯੋਗਸ਼ਾਲਾ ਹਰ ਸਾਲ ਘੱਟੋ-ਘੱਟ 1000 ਸੈਂਪਲਾਂ ਦੀ ਜਾਂਚ ਕਰਨ ਦੇ ਸਮਰੱਥ ਹੈ।
ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਮਾਸਟਰ ਜਗਸੀਰ ਸਿੰਘ ਨੇ ਵਿਚਾਰ ਸਾਂਝੇ ਕੀਤੇ। ਸਮਾਗਮ ਦੇ ਅੰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤਪਾਲ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।