ਵਿਦੇਸ਼ ਜਾਣ ਤੋਂ ਪਹਿਲਾਂ ਏਜੰਟਾਂ ਦੀ ਪੂਰੀ ਪੜਤਾਲ ਕਰਨ ਨੌਜਵਾਨ : ਜਥੇਦਾਰ ਗੜਗੱਜ

ਵਿਦੇਸ਼ ਜਾਣ ਤੋਂ ਪਹਿਲਾਂ ਏਜੰਟਾਂ ਦੀ ਪੂਰੀ ਪੜਤਾਲ ਕਰਨ ਨੌਜਵਾਨ : ਜਥੇਦਾਰ ਗੜਗੱਜ

ਸਾਊਥਾਲ/ਏ.ਟੀ.ਨਿਊਜ਼: ਯੂ.ਕੇ. ਤੋਂ ਭਾਰਤ ਵਾਪਸ ਆਉਣ ਦੇ ਇੱਛੁਕ ਪੰਜਾਬ ਅਤੇ ਹਰਿਆਣਾ ਨਾਲ ਸਬੰਧਿਤ ਨੌਜਵਾਨਾਂ ਨੇ ਯੂਨਾਈਟਡ ਸਿੱਖਸ ਸੰਸਥਾ ਦੇ ਉਪਰਾਲੇ ਤਹਿਤ ਸਾਊਥਾਲ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਆਪਣੇ ਹਾਲਾਤ ਸਾਂਝੇ ਕੀਤੇ। ਇਹ ਮੁਲਾਕਾਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਾਊਥਾਲ (ਪਾਰਕ ਐਵੇਨਿਊ) ਵਿਖੇ ਕਰਵਾਈ ਗਈ।
ਨੌਜਵਾਨਾਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਏਜੰਟਾਂ ਨੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਗਲਤ ਤਰੀਕੇ ਨਾਲ ਯੂ.ਕੇ. ਭੇਜਿਆ। ਸਹੀ ਦਸਤਾਵੇਜ਼ਾਂ ਅਤੇ ਵੀਜ਼ੇ ਦੀ ਘਾਟ ਕਾਰਨ ਹੁਣ ਉਨ੍ਹਾਂ ਨੂੰ ਨਾ ਤਾਂ ਰੁਜ਼ਗਾਰ ਮਿਲ ਰਿਹਾ ਹੈ ਅਤੇ ਨਾ ਹੀ ਯੂ.ਕੇ. ਵਿੱਚ ਰਹਿਣ ਦੀ ਇਜਾਜ਼ਤ, ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਹੋ ਗਈ ਹੈ।
ਯੂਨਾਈਟਡ ਸਿੱਖਸ ਦੀ ਨੁਮਾਇੰਦਾ ਬੀਬੀ ਨਰਪਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿੱਚ ਇਮੀਗ੍ਰੇਸ਼ਨ ਸਬੰਧੀ ਸਹਾਇਤਾ ਲਈ ਵਿਸ਼ੇਸ਼ ਕਾਊਂਟਰ ਚਲਾਇਆ ਜਾ ਰਿਹਾ ਹੈ। ਇਸ ਰਾਹੀਂ ਸਵੈਇੱਛਾ ਨਾਲ ਭਾਰਤ ਪਰਤਣਾ ਚਾਹੁੰਦੇ ਨੌਜਵਾਨਾਂ ਨੂੰ ਯੂ.ਕੇ. ਅਤੇ ਭਾਰਤ ਸਰਕਾਰ ਦੇ ਤਾਲਮੇਲ ਨਾਲ ਸਰਕਾਰੀ ਖ਼ਰਚੇ ’ਤੇ ਵਾਪਸ ਭੇਜਣ ਵਿੱਚ ਮਦਦ ਕੀਤੀ ਜਾਂਦੀ ਹੈ।
ਜਥੇਦਾਰ ਗੜਗੱਜ ਨੇ ਨੌਜਵਾਨਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਯੂਨਾਈਟਡ ਸਿੱਖਸ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਏਜੰਟਾਂ ਦੀ ਪੂਰੀ ਪੜਤਾਲ ਕਰਨ ਅਤੇ ਕਿਸੇ ਵੀ ਧੋਖਾਧੜੀ ਤੋਂ ਬਚਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਨੌਜਵਾਨ ਹੌਂਸਲਾ ਬਣਾਈ ਰੱਖਣ ਅਤੇ ਗੁਰਬਾਣੀ ਨਾਲ ਜੁੜੇ ਰਹਿਣ।
ਮੀਟਿੰਗ ਮਗਰੋਂ ਗੁਰਦੁਆਰਾ ਪ੍ਰਬੰਧਕਾਂ ਅਤੇ ਯੂਨਾਈਟਡ ਸਿੱਖਸ ਦੇ ਨੁਮਾਇੰਦਿਆਂ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਨਮਾਨ ਵੀ ਕੀਤਾ ਗਿਆ।