ਟਰੰਪ ਵੱਲੋਂ ਇਰਾਨ ਦੀ ਜੰਗਬੰਦੀ ਪੇਸ਼ਕਸ਼ ਰੱਦ

ਟਰੰਪ ਵੱਲੋਂ ਇਰਾਨ ਦੀ ਜੰਗਬੰਦੀ ਪੇਸ਼ਕਸ਼ ਰੱਦ

ਵਾਸ਼ਿੰਗਟਨ/ਏ.ਟੀ.ਨਿਊਜ਼ : ਰਾਸ਼ਟਰਪਤੀ ਟਰੰਪ ਵੱਲੋਂ ਇਰਾਨ ਦੀ ਸੱਤ ਦਿਨਾਂ ਸੀਜ਼ਫ਼ਾਇਰ ਤਜਵੀਜ਼ ਰੱਦ ਕੀਤੇ ਜਾਣ ਕਾਰਨ ਅਮਰੀਕਾ-ਇਰਾਨ ਟਕਰਾਅ ਨਾਜ਼ੁਕ ਮੋੜ ’ਤੇ ਪਹੁੰਚ ਗਿਆ ਹੈ। ਜੰਗ ਦੇ ਖ਼ਤਰੇ ਨੂੰ ਟਾਲਣ ਅਤੇ ਗੱਲਬਾਤ ਦੀ ਬਹਾਲੀ ਲਈ ਵਿਚੋਲੇ ਦੇਸ਼ ਹੁਣ ਈਰਾਨ ਨੂੰ ਇਸ ਗੱਲ ਲਈ ਰਾਜ਼ੀ ਕਰਨ ਵਿੱਚ ਜੁਟੇ ਹਨ ਕਿ ਉਹ ਆਪਣੇ ਪਰਮਾਣੂ ਪ੍ਰੋਗਰਾਮ ’ਤੇ ਝੁਕ ਕੇ ਵਾਸ਼ਿੰਗਟਨ ਨੂੰ ਗੱਲਬਾਤ ਦੀ ਮੇਜ਼ ’ਤੇ ਵਾਪਸ ਲਿਆਵੇ।
ਵਾਰਤਾ ਵਿੱਚ ਸ਼ਾਮਲ ਵਿਚੋਲਿਆਂ ਦਾ ਮੰਨਣਾ ਹੈ ਕਿ ਇਹ ਯਤਨ ਭਾਵੇਂ ਕਾਫ਼ੀ ਚੁਣੌਤੀਪੂਰਨ ਅਤੇ ਅਨਿਸ਼ਚਿਤ ਹਨ, ਪਰ ਅਮਰੀਕੀ ਰਾਸ਼ਟਰਪਤੀ ਨੂੰ ਸੰਤੁਸ਼ਟ ਕਰਨ ਦਾ ਇਹੋ ਇੱਕ ਮੁੱਖ ਰਸਤਾ ਬਚਿਆ ਹੈ। ਰਾਸ਼ਟਰਪਤੀ ਟਰੰਪ ਇਸ ਪੂਰੇ ਸੰਘਰਸ਼ ਦਾ ਮੁੱਖ ਮਕਸਦ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਦੱਸ ਰਹੇ ਹਨ। ਉਹ ਇਸ ਮਾਮਲੇ ਨੂੰ ਮਹਿਜ਼ ਹੋਰਮੁਜ਼ ਜਲਡਮਰੂ ਦੀ ਆਵਾਜਾਈ ਦੇ ਕੰਟਰੋਲ ਤੱਕ ਸੀਮਤ ਰੱਖਣ ਦੀ ਬਜਾਏ ਈਰਾਨ ਦੇ ਪਰਮਾਣੂ ਪ੍ਰੋਗਰਾਮ ’ਤੇ ਕੇਂਦਰਿਤ ਕਰਨਾ ਚਾਹੁੰਦੇ ਹਨ।
ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਦਿੱਤੇ ਆਪਣੇ ਭਾਸ਼ਣ ਦੌਰਾਨ ਟਰੰਪ ਨੇ ਤਿੱਖੇ ਤੇਵਰ ਦਿਖਾਉਂਦਿਆਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਰਾਨ ਨੂੰ ਪਰਮਾਣੂ ਬੰਬ ਬਣਾਉਣ ਤੋਂ ਰੋਕਣ ਦੀ ਲੋੜ ਪਈ, ਤਾਂ ਉਹ ਇਰਾਨੀ ਹਕੂਮਤ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਬਦਲ ’ਤੇ ਵੀ ਵਿਚਾਰ ਕਰ ਰਹੇ ਹਨ।
ਇਜ਼ਰਾਇਲ ਦੇ ਹਮਲਿਆਂ ਤੋਂ ਗਾਰੰਟੀ ਦੀ ਮੰਗ
ਗੱਲਬਾਤ ਵਿੱਚ ਸ਼ਾਮਲ ਮੱਧ-ਪੂਰਬ ਦੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਅਨੁਸਾਰ, ਇਰਾਨ ਆਪਣੇ ਪਰਮਾਣੂ ਪ੍ਰੋਗਰਾਮ ’ਤੇ ਸਮਝੌਤਾ ਕਰਨ ਲਈ ਤਿਆਰ ਹੋ ਸਕਦਾ ਹੈ। ਅਧਿਕਾਰੀ ਮੁਤਾਬਕ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨਾਲ ਹੋਈ ਗੱਲਬਾਤ ਦੌਰਾਨ ਵੀ ਇਰਾਨ ਸਮਝੌਤੇ ਦੇ ਕਾਫ਼ੀ ਨੇੜੇ ਪਹੁੰਚ ਗਿਆ ਸੀ। ਹਾਲਾਂਕਿ, ਤਹਿਰਾਨ ਦੀ ਮੁੱਖ ਸ਼ਰਤ ਇਹ ਹੈ ਕਿ ਵਾਸ਼ਿੰਗਟਨ ਨਾਲ ਕਿਸੇ ਵੀ ਸੰਭਾਵੀ ਸਮਝੌਤੇ ਤੋਂ ਬਾਅਦ ਇਜ਼ਰਾਇਲ ਵੱਲੋਂ ਮੁੜ ਕੋਈ ਹਮਲਾ ਨਾ ਕੀਤੇ ਜਾਣ ਦੀ ਪੱਕੀ ਤੇ ਸਪੱਸ਼ਟ ਗਾਰੰਟੀ ਦਿੱਤੀ ਜਾਵੇ।
ਵਧਦੀਆਂ ਪਾਬੰਦੀਆਂ ਅਤੇ ਸਖ਼ਤ ਰੁਖ਼
ਦੂਜੇ ਪਾਸੇ, ਅਮਰੀਕਾ ਨੇ ਇਰਾਨ ਅਤੇ ਉਸ ਨਾਲ ਵਪਾਰ ਕਰਨ ਵਾਲੀਆਂ ਧਿਰਾਂ ਖ਼ਿਲਾਫ਼ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਹਨ ਅਤੇ ਇਰਾਨ ਦੀ ਹਵਾਈ ਆਵਾਜਾਈ ’ਤੇ ਵੀ ਰੋਕ ਲਗਾਉਣ ਦੇ ਯਤਨ ਤੇਜ਼ ਕੀਤੇ ਗਏ ਹਨ। ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਆਪੋ-ਆਪਣੇ ਰੁਖ਼ ’ਤੇ ਅੜੀਆਂ ਹੋਈਆਂ ਹਨ; ਜਿੱਥੇ ਇਰਾਨ ਪਾਬੰਦੀਆਂ ਤੋਂ ਰਾਹਤ ਚਾਹੁੰਦਾ ਹੈ, ਉੱਥੇ ਹੀ ਵਾਸ਼ਿੰਗਟਨ ਉਦੋਂ ਤੱਕ ਆਰਥਿਕ ਤੇ ਕੂਟਨੀਤਕ ਘੇਰਾਬੰਦੀ ਜਾਰੀ ਰੱਖਣ ਦੇ ਰੌਂਅ ਵਿੱਚ ਦਿਖਾਈ ਦੇ ਰਿਹਾ ਹੈ ਜਦੋਂ ਤੱਕ ਈਰਾਨ ਸ਼ਰਤਾਂ ਮੰਨਣ ਲਈ ਮਜਬੂਰ ਨਹੀਂ ਹੋ ਜਾਂਦਾ।