ਏਸ਼ਿਅਨ ਖੇਡਾਂ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਸੋਨ ਤਗਮਾ
ਨਿਸ਼ਿਨ (ਜਪਾਨ)/ਏ.ਟੀ.ਨਿਊਜ਼: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਿਆ ਹੈ। ਫਾਈਨਲ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਸ੍ਰੀਲੰਕਾ ਨੂੰ 147 ਦੌੜਾਂ ਦੇ ਵੱਡੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ। ਇਸ ਵਾਰ ਦੀਆਂ ਖੇਡਾਂ ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 31 ਦੌੜਾਂ ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਤਿੰਨ ਵਿਕਟਾਂ ’ਤੇ 216 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜੋ ਏਸ਼ਿਆਈ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਪਾਰੀ ਦੀ ਸ਼ੁਰੂਆਤ ਵਿੱਚ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਪਹਿਲੇ ਛੇ ਓਵਰਾਂ ਵਿੱਚ ਹੀ 59 ਦੌੜਾਂ ਜੋੜ ਦਿੱਤੀਆਂ। ਮੰਧਾਨਾ ਨੇ 45 ਗੇਂਦਾਂ ਵਿੱਚ 79 ਦੌੜਾਂ ਬਣਾਈਆਂ, ਸ਼ੈਫਾਲੀ 48 ਦੌੜਾਂ ਬਣਾ ਕੇ ਆਊਟ ਹੋਈ। ਆਖਰੀ ਓਵਰਾਂ ਵਿੱਚ ਰਿਚਾ ਘੋਸ਼ ਨੇ ਹਮਲਾਵਰ ਪਾਰੀ ਖੇਡਦਿਆਂ ਮਹਿਜ਼ 22 ਗੇਂਦਾਂ ਵਿੱਚ 49 ਦੌੜਾਂ ਦੀ ਨਾਬਾਦ ਪਾਰੀ ਖੇਡੀ। ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ ਅਤੇ 15.4 ਓਵਰਾਂ ਵਿੱਚ ਮਹਿਜ਼ 69 ਦੌੜਾਂ ਉੱਤੇ ਢੇਰ ਹੋ ਗਈ।
ਖ਼ਿਤਾਬ ਜਿੱਤਣ ਮਗਰੋਂ ਕਪਤਾਨ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਨੇ ਦੇਸ਼ ਲਈ ਸੋਨ ਤਗਮਿਆਂ ਦਾ ਖਾਤਾ ਖੋਲ੍ਹ ਕੇ ਆਪਣਾ ਟੀਚਾ ਪੂਰਾ ਕਰ ਲਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹੋਰ ਭਾਰਤੀ ਖਿਡਾਰੀ ਵੀ ਸੋਨਾ ਜਿੱਤਣਗੇ। ਜਪਾਨ ਵਿੱਚ ਮੈਦਾਨ ਦੇ ਪ੍ਰਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਇੱਥੋਂ ਦੀ ਹਾਈਬ੍ਰਿਡ ਪਿੱਚ ਬਹੁਤ ਵਧੀਆ ਨਿਕਲੀ, ਜਿਸ ਨੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੋਵਾਂ ਦੀ ਮਦਦ ਕੀਤੀ ਅਤੇ ਕਿਸੇ ਖਿਡਾਰੀ ਨੂੰ ਕੋਈ ਸੱਟ ਵੀ ਨਹੀਂ ਲੱਗੀ।











Comments (0)