ਖ਼ਾਲਸੇ ਦੀਆਂ ਲਾਡਲੀਆਂ ਫ਼ੌਜਾਂ: ਬਿਖੜੇ ਸਮਿਆਂ ਦੇ ਪਹਿਰੇਦਾਰ ਅਤੇ ਗੁਰੂ ਪੰਥ ਦੀ ਜਿਉਂਦੀ-ਜਾਗਦੀ ਮਿਸਾਲ

ਖ਼ਾਲਸੇ ਦੀਆਂ ਲਾਡਲੀਆਂ ਫ਼ੌਜਾਂ: ਬਿਖੜੇ ਸਮਿਆਂ ਦੇ ਪਹਿਰੇਦਾਰ ਅਤੇ ਗੁਰੂ ਪੰਥ ਦੀ ਜਿਉਂਦੀ-ਜਾਗਦੀ ਮਿਸਾਲ

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ

ਪਿਛਲੇ ਦਿਨੀਂ ਉੱਤਰਾਖੰਡ ਦੇ ਨਾਗਰਾਸੂ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਜਿੱਥੇ ਸਥਾਨਕ ਪ੍ਰਸ਼ਾਸਨ ਅਤੇ ਸਿੱਖ ਜਥੇਬੰਦੀਆਂ ਦੀ ਸੂਝ-ਬੂਝ ਸਦਕਾ ਮਾਮਲਾ ਪਿਆਰ ਨਾਲ ਸੁਲਝ ਗਿਆ ਹੈ, ਉੱਥੇ ਹੀ ਕੁਝ ਫਿਰਕੂ ਹਿੰਦੂਤਵੀ ਹਲਕਿਆਂ ਵੱਲੋਂ ਸਿੱਖ ਕੌਮ ਦੇ ਸਭ ਤੋਂ ਨਿਵੇਕਲੇ ਅੰਗ — ‘ਨਿਹੰਗ ਸਿੰਘਾਂ’ ਦੇ ਸਰੂਪ, ਸ਼ਸਤਰਾਂ ਅਤੇ ਰੀਤਾਂ, ਸੰਵਿਧਾਨਕ  ਹੱਕਾਂ ’ਤੇ ਮੁੜ ਸਵਾਲ ਖੜ੍ਹੇ ਕੀਤੇ ਜਾਣ ਲੱਗੇ ਹਨ। ਅਜਿਹੇ ਸਮੇਂ ਇਹ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਕਿਸੇ ਇੱਕ ਘਟਨਾ ਦੇ ਚਸ਼ਮੇ ਤੋਂ ਦੇਖਣ ਦੀ ਬਜਾਏ ਨਿਹੰਗ ਸਿੰਘਾਂ ਦੇ ਮਾਣਮੱਤੇ ਇਤਿਹਾਸ, ਉਨ੍ਹਾਂ ਦੀ ਸਖ਼ਤ ਰਹਿਤ-ਮਰਯਾਦਾ ਅਤੇ ਖ਼ਾਲਸਾ ਪੰਥ ਵਿੱਚ ਉਨ੍ਹਾਂ ਦੀ ਕੇਂਦਰੀ ਭੂਮਿਕਾ ਨੂੰ ਨਿਰਪੱਖਤਾ ਨਾਲ ਸਮਝੀਏ।
ਸਿੱਖ ਇਤਿਹਾਸ ਗਵਾਹ ਹੈ ਕਿ ਨਿਹੰਗ ਸਿੰਘ (ਜਿਨ੍ਹਾਂ ਨੂੰ ਅਕਾਲੀ ਵੀ ਕਿਹਾ ਜਾਂਦਾ ਹੈ)। ਇਹ ਕੋਈ ਡੇਰਾ, ਸਾਧ ਜਾਂ ਆਮ ਸੰਪਰਦਾ ਨਹੀਂ, ਸਗੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਿਆਰ ਕੀਤੀ ਗਈ ਉਹ ‘ਲਾਡਲੀ ਫ਼ੌਜ’ ਹੈ, ਜਿਸ ਦਾ ਮੁੱਖ ਮਕਸਦ ਧਰਮ ਦੀ ਰੱਖਿਆ, ਗੁਰਧਾਮਾਂ ਦੀ ਪਹਿਰੇਦਾਰੀ ਅਤੇ ਜ਼ੁਲਮ ਖਿਲਾਫ਼ ਹਮੇਸ਼ਾ ਤਿਆਰ-ਬਰ-ਤਿਆਰ ਰਹਿਣਾ ਰਿਹਾ ਹੈ। ਇਸ ਨਿਵੇਕਲੇ ਸਰੂਪ ਦੀ ਸ਼ੁਰੂਆਤ ਪਿੱਛੇ ਬੜਾ ਮਨਮੋਹਕ ਮੂੰਹ ਬੋਲਦਾ ਇਤਿਹਾਸ ਹੈ। ਇਤਿਹਾਸਕ ਗ੍ਰੰਥਾਂ (ਜਿਵੇਂ ਬਾਬਾ ਸੁਮੇਰ ਸਿੰਘ ਰਚਿਤ ਸ੍ਰੀ ਗੁਰ ਪਦ ਪ੍ਰੇਮ ਪ੍ਰਕਾਸ਼) ਮੁਤਾਬਕ, ਇੱਕ ਵਾਰ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਨੇ ਨੀਲੇ ਰੰਗ ਦਾ ਪੋਸ਼ਾਕਾ ਪਹਿਨ ਕੇ ਅਤੇ ਸਿਰ ’ਤੇ ਉੱਚਾ ਦੁਮਾਲਾ ਸਜਾ ਕੇ ਗੁਰੂ ਸਾਹਿਬ ਦੇ ਸਨਮੁਖ ਪੇਸ਼ ਹੋਏ। ਗੁਰੂ ਜੀ ਨੇ ਉਨ੍ਹਾਂ ਦੇ ਇਸ ਬੀਰ-ਰਸੀ ਸਰੂਪ ਨੂੰ ਬੇਹੱਦ ਪਸੰਦ ਕੀਤਾ ਅਤੇ ਬਚਨ ਕੀਤੇ ਕਿ ਇਸ ਰੂਪ ਵਾਲੇ ਯੋਧੇ ‘ਨਿਹੰਗ ਸਿੰਘ’ ਕਹਾਉਣਗੇ, ਜੋ ਧਰਮ ਦੇ ਰਾਖੇ ਹੋਣਗੇ। ਭਾਈ ਦਇਆ ਸਿੰਘ ਜੀ ਦੇ ਰਹਿਤਨਾਮੇ ਵਿੱਚ ਵੀ ਨਿਹੰਗਾਂ ਨੂੰ ਨੀਲੇ ਬਸਤਰਾਂ ਅਤੇ ਸ਼ਸਤਰਾਂ ਨਾਲ ਲੈਸ ‘ਅਕਾਲੀ’ (ਅਕਾਲ ਪੁਰਖ ਦੀ ਫ਼ੌਜ) ਕਿਹਾ ਗਿਆ ਹੈ।
ਅੱਜ ਬਹੁਤ ਸਾਰੇ ਲੋਕ ਨਿਹੰਗ ਸਿੰਘਾਂ ਦੇ ਹੱਥਾਂ ਵਿੱਚ ਸ਼ਸਤਰ ਦੇਖ ਕੇ ਭੈਅਭੀਤ ਹੁੰਦੇ ਹਨ ਜਾਂ ਉਨ੍ਹਾਂ ਦੀ ਆਲੋਚਨਾ ਕਰਦੇ ਹਨ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਇਹ ਸ਼ਸਤਰ ਧਰਮ ਅਤੇ ਮਜ਼ਲੂਮ ਦੀ ਰੱਖਿਆ ਲਈ ਹਨ, ਨਾ ਕਿ ਕਿਸੇ ਨਿਹੱਥੇ ’ਤੇ ਵਾਰ ਕਰਨ ਲਈ। 18ਵੀਂ ਸਦੀ ਦੇ ਬਿਖੜੇ ਦਿਨਾਂ ਵਿੱਚ ਜਦੋਂ ਮੁਗਲ ਹਕੂਮਤ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀ ਸਿੱਖਾਂ ਦੀ ਨਸਲਕੁਸ਼ੀ ’ਤੇ ਉਤਾਰੂ ਸਨ, ਉਦੋਂ ਇਨ੍ਹਾਂ ਅਕਾਲੀ ਨਿਹੰਗ ਸਿੰਘਾਂ ਨੇ ਹੀ ਜੰਗਲਾਂ ਵਿੱਚ ਭੁੱਖੇ-ਭਾਣੇ ਰਹਿ ਕੇ ਵੀ ਸ੍ਰੀ ਦਰਬਾਰ ਸਾਹਿਬ ਸਮੇਤ ਤਮਾਮ ਗੁਰਧਾਮਾਂ ਦੀ ਪਹਿਰੇਦਾਰੀ ਕੀਤੀ ਅਤੇ ਸਿੱਖੀ ਦੀ ਆਨ-ਬਾਨ-ਸ਼ਾਨ ਨੂੰ ਆਂਚ ਨਹੀਂ ਆਉਣ ਦਿੱਤੀ।
ਇਤਿਹਾਸਕਾਰ ਗਿਆਨੀ ਗਿਆਨ ਸਿੰਘ ਅਨੁਸਾਰ, ਨਿਹੰਗ ਸਿੰਘ ‘ਜੰਗ, ਸ਼ਸਤਰ ਅਤੇ ਘੋੜਿਆਂ’ ਦੇ ਪ੍ਰੇਮੀ ਜ਼ਰੂਰ ਹਨ, ਪਰ ਉਹ ਗੁਰੂ ਸਾਹਿਬ ਦੇ ਦੱਸੇ 10 ਗੁਣਾਂ — ਦਇਆ, ਦਾਨ, ਖਿਮਾ, ਸ਼ੁੱਧਤਾ, ਮਨ ਦੀ ਇਕਾਗਰਤਾ ਅਤੇ ਅਕਾਲ ਪੁਰਖ ਦੀ ਭਗਤੀ ਦੇ ਧਾਰਨੀ ਹੁੰਦੇ ਹਨ। ਉਨ੍ਹਾਂ ਦੀ ਰਹਿਤ ਨਿਰਦਈ ਹਿੰਸਾ, ਹੰਕਾਰ, ਆਲਸ ਅਤੇ ਅਪਵਿੱਤਰਤਾ ਵਰਗੇ ਔਗੁਣਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੀ ਹੈ। ਬਾਬਾ ਅਕਾਲੀ ਫੂਲਾ ਸਿੰਘ ਜੀ ਵਰਗੇ ਮਹਾਨ ਜਰਨੈਲ ਇਸੇ ਪਰੰਪਰਾ ਦੇ ਪ੍ਰਤੀਕ ਸਨ, ਜੋ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਸਭ ਤੋਂ ਵੱਡੇ ਥੰਮ੍ਹ ਹੋਣ ਦੇ ਨਾਲ-ਨਾਲ ਇੰਨੇ ਖ਼ੁਦਮੁਖਤਿਆਰ ਸਨ ਕਿ ਰਾਜੇ ਦੀ ਧਾਰਮਿਕ ਭੁੱਲ ’ਤੇ ਉਨ੍ਹਾਂ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਜੁਰਅੱਤ ਰੱਖਦੇ ਸਨ। ਖ਼ਾਲਸਾ ਰਾਜ ਦੀ ਰਖਿਆ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਸਹਿਯੋਗ ਵੀ ਦਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੀ ਹਰ ਜੰਗ ਦੀ ਜਿੱਤ ਵਿੱਚ ਨਿਹੰਗ ਸਿੰਘਾਂ ਦੀ ਭੂਮਿਕਾ ਸੀ। 1823 ਦੀ ਨੌਸ਼ਹਿਰਾ ਦੀ ਜੰਗ ਵਿੱਚ ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ਨੇ ਸਿੱਖ ਸਾਮਰਾਜ ਦੀਆਂ ਨੀਹਾਂ ਮਜ਼ਬੂਤ ਕੀਤੀਆਂ ਅਤੇ ਨਿਹੰਗਾਂ ਦੇ ਰੁਤਬੇ ਨੂੰ ਅਮਰ ਕਰ ਦਿੱਤਾ।
ਨਿਹੰਗਾਂ ਦੀ ਇੱਕ ਹੋਰ ਦਿਲਚਸਪ ਅਤੇ ਨਿਵੇਕਲੀ ਵਿਸ਼ੇਸ਼ਤਾ ਉਨ੍ਹਾਂ ਦੀ ‘ਗੜਗੱਜ ਬੋਲੀ’ ਜਾਂ ਖ਼ਾਲਸਾਈ ਬੋਲੇ ਹਨ। ਜੰਗਲਾਂ ਅਤੇ ਮੁਸ਼ਕਿਲ ਹਾਲਾਤਾਂ ਵਿੱਚ ਰਹਿਣ ਦੇ ਬਾਵਜੂਦ ਆਪਣੇ ਹੌਸਲੇ ਬੁਲੰਦ ਰੱਖਣ ਲਈ ਉਨ੍ਹਾਂ ਨੇ ਅਜਿਹੇ ਸ਼ਬਦ ਘੜੇ ਜੋ ਅੱਜ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ — ਜਿਵੇਂ ਇੱਕ ਸਿੰਘ ਨੂੰ ‘ਸਵਾ ਲੱਖ’ ਕਹਿਣਾ, ਸੁੱਕੇ ਛੋਲਿਆਂ ਨੂੰ ‘ਬਾਦਾਮ’ ਆਖਣਾ, ਰੁਪਿਆਂ ਨੂੰ ‘ਛਿੱਲੜ’ ਅਤੇ ਟੁੱਟੀ ਹੋਈ ਛੱਪਰੀ ਨੂੰ ‘ਸ਼ੀਸ਼ ਮਹਿਲ’ ਕਹਿਣਾ। ਇਹ ਬੋਲੀ ਦਰਸਾਉਂਦੀ ਹੈ ਕਿ ਨਿਹੰਗ ਸਿੰਘ ਹਰ ਮੁਸੀਬਤ ਨੂੰ ਹੱਸ ਕੇ ਝੱਲਣ ਵਾਲੇ ਸੁਭਾਅ ਦੇ ਮਾਲਕ ਹਨ।
ਇਹ ਸੱਚ ਹੈ ਕਿ ਸਮੇਂ ਦੇ ਬਦਲਣ ਨਾਲ ਅਤੇ ਕੇਂਦਰੀ ਕਮਾਂਡ ਦੀ ਘਾਟ ਕਾਰਨ ਕੁਝ ਥਾਵਾਂ ’ਤੇ ਆਪਸੀ ਮਤਭੇਦ ਜਾਂ ਵਿਵਾਦ ਸਾਹਮਣੇ ਆਉਂਦੇ ਹਨ। ਅੱਜ ਨਿਹੰਗ ਸਿੰਘ ਕਿਸੇ ਇੱਕ ਕੇਂਦਰੀ ਕਮਾਂਡ ਦੇ ਅਧੀਨ ਨਹੀਂ ਹਨ, ਸਗੋਂ ਇਹ ਵੱਖ-ਵੱਖ ਦਲਾਂ (ਜਿਵੇਂ ਬੁੱਢਾ ਦਲ, ਤਰੁਣਾ ਦਲ) ਵਿੱਚ ਵੰਡੇ ਹੋਏ ਹਨ, ਜਿਨ੍ਹਾਂ ਦੇ ਆਪਣੇ ਜਥੇਦਾਰ ਹੁੰਦੇ ਹਨ। ਇਹ ਸਿੰਘ ਅੱਜ ਵੀ ਘੋੜਸਵਾਰੀ, ਗੱਤਕਾ (ਸਿੱਖ ਮਾਰਸ਼ਲ ਆਰਟ) ਅਤੇ ਪੁਰਾਤਨ ਖ਼ਾਲਸਾਈ ਰਹਿਣੀ-ਬਹਿਣੀ ਨੂੰ ਜਿਉਂਦਾ ਰੱਖ ਰਹੇ ਹਨ। ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇ ਦਿਨ ਨਿਹੰਗ ਸਿੰਘਾਂ ਦੇ ਜੌਹਰ ਦੇਖਣਯੋਗ ਹੁੰਦੇ ਹਨ। ਪੁਰਾਤਨ ਸਮੇਂ ਜੰਗਾਂ ਦੌਰਾਨ ਸਰੀਰਕ ਪੀੜਾ ਘਟਾਉਣ ਲਈ ਵਰਤੀ ਜਾਂਦੀ ‘ਸ਼ਹੀਦੀ ਦੇਗ’ (ਸੁੱਖਾ) ਦੀ ਵਰਤੋਂ ਨੂੰ ਲੈ ਕੇ ਵੀ ਅਜੋਕੇ ਸਿੱਖ ਵਿਦਵਾਨਾਂ ਵਿੱਚ ਚਰਚਾ ਹੁੰਦੀ ਹੈ ਪਰ ਇਨ੍ਹਾਂ ਵਖਰੇਵਿਆਂ ਦੇ ਬਾਵਜੂਦ, ਨਿਹੰਗ ਸਿੰਘਾਂ ਵੱਲੋਂ ਦੁਮਾਲਾ, ਫ਼ਰਲਾ ਅਤੇ ਪੁਰਾਤਨ ਸਿੱਖ ਮਾਰਸ਼ਲ ਆਰਟ (ਗੱਤਕਾ) ਤੇ ਘੋੜਸਵਾਰੀ ਦੀ ਵਿਰਾਸਤ ਨੂੰ ਜਿਉਂਦਾ ਰੱਖਣਾ ਬੇਮਿਸਾਲ ਹੈ।
18ਵੀਂ ਸਦੀ ਵਿੱਚ ਜਦੋਂ ਸਿੱਖ ਜੰਗਲਾਂ ਵਿੱਚ ਰਹਿ ਕੇ ਮੁਗਲਾਂ ਅਤੇ ਅਫ਼ਗਾਨ ਧਾੜਵੀਆਂ ਨਾਲ ਗੁਰੀਲਾ ਯੁੱਧ (ਧਾੜਵੀ ਜੰਗਾਂ) ਲੜ ਰਹੇ ਸਨ, ਉਦੋਂ ਉਨ੍ਹਾਂ ਨੇ ਮੁਸ਼ਕਿਲ ਹਾਲਾਤ ਵਿੱਚ ਵੀ ਆਪਣੇ ਹੌਸਲਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਦੁਸ਼ਮਣ ਨੂੰ ਭੁਲੇਖਾ ਪਾਉਣ ਲਈ ਇਸ ਗੁਪਤ (ਕੋਡਡ) ਭਾਸ਼ਾ ਦੀ ਸਿਰਜਣਾ ਕੀਤੀ।
ਇਸ ਬੋਲੀ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਮਾੜੀ ਜਾਂ ਥੋੜ੍ਹੀ ਚੀਜ਼ ਨੂੰ ਬਹੁਤ ਵੱਡੀ ਅਤੇ ਸ਼ਾਹੀ ਕਰਕੇ ਦੱਸਿਆ ਜਾਂਦਾ ਹੈ।
ਜੇਕਰ ਇੱਕ ਸਿੰਘ ਕੋਲ ਪੈਸੇ ਖ਼ਤਮ ਹੋ ਗਏ ਹੋਣ ਅਤੇ ਉਹ ਟੁੱਟੀ ਝੁੱਗੀ ਵਿੱਚ ਰਹਿ ਰਿਹਾ ਹੋਵੇ, ਤਾਂ ਉਹ ਇਹ ਨਹੀਂ ਕਹੇਗਾ ਕਿ ‘ਮੈਂ ਗਰੀਬ ਹਾਂ ਤੇ ਮੇਰੇ ਕੋਲ ਪੈਸੇ ਨਹੀਂ ਹਨ।’ ਉਹ ਚੜ੍ਹਦੀ ਕਲਾ ਵਿੱਚ ਆਖੇਗਾ: ‘ਫ਼ੌਜਾਂ ਅੱਜਕੱਲ੍ਹ ‘ਸ਼ੀਸ਼ ਮਹਿਲ’ ਵਿੱਚ ਬਿਰਾਜਮਾਨ ਹਨ ਅਤੇ ਖ਼ਜ਼ਾਨਾ ‘ਮਸਤ’ ਹੈ (ਯਾਨੀ ਛਿੱਲੜ ਖ਼ਤਮ ਹਨ)!
18ਵੀਂ ਸਦੀ ਦੇ ਜੰਗੀ ਮੈਦਾਨਾਂ ਤੋਂ ਲੈ ਕੇ ਆਧੁਨਿਕ ਦੌਰ ਦੇ ਸ਼ਾਂਤਮਈ ਅੰਦੋਲਨਾਂ ਤੱਕ, ਨਿਹੰਗ ਸਿੰਘਾਂ ਦਾ ਯੋਗਦਾਨ ਬੇਮਿਸਾਲ ਰਿਹਾ ਹੈ। ਵੀਹਵੀਂ ਸਦੀ ਦੇ ‘ਧਰਮਯੁੱਧ ਮੋਰਚੇ’ ਤੋਂ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਲੜੇ ਗਏ ਇਤਿਹਾਸਕ ‘ਕਿਸਾਨ ਮੋਰਚੇ’ ਤੱਕ ਨਿਹੰਗ ਸਿੰਘਾਂ ਨੇ ਪੰਜਾਬ ਦੀ ਅਣਖ ਅਤੇ ਹੱਕਾਂ ਦੀ ਰਾਖੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਧਰਮਯੁੱਧ ਮੋਰਚਾ ਜਿੱਥੇ ਪੰਥਕ ਅਤੇ ਰਾਜਸੀ ਹੱਕਾਂ ਦੀ ਲੜਾਈ ਸੀ, ਉੱਥੇ ਕਿਸਾਨ ਮੋਰਚਾ ਪੰਜਾਬ ਦੀ ਆਰਥਿਕਤਾ ਅਤੇ ਹੋਂਦ ਦੀ ਲੜਾਈ ਸੀ। ਨਿਹੰਗ ਸਿੰਘਾਂ ਨੇ ਦੋਵਾਂ ਮੋਰਚਿਆਂ ਵਿੱਚ ਸ਼ਾਮਲ ਹੋ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਸਮਾਜ ਤੋਂ ਵੱਖਰੇ ਨਹੀਂ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ‘ਸੰਤ-ਸਿਪਾਹੀ’ ਦੇ ਸਿਧਾਂਤ ਮੁਤਾਬਕ, ਜਿੱਥੇ ਉਹ ਨਾਮ-ਬਾਣੀ ਦੇ ਧਾਰਨੀ ਹਨ, ਉੱਥੇ ਹੀ ਉਹ ਮਜ਼ਲੂਮ, ਕਿਸਾਨ ਅਤੇ ਕਿਰਤੀ ਦੀ ਰੱਖਿਆ ਲਈ ਆਪਣੀ ਜਾਨ ਤਲੀ ’ਤੇ ਰੱਖਣ ਤੋਂ ਕਦੇ ਪਿੱਛੇ ਨਹੀਂ ਹਟਦੇ।
ਅਖੀਰ ਵਿੱਚ, ਸਾਨੂੰ ਇਹ ਸਮਝਣਾ ਹੋਵੇਗਾ ਕਿ ਭਰਾਵਾਂ ਵਿੱਚ ਮਤਭੇਦ ਹੋ ਸਕਦੇ ਹਨ, ਪਰ ਨਿਹੰਗ ਸਿੰਘਾਂ ਦੀ ਜੜ੍ਹ ਗੁਰੂ ਸਾਹਿਬ ਦੇ ਪਿਆਰ ਅਤੇ ਸਿਧਾਂਤ ਵਿੱਚ ਹੈ। ਅਜੋਕੇ ਆਧੁਨਿਕ ਸਮਾਜ ਵਿੱਚ ਜਿੱਥੇ ਕਦਰਾਂ-ਕੀਮਤਾਂ ਬਦਲ ਰਹੀਆਂ ਹਨ, ਉੱਥੇ ਨਿਹੰਗ ਸਿੰਘ ਸਿੱਖੀ ਦੀ ਮੂਲ ਮਾਰਸ਼ਲ ਸਪਿਰਿਟ (ਜੰਗੀ ਜਜ਼ਬੇ) ਅਤੇ ਤਿਆਗ ਦੀ ਜਿਉਂਦੀ-ਜਾਗਦੀ ਮਿਸਾਲ ਹਨ। ਸਮਾਜ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਸਰੂਪ ਅਤੇ ਇਤਿਹਾਸ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ, ਕਿਉਂਕਿ ਉਹ ਕੇਵਲ ਬੀਤੇ ਕੱਲ੍ਹ ਦਾ ਇਤਿਹਾਸ ਨਹੀਂ, ਸਗੋਂ ਖ਼ਾਲਸਾ ਪੰਥ ਦਾ ਅਣਖੀਲਾ ਇਤਿਹਾਸ ਅੱਜ ਵੀ ਹਨ।