ਬਰਤਾਨੀਆ ਵਿਚ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਮਿਲਣ ਦੇ 50 ਸਾਲ ਮੁਕੰਮਲ

ਬਰਤਾਨੀਆ ਵਿਚ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਮਿਲਣ ਦੇ 50 ਸਾਲ ਮੁਕੰਮਲ
ਬਰਤਾਨੀਆ ਦੇ ਮਾਨਚੈਸਟਰ ਸ਼ਹਿਰ ਵਿੱਚ ਸਿੱਖ ਮੋਟਰਸਾਈਕਲ ਸਵਾਰਾਂ ਨੇ ਇੱਕ ਯਾਦਗਾਰੀ ਰਾਈਡ ਕੱਢ ਕੇ ਬ੍ਰਿਟਿਸ਼ ਕਾਨੂੰਨ ਵਿੱਚ ਆਏ ਉਸ ਇਤਿਹਾਸਕ ਬਦਲਾਅ ਦੀ 50ਵੀਂ ਵਰ੍ਹੇਗੰਢ ਮਨਾਈ, ਜਿਸ ਨੇ ਦਸਤਾਰਧਾਰੀ ਸਿੱਖਾਂ ਲਈ ਬਿਨਾਂ ਹੈਲਮੇਟ ਮੋਟਰਸਾਈਕਲ ਚਲਾਉਣ ਦਾ ਰਾਹ ਪੱਧਰਾ ਕੀਤਾ ਸੀ। ਇਹ ਵਿਸ਼ੇਸ਼ ਮਾਰਚ ਮਾਨਚੈਸਟਰ ਦੇ ਉੱਘੇ ਸਿੱਖ ਪ੍ਰਚਾਰਕ ਅਤੇ ਅਧਿਕਾਰ ਕਾਰਕੁਨ ਗਿਆਨੀ ਸੁੰਦਰ ਸਿੰਘ ਸਾਗਰ (ਜਿਨ੍ਹਾਂ ਨੂੰ ਪਿਆਰ ਨਾਲ 'ਗਿਆਨੀ ਜੀ' ਕਿਹਾ ਜਾਂਦਾ ਸੀ) ਦੇ ਸੰਘਰਸ਼ ਅਤੇ ਕੁਰਬਾਨੀ ਨੂੰ ਸਮਰਪਿਤ ਰਿਹਾ।
​ਲਗਭਗ 20 ਸਿੱਖ ਮੋਟਰਸਾਈਕਲ ਸਵਾਰਾਂ ਦਾ ਇਹ ਕਾਫ਼ਲਾ ਮਾਨਚੈਸਟਰ ਸਿਟੀ ਸੈਂਟਰ ਨੇੜੇ ਸਥਿਤ ਇਤਿਹਾਸਕ ਸਟ੍ਰੇਂਜਵੇਜ਼  ਜੇਲ੍ਹ ਦੇ ਬਾਹਰ ਇਕੱਤਰ ਹੋਇਆ। ਇਸ ਸਥਾਨ ਦੀ ਚੋਣ ਵਿਸ਼ੇਸ਼ ਤੌਰ 'ਤੇ ਇਸ ਲਈ ਕੀਤੀ ਗਈ ਕਿਉਂਕਿ ਗਿਆਨੀ ਜੀ ਨੂੰ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਬਦਲੇ ਇਸੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਿਆ ਸੀ। ਇੱਥੋਂ ਸ਼ੁਰੂ ਹੋਈ ਇਹ ਮੋਟਰਸਾਈਕਲ ਰਾਈਡ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸੰਪੰਨ ਹੋਈ।
 
ਗਿਆਨੀ ਜੀ ਦਾ ਜੇਲ੍ਹ ਤੋਂ ਕਾਨੂੰਨ ਬਦਲਣ ਤੱਕ ਦਾ ਸਫ਼ਰ
 
​ਇਹ ਘਟਨਾਕ੍ਰਮ 1976 ਦਾ ਹੈ ਜਦੋਂ ਬਰਤਾਨੀਆ ਵਿੱਚ ਮੋਟਰਸਾਈਕਲ ਜਾਂ ਮੋਪੇਡ ਚਲਾਉਣ ਸਮੇਂ ਹੈਲਮੇਟ ਪਹਿਨਣਾ ਸਭ ਲਈ ਲਾਜ਼ਮੀ ਕਰ ਦਿੱਤਾ ਗਿਆ ਸੀ। ਗਿਆਨੀ ਸੁੰਦਰ ਸਿੰਘ ਸਾਗਰ ਨੇ ਦਸਤਾਰ ਦੇ ਸਤਿਕਾਰ ਨੂੰ ਸਰਵਉੱਚ ਰੱਖਦਿਆਂ ਹੈਲਮੇਟ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣਾ ਮੋਪੇਡ ਚਲਾਉਂਦੇ ਰਹੇ। ਉਨ੍ਹਾਂ 'ਤੇ ਬਾਰ-ਬਾਰ ਜੁਰਮਾਨੇ ਠੋਕੇ ਗਏ।
​ਉਨ੍ਹਾਂ ਦੇ ਪੁੱਤਰ ਭਾਰਤ ਸਾਗਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਆਪਣੇ ਧਾਰਮਿਕ ਅਕੀਦੇ ਅਤੇ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਜੁਰਮਾਨੇ ਭਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਸਟ੍ਰੇਂਜਵੇਜ਼ ਜੇਲ੍ਹ ਵਿੱਚ ਇੱਕ ਹਫ਼ਤਾ ਬੰਦੀ ਵਜੋਂ ਗੁਜ਼ਾਰਨਾ ਪਿਆ ਸੀ।
​ਗਿਆਨੀ ਜੀ ਦੇ ਹੌਸਲੇ ਦੀ ਮਿਸਾਲ ਦਿੰਦਿਆਂ ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਇੱਕ ਹਫ਼ਤੇ ਬਾਅਦ ਜੇਲ੍ਹ ਵਿੱਚੋਂ ਬਾਹਰ ਆਏ, ਤਾਂ ਉਨ੍ਹਾਂ ਦਾ ਸਿਦਕ ਡੋਲਿਆ ਨਹੀਂ; ਉਹ ਤੁਰੰਤ ਮੁੜ ਆਪਣੇ ਮੋਪੇਡ 'ਤੇ ਸਵਾਰ ਹੋ ਗਏ। ਜੇਲ੍ਹ ਦੇ ਬਾਹਰੋਂ ਨਿਕਲਦੇ ਹੀ ਥੋੜ੍ਹੀ ਦੂਰੀ ਦੇ ਅੰਦਰ ਪੁਲਿਸ ਨੇ ਉਨ੍ਹਾਂ ਨੂੰ ਛੇ ਵਾਰ ਰੋਕਿਆ ਅਤੇ ਮੁੜ ਚਲਾਨ ਕੱਟੇ। ਆਖਰਕਾਰ, ਗਿਆਨੀ ਜੀ ਦੇ ਇਸ ਅਡੋਲ ਸ਼ਾਂਤਮਈ ਵਿਰੋਧ ਅਤੇ ਲਗਾਤਾਰ ਮੁਹਿੰਮ ਅੱਗੇ ਝੁਕਦਿਆਂ ਬ੍ਰਿਟਿਸ਼ ਸਰਕਾਰ ਨੂੰ ਕਾਨੂੰਨ ਵਿੱਚ ਸੋਧ ਕਰਨੀ ਪਈ ਅਤੇ ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਪਹਿਨਣ ਤੋਂ ਅਧਿਕਾਰਤ ਛੋਟ ਦੇ ਦਿੱਤੀ ਗਈ ਸੀ।
 
 
 
​ਗਿਆਨੀ ਸੁੰਦਰ ਸਿੰਘ ਸਾਗਰ ਦਾ ਸੰਘਰਸ਼ ਸਿਰਫ਼ ਮੋਟਰਸਾਈਕਲ ਹੈਲਮੇਟ ਤੱਕ ਹੀ ਸੀਮਤ ਨਹੀਂ ਸੀ, ਸਗੋਂ ਉਨ੍ਹਾਂ ਨੇ ਬਰਤਾਨੀਆ ਵਿੱਚ ਸਿੱਖ ਪਛਾਣ ਨੂੰ ਸਥਾਪਿਤ ਕਰਨ ਲਈ ਕਈ ਦਹਾਕੇ ਲੰਬੀਆਂ ਲੜਾਈਆਂ ਲੜੀਆਂ:
 1960 ਦੇ ਦਹਾਕੇ ਵਿੱਚ ਉਨ੍ਹਾਂ ਨੂੰ ਯੂਨੀਫਾਰਮ ਨਿਯਮਾਂ ਦਾ ਹਵਾਲਾ ਦੇ ਕੇ ਮਾਨਚੈਸਟਰ ਵਿੱਚ ਬੱਸ ਕੰਡਕਟਰ ਦੀ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਗਿਆਨੀ ਜੀ ਨੇ ਇਸ ਵਿਤਕਰੇ ਖ਼ਿਲਾਫ਼ ਲਗਾਤਾਰ 7 ਸਾਲ ਕਾਨੂੰਨੀ ਤੇ ਸਮਾਜਿਕ ਸੰਘਰਸ਼ ਵਿੱਢਿਆ। ਉਨ੍ਹਾਂ ਦੇ ਯਤਨਾਂ ਸਦਕਾ ਅਕਤੂਬਰ 1966 ਵਿੱਚ ਮਾਨਚੈਸਟਰ ਟਰਾਂਸਪੋਰਟ ਕਮੇਟੀ ਨੇ ਇਤਿਹਾਸਕ ਵੋਟਿੰਗ ਰਾਹੀਂ ਦਸਤਾਰ ਨੂੰ ਵਰਦੀ ਦਾ ਕਾਨੂੰਨੀ ਹਿੱਸਾ ਸਵੀਕਾਰ ਕੀਤਾ।
 
ਉਨ੍ਹਾਂ ਨੇ 1953 ਵਿੱਚ ਮਾਨਚੈਸਟਰ ਵਿਖੇ ਸੰਗਤ ਨਾਲ ਮਿਲ ਕੇ ਯੂਰਪ ਦੇ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬਾਨ ਵਿੱਚੋਂ ਇੱਕ ਦੀ ਨੀਂਹ ਰੱਖੀ, ਜਿਸ ਨੇ ਪਰਵਾਸੀ ਭਾਰਤੀਆਂ ਨੂੰ ਧਾਰਮਿਕ ਅਤੇ ਸਮਾਜਿਕ ਧੁਰਾ ਪ੍ਰਦਾਨ ਕੀਤਾ।
 ਬਰਤਾਨਵੀ ਸਮਾਜ ਵਿੱਚ ਉਨ੍ਹਾਂ ਦੇ ਲਾਮਿਸਾਲ ਯੋਗਦਾਨ ਨੂੰ ਦੇਖਦਿਆਂ, ਜੂਨ ਮਹੀਨੇ ਓਲਡ ਟ੍ਰੈਫਰਡ ਸਥਿਤ ਉਨ੍ਹਾਂ ਦੇ ਪੁਰਾਣੇ ਗ੍ਰਹਿ ਵਿਖੇ ਇੱਕ ਯਾਦਗਾਰੀ 'ਬਲੂ ਪਲੇਕ' ਲਾਈ ਗਈ, ਜੋ ਕਿ ਇੰਗਲੈਂਡ ਵਿੱਚ ਇਤਿਹਾਸਕ ਸ਼ਖ਼ਸੀਅਤਾਂ ਦੇ ਸਨਮਾਨ ਵਜੋਂ ਲਗਾਈ ਜਾਂਦੀ ਹੈ।
 
​ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਅਤੇ ਆਪਸੀ ਸਹਿਣਸ਼ੀਲਤਾ ਦਾ ਸੁਨੇਹਾ
​ਰਾਈਡ ਦੀ ਸ਼ੁਰੂਆਤ ਮੌਕੇ ਜੇਲ੍ਹ ਦੇ ਬਾਹਰ ਗਿਆਨੀ ਜੀ ਦੇ ਉਸ ਦੌਰ ਦੇ ਮੋਪੇਡ ਦਾ ਇੱਕ ਹੂਬਹੂ ਮਾਡਲ (ਰੈਪਲਿਕਾ) ਵੀ ਲੋਕਾਂ ਦੇ ਦਰਸ਼ਨਾਂ ਲਈ ਪ੍ਰਦਰਸ਼ਿਤ ਕੀਤਾ ਗਿਆ, ਜਿਸ ਨੇ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ।
​ਗਿਆਨੀ ਜੀ ਦੇ ਦੂਜੇ ਸਪੁੱਤਰ ਉੱਜਲ ਸਿੰਘ, ਜੋ 50 ਸਾਲ ਪਹਿਲਾਂ ਆਪਣੇ ਪਿਤਾ ਦੀ ਜੇਲ੍ਹ ਤੋਂ ਰਿਹਾਈ ਵੇਲੇ ਉੱਥੇ ਮੌਜੂਦ ਸਨ, ਨੇ ਕਿਹਾ ਕਿ ਅੱਧੀ ਸਦੀ ਬਾਅਦ ਉਸੇ ਜੇਲ੍ਹ ਦੇ ਬਾਹਰ ਖੜ੍ਹੇ ਹੋਣਾ ਬੇਹੱਦ ਭਾਵੁਕ ਅਤੇ ਮਾਣਮੱਤਾ ਪਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਜੀਵਨ-ਸੰਦੇਸ਼ ਅੱਜ ਵੀ ਓਨਾ ਹੀ ਜਿਊਂਦਾ ਹੈ।
​ਗਿਆਨੀ ਜੀ ਦੇ 67 ਸਾਲਾ ਪੁੱਤਰ ਭਾਰਤ ਸਾਗਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, "ਮੈਨੂੰ ਸਿੱਖ ਹੋਣ 'ਤੇ ਬੇਹੱਦ ਮਾਣ ਹੈ, ਪਰ ਇਸ ਦੇ ਨਾਲ ਹੀ ਮੈਨੂੰ ਇੱਕ 'ਮੈਨਕੂਨੀਅਨ' (ਮਾਨਚੈਸਟਰ ਦਾ ਵਾਸੀ) ਹੋਣ 'ਤੇ ਵੀ ਓਨਾ ਹੀ ਫ਼ਖ਼ਰ ਹੈ। ਇਹ ਲੜਾਈ ਸਿਰਫ਼ ਸਿੱਖਾਂ ਦੇ ਹੱਕਾਂ ਤੱਕ ਸੀਮਤ ਨਹੀਂ ਸੀ, ਸਗੋਂ ਇਹ ਸਮੁੱਚੇ ਮਾਨਚੈਸਟਰ ਅਤੇ ਸਮਾਜ ਦੀ ਸਾਂਝੀ ਜਿੱਤ ਸੀ। ਇਸ ਦਾ ਅਸਲ ਮਕਸਦ ਸਮਾਜ ਅੰਦਰ ਵੰਨ-ਸੁਵੰਨਤਾ ਨੂੰ ਅਪਣਾਉਣਾ, ਆਪਸੀ ਸਹਿਣਸ਼ੀਲਤਾ ਪੈਦਾ ਕਰਨਾ ਅਤੇ ਇੱਕ ਬਿਹਤਰ ਤੇ ਖੁੱਲ੍ਹਾ ਭਾਈਚਾਰਾ ਉਸਾਰਨਾ ਸੀ।"
​'ਸਿੱਖ ਮੋਟਰਸਾਈਕਲ ਕਲੱਬ ਯੂਕੇ' ਦੇ ਸੰਸਥਾਪਕ ਕੁਲਵੰਤ ਸਿੰਘ ਨੇ 1976 ਦੀ ਇਸ ਕਾਨੂੰਨੀ ਸੋਧ ਨੂੰ ਸਿੱਖ ਇਤਿਹਾਸ ਦੀ ਇੱਕ ਵੱਡੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਉਲੀਕਣ ਦਾ ਮੁੱਖ ਮਕਸਦ ਆਉਣ ਵਾਲੀ ਨੌਜਵਾਨ ਪੀੜ੍ਹੀ ਅਤੇ ਗੈਰ-ਸਿੱਖ ਭਾਈਚਾਰੇ ਨੂੰ ਇਸ ਸੰਘਰਸ਼ ਤੋਂ ਜਾਣੂ ਕਰਵਾਉਣਾ ਹੈ, ਤਾਂ ਜੋ ਲੋਕ ਜਾਣ ਸਕਣ ਕਿ ਅੱਜ ਮਿਲ ਰਹੀਆਂ ਧਾਰਮਿਕ ਖੁੱਲ੍ਹਾਂ ਪਿੱਛੇ ਸਾਡੇ ਬਜ਼ੁਰਗਾਂ ਦੀ ਕਿੰਨੀ ਵੱਡੀ ਘਾਲਣਾ ਅਤੇ ਦ੍ਰਿੜ੍ਹਤਾ ਸ਼ਾਮਲ ਰਹੀ ਹੈ।