ਪ੍ਰਿੰਸੀਪਲ ਬ੍ਰਿਜਿੰਦਰ ਸਿੰਘ ਸਿੱਧੂ ਦੀ ਨਵੀਂ ਕਿਤਾਬ “‘ਨੇੜਿਓਂ ਤੱਕੀ ਜ਼ਿੰਦਗੀ’” ਰਿਲੀਜ਼
ਫ਼ਰੀਮਾਂਟ/ਏ.ਟੀ.ਨਿਊਜ਼ : ਪ੍ਰਿੰਸੀਪਲ (ਰਿਟਾਇਰਡ) ਬ੍ਰਿਜਿੰਦਰ ਸਿੰਘ ਸਿੱਧੂ ਦੀ ਨਵੀਂ ਕਿਤਾਬ “‘ਨੇੜਿਓਂ ਤੱਕੀ ਜ਼ਿੰਦਗੀ ’” ਇੱਥੇ ਅਮਰੀਕਾ ਵਿੱਚ ਪੰਜਾਬੀ ਸਾਹਿਤ, ਭਾਸ਼ਾ, ਬੋਲੀ ਅਤੇ ਸਭਿਆਚਾਰ ਨੂੰ ਸਮਰਪਿਤ ਉੱਘੀ ਸਾਹਿਤਕ ਸੰਸਥਾ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫ਼ੋਰਨੀਆ ਦੀ 26ਵੀਂ ਸਾਲਾਨਾ ਕਾਨਫ਼ਰੰਸ ਮੌਕੇ ਰਿਲੀਜ਼ ਕੀਤੀ ਗਈ।
ਲੰਘੇ ਦਿਨੀਂ ਕਾਨਫ਼ਰੰਸ ਦੇ ਬਾਅਦ ਦੁਪਹਿਰ ਦੇ ਸੈਸ਼ਨ ਮੌਕੇ ਕਿਤਾਬ ਰਿਲੀਜ਼ ਸਮਾਰੋਹ ਦੌਰਾਨ ਓਰੀਐਟਲ ਕਾਲਜ ਯੂਨੀਵਰਸਿਟੀ ਆਫ਼ ਪੰਜਾਬ ਪਾਕਿਸਤਾਨ ਦੇ ਪ੍ਰਿੰਸੀਪਲ ਡਾ. ਨਬੀਲਾ ਰਹਿਮਾਨ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਅਕਾਦਮੀ ਦੇ ਪ੍ਰਧਾਨ ਸ਼ਾਇਰ ਕੁਲਵਿੰਦਰ ਅਤੇ ਸ਼ਾਇਰ ਹਰਜਿੰਦਰ ਕੰਗ ਨੇ ਇਸ ਕਿਤਾਬ ਨੂੰ ਕਾਨਫ਼ਰੰਸ ਵਿੱਚ ਸ਼ਾਮਲ ਵਿਦਵਾਨਾਂ, ਪਾਠਕਾਂ ਤੇ ਦਰਸ਼ਕਾਂ ਦੇ ਰੂ-ਬਰੂ ਕੀਤਾ।
ਪ੍ਰਿੰਸੀਪਲ ਡਾ. ਨਬੀਲਾ ਰਹਿਮਾਨ ਕਿਤਾਬ ਦੇ ਮੁਖੜੇ ਅਤੇ ਸੋਹਣੀ ਛਪਾਈ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਹ ਇਸ ਕਿਤਾਬ ਨੂੰ ਜ਼ਰੂਰ ਹੀ ਪੜ੍ਹਨਗੇ।
ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਰਾਂ, ਜਿਨ੍ਹਾਂ ਨੇ ਇਸ ਪੁਸਤਕ ਦੀ ਸੰਪਾਦਨਾ ਅਤੇ ਪ੍ਰਕਾਸ਼ਨਾਂ ਵਿੱਚ ਸਹਿਯੋਗ ਦਿੱਤਾ ਹੈ ਅਤੇ ਲੇਖਕ ਦੇ ਸਪੁੱਤਰ ਇੰਜੀਨੀਅਰ ਅਮਰਦੀਪ ਸਿੰਘ ਸਿੱਧੂ (ਸੰਨੀ ਸਿੱਧੂ) ਵੀ ਇਸ ਮੌਕੇ ਹਾਜ਼ਰ ਸਨ। ਲੇਖਕ ਇਨ੍ਹੀਂ ਦਿਨੀਂ ਪੰਜਾਬ ਗਏ ਹੋਣ ਕਾਰਨ ਖੁਦ ਹਾਜ਼ਰ ਨਹੀਂ ਹੋ ਸਕੇ। ਵਰਨਣਯੋਗ ਹੈ ਕਿ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਇਹ ਕਿਤਾਬ ਕਾਲਮਨਵੀਸ ਵਜੋਂ ਕਾਫ਼ੀ ਪੜ੍ਹੇ ਜਾਂਦੇ ਪ੍ਰਿੰਸੀਪਲ (ਰਿਟਾਇਰਡ) ਬ੍ਰਿਜਿੰਦਰ ਸਿੰਘ ਸਿੱਧੂ ਦੇ“ਪੰਜਾਬ ਟਾਈਮਜ਼ ਯੂ ਐੱਸ ਏ ਵਿੱਚ ਛਪਦੇ ਰਹੇ ਚੋਣਵੇਂ ਕਾਲਮਾਂ ਦਾ ਸੰਗ੍ਰਹਿ ਹੈ। ਪ੍ਰੋ. ਸਿੱਧੂ ਨੇ ਇਹ ਕਿਤਾਬ ਸ੍ਰ. ਅਮੋਲਕ ਸਿੰਘ ਜੰਮੂ ਨੂੰ ਸਮਰਪਿਤ ਕੀਤੀ ਹੋਈ ਹੈ।











Comments (0)