ਮਨੀਪੁਰ ’ਚ ਹਿੰਸਾ, ਦੋ ਔਰਤਾਂ ਸਮੇਤ ਚਾਰ ਵਿਅਕਤੀ ਹਲਾਕ, ਇੱਕ ਬੱਚਾ ਜ਼ਖ਼ਮੀ

ਮਨੀਪੁਰ ’ਚ ਹਿੰਸਾ, ਦੋ ਔਰਤਾਂ ਸਮੇਤ ਚਾਰ ਵਿਅਕਤੀ ਹਲਾਕ, ਇੱਕ ਬੱਚਾ ਜ਼ਖ਼ਮੀ

ਕੇਂਦਰ ਸਰਕਾਰ ਵੱਲੋਂ ਮਨੀਪੁਰ ਪ੍ਰਸ਼ਾਸਨ ਨਾਲ ਮਿਲ ਕੇ ਉਥੇ ਸ਼ਾਂਤੀ ਬਹਾਲ ਕਰਨ ਦੇ ਯਤਨਾਂ ਨੂੰ ਅਜੇ ਬੂਰ ਨਹੀਂ ਪਿਆ ਅਤੇ ਮਨੀਪੁਰ ਵਿੱਚ ਵਾਪਰੀਆਂ ਤਾਜ਼ਾ ਹਿੰਸਾ ਦੀਆਂ ਘਟਨਾਵਾਂ ਕਾਰਨ ਉਥੇ ਤਨਾਓ ਫੈਲ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮਨੀਪੁਰ ਦੇ ਤਾਮੇਂਗਲੋਂਗ ਅਤੇ ਨੋਨੀ ਜ਼ਿਲ੍ਹਿਆਂ ਵਿੱਚ ਹੋਏ ਹਮਲਿਆਂ ਦੌਰਾਨ ਦੋ ਕੁਕੀ ਔਰਤਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਇੱਕ ਬੱਚਾ ਵੀ ਜ਼ਖ਼ਮੀ ਹੋਇਆ ਹੈ। ਸਰਕਾਰ ਵੱਲੋਂ ਹਿੰਸਾ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸੁਰੱਖਿਆ ਬਲਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ ਅਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਮਨੀਪੁਰ ਲੰਬੇ ਸਮੇਂ ਤੋਂ ਹਿੰਸਾ ਦੀ ਲਪੇਟ ਵਿੱਚ ਆਇਆ ਹੋਇਆ ਹੈ, ਉਥੇ ਸ਼ਾਂਤੀ ਸਥਾਪਤ ਕਰਨ ਦੇ ਸਾਰੇ ਯਤਨ ਫੇਲ੍ਹ ਸਾਬਿਤ ਹੋਏ ਹਨ। ਲੰਬੇ ਸਮੇਂ ਤੋਂ ਚੱਲ ਰਹੀ ਅਸ਼ਾਂਤੀ ਦੌਰਾਨ ਵਾਪਰੀ ਇਸ ਤਾਜ਼ਾ ਘਟਨਾ ਨੇ ਵੱਖ-ਵੱਖ ਭਾਈਚਾਰਿਆਂ ’ਚ ਤਨਾਓ ਪੈਦਾ ਕਰ ਦਿੱਤਾ ਹੈ। ਰਾਜ ਪ੍ਰਸ਼ਾਸਨ ਵੱਲੋਂ ਸ਼ਾਂਤੀ ਦੀ ਬਹਾਲੀ ਲਈ ਕੀਤੇ ਜਾ ਰਹੇ  ਉਪਰਾਲਿਆਂ ਦੇ ਨਾਲ ਹਿੰਸਾ ਨੂੰ ਫੈਲਣ ਤੋਂ ਰੋਕਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਇਸ ਦੇ ਬਾਵਜੂਦ ਮਨੀਪੁਰ ਵਿੱਚ ਹਿੰਸਾ ਦੀਆਂ ਵਾਰਦਾਤਾਂ ਵਾਪਰਨ ਤੋਂ ਇਹ ਪਤਾ ਚਲਦਾ ਹੈ ਕਿ ਮਨੀਪੁਰ ਅਜੇ ਵੀ ਅਸ਼ਾਂਤ ਹੈ ਅਤੇ ਹਿੰਸਾ ਦੀ ਅੱਗ ਵਿੱਚ ਝੁਲਸ ਰਿਹਾ ਹੈ।