ਵਾਸ਼ਿੰਗਟਨ ਦੀ ਸਿੱਖਾਂ ਨਾਲ ਸਾਂਝ ਮਜ਼ਬੂਤ ਕਰਨ ਦੀ ਪਹਿਲ
ਖਾਸ ਖ਼ਬਰ
ਭਾਰਤ ਵਿੱਚ ਨਿਯੁਕਤ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਇੱਕ ਉੱਚ-ਪੱਧਰੀ 29 ਮੈਂਬਰੀ ਅਮਰੀਕੀ ਵਫ਼ਦ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ। ਇਸ ਵਫ਼ਦ ਵਿੱਚ ਪ੍ਰਮੁੱਖ ਅਮਰੀਕੀ ਸੈਨੇਟਰ, ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਬ੍ਰਾਇਨ ਮਾਸਟ ਦੀ ਪਤਨੀ ਬ੍ਰਾਇਨਾ ਮਾਸਟ, ਪ੍ਰਤੀਨਿਧ ਮਾਈਕ ਗੈਲਾਘਰ, ਸ਼੍ਰੀ ਥਾਣੇਦਾਰ ਅਤੇ ਵਿਦੇਸ਼ ਨੀਤੀ ਨਾਲ ਜੁੜੇ ਸੀਨੀਅਰ ਮਾਹਿਰ ਸ਼ਾਮਲ ਸਨ। ਗੋਰ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ, ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਤੇ ਸੇਵਾ ਪਰੰਪਰਾ ਬਾਰੇ ਜਾਣਕਾਰੀ ਲਈ ਅਤੇ ਯਾਤਰੂ ਡਾਇਰੀ ਵਿੱਚ ਦਰਜ ਕੀਤਾ ਕਿ ਕਰੀਬ 15 ਸਾਲਾਂ ਬਾਅਦ ਇਸ ਰੂਹਾਨੀ ਅਸਥਾਨ ’ਤੇ ਪਰਤਣਾ ਉਨ੍ਹਾਂ ਲਈ ਡੂੰਘੇ ਮਾਣ ਵਾਲੀ ਗੱਲ ਹੈ। ਦਰਬਾਰ ਸਾਹਿਬ ਤੋਂ ਬਾਅਦ ਵਫ਼ਦ ਨੇ ਜਲ੍ਹਿਆਂਵਾਲਾ ਬਾਗ ਅਤੇ ਪਾਰਟੀਸ਼ਨ ਮਿਊਜ਼ੀਅਮ ਦਾ ਵੀ ਦੌਰਾ ਕੀਤਾ।
ਦੌਰੇ ਪਿੱਛੇ ਮੁੱਖ ਮੰਤਵ
ਇਸ ਦੌਰੇ ਪਿੱਛੇ ਵਾਸ਼ਿੰਗਟਨ ਦਾ ਮੁੱਖ ਉਦੇਸ਼ ਨਵੀਂ ਦਿੱਲੀ ਤੋਂ ਅੱਗੇ ਵਧ ਕੇ ਭਾਰਤ ਦੇ ਖੇਤਰੀ ਸੂਬਿਆਂ ਖਾਸ ਕਰਕੇ ਸਿੱਖ ਪੰਥ ਨਾਲ ਸਿੱਧੇ ਸਬੰਧ ਮਜ਼ਬੂਤ ਕਰਨਾ ਹੈ। ਪੰਜਾਬ ਦਾ ਉੱਤਰੀ ਅਮਰੀਕਾ (ਅਮਰੀਕਾ ਅਤੇ ਕੈਨੇਡਾ) ਨਾਲ ਡੂੰਘਾ ਸੱਭਿਆਚਾਰਕ ਅਤੇ ਪਰਵਾਸੀ (ਡਾਇਸਪੋਰਾ) ਸਬੰਧ ਹੈ। ਇਸ ਪਹੁੰਚ ਪ੍ਰੋਗਰਾਮ ਰਾਹੀਂ ਅਮਰੀਕੀ ਪ੍ਰਸ਼ਾਸਨ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ, ਇਤਿਹਾਸਕ ਪਿਛੋਕੜ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨਾਲ ਸਿੱਧਾ ਸੰਵਾਦ ਕਾਇਮ ਕਰਨਾ ਚਾਹੁੰਦਾ ਸੀ।
ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਮਰੀਕੀ ਰਾਜਦੂਤ ਦਾ ਸਨਮਾਨ ਕਰਦਿਆਂ ਕਈ ਅਹਿਮ ਮੁੱਦੇ ਚੁੱਕੇ।
ਐਡਵੋਕੇਟ ਧਾਮੀ ਨੇ ਅਮਰੀਕਾ ਵਿੱਚ ਇੱਕ ਪੋਸਟਰ ਮੁਹਿੰਮ ਦੌਰਾਨ ਪਵਿੱਤਰ ਟਾਈਟਲ ‘ਸਿੰਘ’ ਦੀ ਗ਼ਲਤ ਵਰਤੋਂ ਦਾ ਮਾਮਲਾ ਉਠਾਇਆ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਤੋਂ ਬਾਅਦ ਹਾਲਾਂਕਿ ਉਹ ਪੋਸਟ ਹਟਾ ਦਿੱਤੀ ਗਈ ਸੀ, ਪਰ ਅਮਰੀਕੀ ਸਰਕਾਰ ਨੂੰ ਅਜਿਹੇ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਅਮਰੀਕਾ ਦੇ ਵਿਕਾਸ ਵਿੱਚ ਸਿੱਖਾਂ ਤੇ ਪੰਜਾਬੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਧਾਮੀ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਮਰੀਕਾ ਵਿੱਚ ਰਹਿ ਰਹੇ ਸਮੁੱਚੇ ਪਰਵਾਸੀ ਭਾਈਚਾਰਿਆਂ, ਖ਼ਾਸ ਕਰਕੇ ਸਿੱਖਾਂ ਦੀ ਜਾਨ-ਮਾਲ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਸਿੱਖਾਂ ਦੇ ਅਮਰੀਕਾ ਨਾਲ ਇਤਿਹਾਸਕ ਸਬੰਧ ਹਨ; ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਵੀ ਅਮਰੀਕੀ ਮੂਲ ਦੇ ਅਫ਼ਸਰ ਸੇਵਾ ਨਿਭਾਉਾਂਦੇਰਹੇ ਸਨ। ਉਨ੍ਹਾਂ ਨੇ ਅਮਰੀਕਾ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਮੁੱਖ ਮਸਲਿਆਂ ਅਤੇ ਸਰਬੱਤ ਦੇ ਭਲੇ ਦੇ ਸੰਕਲਪ ’ਤੇ ਚਰਚਾ ਕੀਤੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਉਠਾਏ ਮੁੱਦੇ ਤੇ ਮੰਗ ਪੱਤਰ
ਅਮਰੀਕੀ ਦੂਤ ਦੇ ਦੌਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਪਲਾਜ਼ਾ ਬਾਹਰ ਸੰਖੇਪ ਰੋਸ ਪ੍ਰਦਰਸ਼ਨ ਕੀਤਾ ਅਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਤੇ ‘ਗਾਡ ਬਲੈਸ ਅਮਰੀਕਾ ’ ਦੇ ਨਾਅਰੇ ਲਗਾਏ। ਵਫ਼ਦ ਨਾਲ ਸਿੱਧੀ ਮੁਲਾਕਾਤ ਦੀ ਆਗਿਆ ਨਾ ਮਿਲਣ ਕਾਰਨ ਪਾਰਟੀ ਨੇ ਈਮੇਲ ਰਾਹੀਂ ਅਮਰੀਕੀ ਦੂਤਾਵਾਸ ਨੂੰ ਮੰਗ ਪੱਤਰ ਭੇਜਿਆ, ਜਿਸ ਵਿੱਚ ਹੇਠ ਲਿਖੇ ਨੁਕਤੇ ਸ਼ਾਮਲ ਸਨ:
ਅਕਾਲੀ ਦਲ ਅੰਮ੍ਰਿਤਸਰ ਨੇ ਮਈ 2025 ਦੇ ਭਾਰਤ-ਪਾਕਿਸਤਾਨ ਟਕਰਾਅ ਨੂੰ ਰੋਕਣ ਵਿੱਚ ਰਾਸ਼ਟਰਪਤੀ ਟਰੰਪ ਦੀ ਕੂਟਨੀਤਕ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਵਕਾਲਤ ਕੀਤੀ ਅਤੇ ਸਰਹੱਦੀ ਖੇਤਰਾਂ ਵਿੱਚ ਤਣਾਅ ਘਟਾਉਣ ਲਈ ਅਮਰੀਕੀ ਦਖ਼ਲ ਦੀ ਮੰਗ ਕੀਤੀ।
ਖੇਤਰੀ ਸਥਿਰਤਾ ਲਈ ਸਿੰਧੂ ਜਲ ਸਮਝੌਤੇ ਦੀ ਬਹਾਲੀ ਅਤੇ ਪੰਜਾਬ ਦੇ ਆਰਥਿਕ ਵਿਕਾਸ ਲਈ ਤਾਪੀ (ਤੁਰਕਮੇਨਿਸਤਾਨ-ਅਫ਼ਗ਼ਾਨਿਸਤਾਨ-ਪਾਕਿਸਤਾਨ-ਭਾਰਤ) ਗੈਸ ਪਾਈਪਲਾਈਨ ਪ੍ਰੋਜੈਕਟ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।
ਵਪਾਰ ਤੇ ਲਾਂਘੇ: ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦੀ ਵਪਾਰ, ਯਾਤਰਾ ਅਤੇ ਕਰਤਾਰਪੁਰ ਲਾਂਘੇ ਨੂੰ ਹੋਰ ਸੁਖਾਲਾ ਬਣਾਉਣ ਦੀ ਮੰਗ ਰੱਖੀ ਗਈ। ਪਾਰਟੀ ਨੇ ਆਪਣੇ ਸਿਆਸੀ ਏਜੰਡੇ ਅਤੇ ਖ਼ੁਦਮੁਖ਼ਤਿਆਰੀ ਦੇ ਮਿਸ਼ਨ ਵੱਲ ਵਿਸ਼ਵ ਪੱਧਰੀ ਧਿਆਨ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ।
ਅਮਰੀਕੀ ਰਾਜਦੂਤ ਦੇ ਇਸ ਦੌਰੇ ਨੂੰ ਜਿੱਥੇ ਇੱਕ ਪਾਸੇ ਕੂਟਨੀਤਕ ਤੇ ਰੂਹਾਨੀ ਸਾਂਝ ਵਜੋਂ ਦੇਖਿਆ ਗਿਆ, ਉੱਥੇ ਹੀ ਸਿੱਖ ਲੀਡਰਸ਼ਿਪ ਅਤੇ ਸਿਆਸੀ ਧਿਰਾਂ ਨੇ ਇਸ ਮੰਚ ਦੀ ਵਰਤੋਂ ਪੰਜਾਬ ਦੇ ਆਰਥਿਕ, ਭੂ-ਰਾਜਨੀਤਕ ਅਤੇ ਸਿੱਖ ਪਛਾਣ ਨਾਲ ਜੁੜੇ ਸਰੋਕਾਰਾਂ ਨੂੰ ਵਾਸ਼ਿੰਗਟਨ ਦੇ ਧਿਆਨ ਵਿੱਚ ਲਿਆਉਣ ਲਈ ਕੀਤੀ ਹੈ।











Comments (0)