ਵਿਸ਼ਵ ਆਟੋਮੋਬਾਈਲ ਬਾਜ਼ਾਰ ਵਿੱਚ ਚੀਨ ਦੀਆਂ ਇਲੈਕਟ੍ਰਿਕ ਵਾਹਨ ਕੰਪਨੀਆਂ ਦਾ ਵਧਿਆ ਦਬਦਬਾ

ਵਿਸ਼ਵ ਆਟੋਮੋਬਾਈਲ ਬਾਜ਼ਾਰ ਵਿੱਚ ਚੀਨ ਦੀਆਂ ਇਲੈਕਟ੍ਰਿਕ ਵਾਹਨ  ਕੰਪਨੀਆਂ ਦਾ ਵਧਿਆ ਦਬਦਬਾ

ਸਿਡਨੀ/ਏ.ਟੀ.ਨਿਊਜ਼ : ਆਲਮੀ ਆਟੋਮੋਬਾਈਲ ਬਾਜ਼ਾਰ ਵਿੱਚ ਚੀਨ ਦੀਆਂ ਇਲੈਕਟ੍ਰਿਕ ਵਾਹਨ (ਈ.ਵੀ.) ਕੰਪਨੀਆਂ ਦਾ ਦਬਦਬਾ ਤੇਜ਼ੀ ਨਾਲ ਵਧ ਰਿਹਾ ਹੈ। ਸਿਡਨੀ ਟੈਕਨਾਲੋਜੀ ਯੂਨੀਵਰਸਿਟੀ (ਯੂ.ਟੀ.ਐੱਸ.) ਦੀ ਐਸੋਸੀਏਟ ਪ੍ਰੋਫ਼ੈਸਰ ਮਰੀਨਾ ਯੂ ਝਾਂਗ ਦੇ ਇੱਕ ਤਾਜ਼ਾ ਵਿਸ਼ਲੇਸ਼ਣ ਅਨੁਸਾਰ, ਚੀਨ ਨੇ ਨਾ ਸਿਰਫ਼ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਅਤੇ ਵਿਕਰੀ ਵਿੱਚ ਸਿਖਰਲੀ ਸਥਿਤੀ ਹਾਸਲ ਕੀਤੀ ਹੈ, ਸਗੋਂ ਉਹ ਦੁਨੀਆ ਭਰ ਵਿੱਚ ਕਾਰਾਂ ਅਤੇ ਬੈਟਰੀਆਂ ਦਾ ਸਭ ਤੋਂ ਵੱਡਾ ਨਿਰਯਾਤਕ ਵੀ ਬਣ ਗਿਆ ਹੈ।
ਚੀਨ ਦੀ ਇਸ ਸਫ਼ਲਤਾ ਦੇ ਪਿੱਛੇ ਲਗਪਗ ਦੋ ਦਹਾਕਿਆਂ ਦੀ ਸੋਚੀ-ਸਮਝੀ ਰਣਨੀਤੀ ਹੈ। 2009 ਤੋਂ 2022 ਦੇ ਦਰਮਿਆਨ ਚੀਨੀ ਸਰਕਾਰ ਨੇ ਈ.ਵੀ. ਖੇਤਰ ਨੂੰ ਉਤਸ਼ਾਹਤ ਕਰਨ ਲਈ 41 ਅਰਬ ਆਸਟ੍ਰੇਲਿਆਈ ਡਾਲਰ (ਲਗਪਗ 2.30 ਲੱਖ ਕਰੋੜ ਰੁਪਏ) ਤੋਂ ਵੱਧ ਦੀ ਸਬਸਿਡੀ ਅਤੇ ਟੈਕਸ ਛੋਟ ਦਿੱਤੀ।
ਇਸ ਦਾ ਮੁੱਖ ਟੀਚਾ ਵਿਦੇਸ਼ੀ ਤੇਲ ’ਤੇ ਆਪਣੀ ਨਿਰਭਰਤਾ ਘਟਾਉਣਾ ਅਤੇ ਪਰੰਪਰਾਗਤ ਕਾਰ ਨਿਰਮਾਤਾ ਦੇਸ਼ਾਂ ਜਿਵੇਂ ਕਿ ਜਰਮਨੀ, ਜਾਪਾਨ ਅਤੇ ਅਮਰੀਕਾ ਨੂੰ ਪਿੱਛੇ ਛੱਡਣਾ ਸੀ। ਹਾਲਾਂਕਿ, ਇਸ ਸਫ਼ਲਤਾ ਵਿਚ ਸਿਰਫ਼ ਸਰਕਾਰੀ ਮਦਦ ਹੀ ਨਹੀਂ ਹੈ। ਇਕ ਸਮੇਂ ਚੀਨ ਵਿੱਚ 500 ਤੋਂ ਵੱਧ ਈਵੀ ਸਟਾਰਟਅਪ ਮੌਜੂਦ ਸਨ। ਜਿਵੇਂ ਹੀ ਸਰਕਾਰ ਨੇ ਸਬਸਿਡੀ ਘਟਾਈ, ਬਾਜ਼ਾਰ ਦੇ ਸਖ਼ਤ ਮੁਕਾਬਲੇ ਕਾਰਨ ਲਗਪਗ 90 ਫ਼ੀਸਦੀ ਕਮਜ਼ੋਰ ਕੰਪਨੀਆਂ ਬੰਦ ਹੋ ਗਈਆਂ। ਇਸ ‘ਸਰਵਾਈਵਲ ਆਫ਼ ਦਿ ਫ਼ਿਟੈਸਟ’ ਦੀ ਪ੍ਰਕਿਰਿਆ ਨੇ ਸਿਰਫ਼ ਬੀਵਾਈਡੀ, ਗੀਲੀ ਅਤੇ ਸ਼ਿਆਓਮੀ ਵਰਗੀਆਂ ਮਜ਼ਬੂਤ ਕੰਪਨੀਆਂ ਨੂੰ ਹੀ ਜੀਵਿਤ ਰੱਖਿਆ।
 ਸ਼ੁਰੂਆਤ ਵਿੱਚ ਬੈਟਰੀਆਂ ਬਣਾਉਣ ਵਾਲੀ ਬੀਵਾਈਡੀ ਅੱਜ ਹਰ 52 ਸਕਿੰਟ ਵਿੱਚ ਇੱਕ ਕਾਰ ਅਸੈਂਬਲ ਕਰਦੀ ਹੈ। ਆਪਣੀ ਪੂਰੀ ਸਪਲਾਈ ਚੇਨ ’ਤੇ ਨਿਯੰਤਰਣ ਦੇ ਆਧਾਰ ’ਤੇ ਕੰਪਨੀ ਨੇ ਸਾਲ 2025 ਵਿੱਚ ਦੁਨੀਆ ਭਰ ਵਿੱਚ ਰਿਕਾਰਡ 45 ਲੱਖ ਵਾਹਨਾਂ ਦੀ ਡਲਿਵਰੀ ਕੀਤੀ।
 ਫ਼ਿ੍ਰੱਜ ਦੇ ਪੁਰਜ਼ਿਆਂ ਤੋਂ ਸ਼ੁਰੂਆਤ ਕਰਨ ਵਾਲੀ ਇਸ ਕੰਪਨੀ ਨੇ ਵੋਲਵੋ ਦੀ ਇੰਜੀਨੀਅਰਿੰਗ ਤਕਨੀਕ ਦਾ ਇਸਤੇਮਾਲ ਕਰ ਕੇ ਪ੍ਰੀਮੀਅਮ ਈ.ਵੀ. ਬ੍ਰਾਂਡ ਜੀਕਰ ਲਾਂਚ ਕੀਤਾ।
 ਸਮਾਰਟਫ਼ੋਨ ਖੇਤਰ ਦੀ ਇਹ ਦਿੱਗਜ ਕੰਪਨੀ 2024 ਵਿੱਚ ਈ.ਵੀ. ਬਾਜ਼ਾਰ ਵਿੱਚ ਉਤਰੀ ਅਤੇ ਆਪਣੀ ਬਿਹਤਰ ਆਪ੍ਰੇਟਿੰਗ ਸਿਸਟਮ ਤਕਨੀਕ ਦੇ ਬਲਬੂਤੇ ਤੇਜ਼ੀ ਨਾਲ ਜਗ੍ਹਾ ਬਣਾਈ।