ਵਿਦਿਆਰਥੀ ਅੰਦੋਲਨ ’ਤੇ ਸੰਘ ਵਿਚਾਰਕ ਮੋਹਨ ਦਾਸ ਦੇ ਹਿੰਸਕ ਬੋਲਾਂ ਨਾਲ ਉੱਠਿਆ ਤੂਫ਼ਾਨ

ਵਿਦਿਆਰਥੀ ਅੰਦੋਲਨ ’ਤੇ ਸੰਘ ਵਿਚਾਰਕ ਮੋਹਨ ਦਾਸ ਦੇ ਹਿੰਸਕ ਬੋਲਾਂ ਨਾਲ ਉੱਠਿਆ ਤੂਫ਼ਾਨ

ਨਿਊਜ਼ ਵਿਸ਼ਲੇਸ਼ਣ

ਦਿੱਲੀ ਦੇ ਜੰਤਰ-ਮੰਤਰ ’ਤੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਨੂੰ ਲੈ ਕੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਖ਼ਿਲਾਫ਼ ਰਾਸ਼ਟਰੀ ਸਵੈਮਸੇਵਕ ਸੰਘ ਦੇ ਵਿਚਾਰਕ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਬੌਧਿਕ ਸੈੱਲ ਪ੍ਰਮੁੱਖ ਟੀ.ਜੀ. ਮੋਹਨਦਾਸ ਦੇ ਬੇਹੱਦ ਘਟੀਆ, ਹਿੰਸਕ ਅਤੇ ਨਫ਼ਰਤ ਭਰੇ ਬਿਆਨਾਂ ਤੋਂ ਬਾਅਦ ਦੇਸ਼ ਭਰ ਵਿੱਚ ਵਿਵਾਦ ਡੂੰਘਾ  ਹੋ ਗਿਆ ਹੈ। ਇਸ ਮਾਮਲੇ ਵਿੱਚ ਕੇਰਲ ਪੁਲਿਸ ਨੇ ਜਾਂਚ ਦੇ ਆਦੇਸ਼ ਦਿੱਤੇ ਹਨ, ਜਦੋਂ ਕਿ ਵਿਰੋਧੀ ਧਿਰਾਂ ਅਤੇ ਜਨਤਕ ਸੰਗਠਨਾਂ ਵੱਲੋਂ ਸੰਘ ਦੀ ਵਿਚਾਰਧਾਰਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਕੀ ਹੈ ਪੂਰਾ ਵਿਵਾਦ ਅਤੇ ਨਫ਼ਰਤੀ ਬਿਆਨ?
ਟੀ.ਜੀ. ਮੋਹਨਦਾਸ ਨੇ ਆਪਣੇ ਯੂਟਿਊਬ ਚੈਨਲ ‘ਪੱਤ੍ਰਿਕਾ’ ’ਤੇ ਇੱਕ ਵੀਡੀਓ ਜਾਰੀ ਕਰਦਿਆਂ ਜੰਤਰ-ਮੰਤਰ ’ਤੇ ਅੰਦੋਲਨ ਕਰ ਰਹੇ ਵਿਦਿਆਰਥੀਆਂ ’ਤੇ ਅਤਿ-ਹਿੰਸਕ ਕਾਰਵਾਈ ਕਰਨ ਦੀ ਵਕਾਲਤ ਕੀਤੀ ਸੀ। ਮੋਹਨਦਾਸ ਨੇ ਕਿਹਾ ਸੀ ਕਿ ਜੇਕਰ ਮੈਨੂੰ ਜ਼ਿੰਮੇਵਾਰੀ ਮਿਲਦੀ, ਤਾਂ ਮੈਂ ਜੰਤਰ-ਮੰਤਰ ਦੇ 4 ਵਰਗ ਕਿਲੋਮੀਟਰ ਖੇਤਰ ਵਿੱਚ ਕਰਫਿਊ ਲਗਾ ਦਿੰਦਾ। ਲਾਊਡ ਸਪੀਕਰ ’ਤੇ ਭੀੜ ਨੂੰ ਹਟਣ ਦੀਆਂ ਤਿੰਨ ਚਿਤਾਵਨੀਆਂ ਦੇਣ ਤੋਂ ਬਾਅਦ ਸਿੱਧਾ ਗੋਲੀ ਚਲਾਉਣ ਦਾ ਆਦੇਸ਼ ਦਿੰਦਾ। ਲੋਕ ਭੱਜਦੇ, ਕੁੱਝ ਮਰਦੇ ਅਤੇ ਕੁੱਝ ਗੰਭੀਰ ਜ਼ਖ਼ਮੀ ਹੁੰਦੇ। ਚਾਰ ਘੰਟਿਆਂ ਵਿੱਚ ਸਥਿਤੀ ਸ਼ਾਂਤ ਹੋ ਜਾਂਦੀ ਅਤੇ ਅਸੀਂ ਲਾਸ਼ਾਂ ਚੁੱਕ ਕੇ ਹਸਪਤਾਲ ਪਹੁੰਚਾ ਦਿੰਦੇ।

ਮਹਿਲਾ ਪ੍ਰਦਰਸ਼ਨਕਾਰੀਆਂ ਬਾਰੇ ਘਟੀਆ ਟਿੱਪਣੀ:

ਇੱਕ ਹੋਰ ਵੀਡੀਓ ਵਿੱਚ ਔਰਤਾਂ ਖ਼ਿਲਾਫ਼ ਨਫ਼ਰਤ ਜ਼ਾਹਿਰ ਕਰਦਿਆਂ ਉਸ ਨੇ ਕਿਹਾ, ਉੱਥੇ ਸਮੂਹਿਕ ਜਬਰ-ਜਨਾਹ ਅਤੇ ਹੱਤਿਆਵਾਂ ਹੁੰਦੀਆਂ, ਪਰ ਜਬਰ-ਜਨਾਹ ਦੀ ਕੋਈ ਸ਼ਿਕਾਇਤ ਦਰਜ ਨਹੀਂ ਹੁੰਦੀ, ਕਿਉਂਕਿ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਣ ਵਾਲੀਆਂ ਧਰਮ-ਨਿਰਪੱਖ ਅਤੇ ਵਾਮਪੰਥੀ  ਔਰਤਾਂ ਇਹ ਸਭ ਪਸੰਦ ਕਰਦੀਆਂ ਹਨ।
ਕੇਰਲ ਪੁਲਿਸ ਦੀ ਕਾਰਵਾਈ: ਕੀ ਹੋ ਸਕੇਗੀ ਸੰਘ ਨਾਲ ਜੁੜੇ ਲੀਡਰ ’ਤੇ ਕਾਰਵਾਈ?
ਇਨ੍ਹਾਂ ਵੀਡੀਓਜ਼ ਦੇ ਵਾਇਰਲ ਹੋਣ ਤੋਂ ਬਾਅਦ ਆਲ ਇੰਡੀਆ ਯੂਥ ਫੈਡਰੇਸ਼ਨ  ਦੇ ਨੇਤਾ ਟੀ.ਟੀ. ਜਿਸਮਨ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਪੀਪੁਲਸ ਡੈਮੋਕ੍ਰੇਟਿਕ ਪਾਰਟੀ  ਦੇ ਜਨਰਲ ਸਕੱਤਰ ਵੀ.ਐੱਮ. ਅਲੀਆਰ ਸਮੇਤ ਕਈ ਆਗੂਆਂ ਨੇ ਕੇਰਲ ਦੇ ਪੁਲਿਸ ਮੁਖੀ ਅਤੇ ਗ੍ਰਹਿ ਮੰਤਰੀ ਕੋਲ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ।
ਕੇਰਲ ਦੇ ਗ੍ਰਹਿ ਵਿਭਾਗ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸਾਈਬਰ ਸੈੱਲ ਦੇ ਆਈ.ਜੀ. ਪੀ. ਪ੍ਰਕਾਸ਼ ਨੂੰ ਸੌਂਪੀ ਹੈ। ਕਾਨੂੰਨੀ ਮਾਹਿਰਾਂ ਅਨੁਸਾਰ, ਹਿੰਸਾ ਭੜਕਾਉਣ, ਮਹਿਲਾਵਾਂ ਵਿਰੁੱਧ ਅਪਰਾਧਿਕ ਸ਼ਬਦਾਵਲੀ ਦੀ ਵਰਤੋਂ ਕਰਨ ਅਤੇ ਸਮਾਜਿਕ ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਹੇਠ ਮੋਹਨਦਾਸ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕਾਰਵਾਈ ਹੋ ਸਕਦੀ ਹੈ।
ਵਿਰੋਧ ਵਧਣ ’ਤੇ ਸੰਘ ਨੇ ਝਾੜਿਆ ਪੱਲਾ
ਚਾਰੇ ਪਾਸਿਓਂ ਹੋ ਰਹੀ ਆਲੋਚਨਾ ਤੋਂ ਬਾਅਦ ਆਰ.ਐੱਸ.ਐੱਸ. ਦੀ ਕੇਰਲ ਇਕਾਈ ਨੇ ਤੁਰੰਤ ਮੋਹਨਦਾਸ ਦੇ ਬਿਆਨਾਂ ਤੋਂ ਖ਼ੁਦ ਨੂੰ ਵੱਖ ਕਰ ਲਿਆ। ਸੰਘ ਦੇ ਅਹੁਦੇਦਾਰਾਂ ਨੇ ਦਾਅਵਾ ਕੀਤਾ ਕਿ ਮੋਹਨਦਾਸ ਸੰਗਠਨ ਦੇ ਕਿਸੇ ਅਧਿਕਾਰਤ ਅਹੁਦੇ ’ਤੇ ਨਹੀਂ ਹਨ ਅਤੇ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ।
ਹਾਲਾਂਕਿ, ਆਲੋਚਕਾਂ ਦਾ ਕਹਿਣਾ ਹੈ ਕਿ ਸੰਘ ਅਕਸਰ ਆਪਣੇ ਵਿਵਾਦਿਤ ਵਿਚਾਰਕਾਂ ਦੇ ਬਿਆਨਾਂ ਤੋਂ ਬਾਅਦ ‘ਪੱਲਾ ਝਾੜਨ’ ਦੀ ਨੀਤੀ ਅਪਣਾਉਂਦਾ ਹੈ, ਜਦੋਂ ਕਿ ਅਜਿਹੇ ਆਗੂ ਸੰਘ ਦੇ ਹੀ ਵੱਖ-ਵੱਖ ਮੰਚਾਂ ’ਤੇ ਲੰਬੇ ਸਮੇਂ ਤੋਂ ਸਰਗਰਮ ਰਹਿੰਦੇ ਹਨ।
ਕੀ ਸੰਘ ਦੇ ਲੀਡਰ ਹਿਟਲਰ ਵਰਗੀ ਸੋਚ ਰੱਖਦੇ ਹਨ?
ਮੋਹਨਦਾਸ ਦੇ ਇਸ ਬਿਆਨ ਤੋਂ ਬਾਅਦ ਦੇਸ਼ ਭਰ ਵਿੱਚ ਇਹ ਬਹਿਸ ਛਿੜ ਗਈ ਹੈ ਕਿ ਕੀ ਸੰਘ ਦੇ ਲੀਡਰ ਵਿਰੋਧੀਆਂ ਦੀ ਨਸਲਕੁਸ਼ੀ ਅਤੇ ਜਬਰ-ਜਨਾਹ ਵਰਗੀ ਹਿੰਸਕ ਮਾਨਸਿਕਤਾ ਰੱਖਦੇ ਹਨ?
ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਹੈ ਕਿ ਮੋਹਨਦਾਸ ਦਾ ਬਿਆਨ ਕੋਈ ਅਲੱਗ-ਥਲੱਗ ਮਾਮਲਾ ਨਹੀਂ ਹੈ, ਸਗੋਂ ਇਹ ਉਸ ਫਾਸ਼ੀਵਾਦੀ ਅਤੇ ਮਹਿਲਾ-ਵਿਰੋਧੀ ਮਾਨਸਿਕਤਾ ਦੀ ਝਲਕ ਹੈ ਜੋ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਹਿਟਲਰ ਵਰਗੇ ਤਾਨਾਸ਼ਾਹੀ ਹਥਿਆਰਾਂ (ਗੋਲੀਬਾਰੀ, ਜਬਰ-ਜਨਾਹ ਅਤੇ ਡਰ) ਦੀ ਵਕਾਲਤ ਕਰਦੀ ਹੈ।
ਡੀ.ਵਾਈ.ਐੱਫ.ਆਈ. ਦੇ ਰਾਸ਼ਟਰੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਏ.ਏ. ਰਹੀਮ ਨੇ ਕਿਹਾ ਕਿ ਲੋਕਤੰਤਰ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ’ਤੇ ਗੋਲੀਆਂ ਚਲਾਉਣ ਅਤੇ ਔਰਤਾਂ ਖ਼ਿਲਾਫ਼ ਅਜਿਹੀ ਘਿਨੌਣੀ ਭਾਸ਼ਾ ਵਰਤਣਾ ਸਿੱਧੇ ਤੌਰ ’ਤੇ ਨਫ਼ਰਤੀ ਅਪਰਾਧ ਹੈ, ਜਿਸ ਨਾਲ ਰਾਜਨੀਤਿਕ ਅਤੇ ਕਾਨੂੰਨੀ ਦੋਵਾਂ ਪੱਧਰਾਂ ’ਤੇ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਕੌਣ ਹਨ ਟੀ.ਜੀ. ਮੋਹਨਦਾਸ?
ਟੀ.ਜੀ. ਮੋਹਨਦਾਸ ਪੇਸ਼ੇ ਤੋਂ ਇੰਜੀਨੀਅਰ ਅਤੇ ਵਕੀਲ ਰਹੇ ਹਨ। ਉਹ ਕੇਰਲ ਵਿੱਚ ਭਾਜਪਾ ਦੇ ਬੌਧਿਕ ਸੈੱਲ  ਦੇ ਸੰਯੋਜਕ, ਆਰ.ਐੱਸ.ਐੱਸ. ਦੇ ‘ਭਾਰਤੀ ਵਿਚਾਰ ਕੇਂਦਰ’ ਦੇ ਜਨਰਲ ਸਕੱਤਰ ਤੇ ਉਪ-ਪ੍ਰਧਾਨ, ਅਤੇ ਸੰਘ ਦੇ  ਮਹੱਤਵਪੂਰਨ ਅਹੁਦਿਆਂ ’ਤੇ ਰਹਿ ਚੁੱਕੇ ਹਨ। ਵਰਤਮਾਨ ਵਿੱਚ ਉਹ ਯੂਟਿਊਬ ਚੈਨਲ ਰਾਹੀਂ ਆਪਣਾ ਪ੍ਰਚਾਰ ਕਰਦੇ ਹਨ।