ਬੀਬੀ ਜਗਦੀਸ਼ ਕੌਰ ਨੇ ਇੰਝ ਲੜੀ ਇਨਸਾਫ਼ ਦੀ ਲੜਾਈ

ਬੀਬੀ ਜਗਦੀਸ਼ ਕੌਰ ਨੇ ਇੰਝ ਲੜੀ ਇਨਸਾਫ਼ ਦੀ ਲੜਾਈ

ਨਿਊਜ਼ ਸਟੋਰੀ

ਨਵੰਬਰ 1984 ਦੇ ਖ਼ੂਨੀ ਦਿਨ ਆਜ਼ਾਦ ਭਾਰਤ ਦੇ ਜਮਹੂਰੀ ਇਤਿਹਾਸ ਅਤੇ ਨਿਆਂ ਪ੍ਰਣਾਲੀ ਦੇ ਮੱਥੇ ’ਤੇ ਉਹ ਨਾਸੂਰ ਹਨ, ਜੋ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਰਿਸ ਰਹੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਨਿਹੱਥੇ, ਬੇਕਸੂਰ ਸਿੱਖਾਂ ਦੇ ਕੀਤੇ ਗਏ ਵਹਿਸ਼ੀਆਨਾ ਕਤਲਾਂ ਨੂੰ ਮਹਿਜ਼ ‘ਦੰਗੇ’ ਕਹਿ ਕੇ ਪੇਸ਼ ਕਰਨਾ ਇਤਿਹਾਸ ਨਾਲ ਸਭ ਤੋਂ ਵੱਡੀ ਬੇਇਨਸਾਫ਼ੀ ਅਤੇ ਸਰਕਾਰੀ ਤੰਤਰ ਦੀ ਅਸਫ਼ਲਤਾ ’ਤੇ ਪਰਦਾ ਪਾਉਣ ਦਾ ਕੋਝਾ ਯਤਨ ਹੈ।
 ਇਹ ਕੋਈ ਦੋ ਭਾਈਚਾਰਿਆਂ ਦੀ ਆਪਸੀ ਝੜਪ ਨਹੀਂ ਸੀ, ਸਗੋਂ ਹਾਕਮ ਧਿਰ ਦੀ ਸਿਆਸੀ ਸਰਪ੍ਰਸਤੀ, ਪੁਲਿਸ ਪ੍ਰਸ਼ਾਸਨ ਦੀ ਸਿੱਧੀ ਮਿਲੀਭੁਗਤ ਅਤੇ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਨਾਲ ਅੰਜਾਮ ਦਿੱਤਾ ਗਿਆ ਇੱਕ ਯੋਜਨਾਬੱਧ ਸਿੱਖ ਕਤਲੇਆਮ ਅਤੇ ਨਸਲਕੁਸ਼ੀ ਸੀ। ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਕੱਟਦਿਆਂ ਹੋਈ ਮੌਤ ਨੇ ਇੱਕ ਵਾਰ ਫਿਰ ਉਸ ਦਰਦਨਾਕ ਦੌਰ, ਹਜ਼ਾਰਾਂ ਉੱਜੜੇ ਪਰਿਵਾਰਾਂ ਦੇ ਜ਼ਖ਼ਮਾਂ ਅਤੇ ਇਨਸਾਫ਼ ਲਈ ਲੜੀਆਂ ਗਈਆਂ ਔਖੀਆਂ ਲੜਾਈਆਂ ਨੂੰ ਲੋਕ-ਚੇਤਨਾ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ।
ਸੱਜਣ ਕੁਮਾਰ ਦਿੱਲੀ ਦੀ ਸਿਆਸਤ ਵਿੱਚ ਕਾਂਗਰਸ ਪਾਰਟੀ ਦਾ ਇੱਕ ਬੇਹੱਦ ਤਾਕਤਵਰ ਚਿਹਰਾ ਸੀ, ਜਿਸ ਦਾ ਬਾਹਰੀ ਦਿੱਲੀ ਦੇ ਇਲਾਕਿਆਂ ਵਿੱਚ ਵੱਡਾ ਸਿਆਸੀ ਦਬਦਬਾ ਰਿਹਾ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਤੁਰੰਤ ਬਾਅਦ ਜਦੋਂ ਦਿੱਲੀ ਨੂੰ ਨਫ਼ਰਤ ਦੀ ਅੱਗ ਵਿੱਚ ਝੋਕਿਆ ਗਿਆ, ਤਾਂ ਸੱਜਣ ਕੁਮਾਰ ਵਰਗੇ ਆਗੂਆਂ ’ਤੇ ਭੜਕਾਊ ਭੀੜਾਂ ਦੀ ਅਗਵਾਈ ਕਰਨ, ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਨ ਅਤੇ ਕਤਲੋ-ਗ਼ਾਰਤ ਦੇ ਖੁੱਲ੍ਹੇ ਹੁਕਮ ਦੇਣ ਦੇ ਗੰਭੀਰ ਦੋਸ਼ ਲੱਗੇ ਸਨ। ਸੱਤਾ ਦੇ ਸਿਖਰਲੇ ਗਲਿਆਰਿਆਂ ਵਿੱਚ ਰਸੂਖ਼ ਹੋਣ ਕਰਕੇ ਦਹਾਕਿਆਂ ਤੱਕ ਕਾਨੂੰਨ ਦੇ ਹੱਥ ਉਸ ਦੇ ਗਲ਼ੇ ਤੱਕ ਨਾ ਪਹੁੰਚ ਸਕੇ। ਪੁਲਿਸ ਵੱਲੋਂ ਜਾਣਬੁੱਝ ਕੇ ਕੇਸਾਂ ਨੂੰ ਕਮਜ਼ੋਰ ਕੀਤਾ ਗਿਆ ਸੀ, ਮੁੱਖ ਗਵਾਹਾਂ ਨੂੰ ਡਰਾਇਆ-ਧਮਕਾਇਆ ਗਿਆ ਸੀ ਅਤੇ ਜਾਂਚ ਕਮਿਸ਼ਨਾਂ ਦੀਆਂ ਰਿਪੋਰਟਾਂ ਨੂੰ ਠੰਢੇ ਬਸਤੇ ਵਿੱਚ ਪਾਇਆ ਗਿਆ ਸੀ। ਪਰ ਕੁਦਰਤ ਅਤੇ ਕਾਨੂੰਨ ਦੀ ਚੱਕੀ ਭਾਵੇਂ ਹੌਲੀ ਚੱਲੀ, ਪਰ ਆਖ਼ਰਕਾਰ ਦਿੱਲੀ ਹਾਈ ਕੋਰਟ ਨੇ 17 ਦਸੰਬਰ 2018 ਨੂੰ ਹੇਠਲੀ ਅਦਾਲਤ ਵੱਲੋਂ ਉਸ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਸ ਦੇ ਸਿਆਸੀ ਹੰਕਾਰ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਇਆ ਸੀ।
ਇਸ ਪੂਰੇ ਕਤਲੇਆਮ ਦੇ ਦਰਦ ਅਤੇ ਕਾਨੂੰਨੀ ਸੰਘਰਸ਼ ਦਾ ਸਭ ਤੋਂ ਵੱਡੀ ਨਾਇਕਾ ਅੰਮ੍ਰਿਤਸਰ ਨਾਲ ਸਬੰਧਿਤ ਬੀਬੀ ਜਗਦੀਸ਼ ਕੌਰ ਹੈ। ਉਸ ਦੇ ਪਰਿਵਾਰ ਦੀ ਜੜ੍ਹ ਮੁਲਤਾਨ (ਪਾਕਿਸਤਾਨ) ਵਿੱਚ ਸੀ, ਜੋ 1947 ਦੀ ਖ਼ੂਨੀ ਵੰਡ ਵੇਲੇ ਸਭ ਕੁਝ ਗੁਆ ਕੇ ਭਾਰਤ ਆਈ ਅਤੇ ਦਿੱਲੀ ਦੇ ਪਾਲਮ ਖੇਤਰ ਅਧੀਨ ਰਾਜ ਨਗਰ ਵਿੱਚ ਆਪਣੀ ਮਿਹਨਤ ਨਾਲ ਮੁੜ ਜ਼ਿੰਦਗੀ ਖੜ੍ਹੀ ਕੀਤੀ ਸੀ। ਬੀਬੀ ਜਗਦੀਸ਼ ਕੌਰ ਦਾ ਪਿਛੋਕੜ ਦੇਸ਼ ਭਗਤੀ ਨਾਲ ਓਤ-ਪੋਤ ਸੀ; ਉਸ ਦੇ ਪਿਤਾ ਇੱਕ ਆਜ਼ਾਦੀ ਘੁਲਾਟੀਏ ਸਨ ਅਤੇ ਪਤੀ ਕੇਹਰ ਸਿੰਘ ਭਾਰਤੀ ਫ਼ੌਜ ਵਿੱਚ ਗੰਨ-ਫ਼ਿੱਟਰ ਵਜੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਸਨ। ਉਸ ਦਾ ਪਰਿਵਾਰ ਪੀੜ੍ਹੀਆਂ ਤੋਂ ਕਾਂਗਰਸ ਪਾਰਟੀ ਦਾ ਵਫ਼ਾਦਾਰ ਸਮਰਥਕ ਰਿਹਾ ਸੀ। ਪਰ 1 ਨਵੰਬਰ 1984 ਦੀ ਸਵੇਰ ਨੇ ਸਾਬਤ ਕਰ ਦਿੱਤਾ ਕਿ ਨਫ਼ਰਤ ਨਾਲ ਅੰਨ੍ਹੀ ਹੋਈ ਭੀੜ ਲਈ ਨਾ ਤਾਂ ਉਨ੍ਹਾਂ ਦੀ ਦੇਸ਼ ਭਗਤੀ ਦੀ ਕੋਈ ਅਹਿਮੀਅਤ ਸੀ ਅਤੇ ਨਾ ਹੀ ਸਿਆਸੀ ਵਫ਼ਾਦਾਰੀ ਦੀ; ਉਨ੍ਹਾਂ ਦਾ ਇੱਕੋ-ਇੱਕ ਕਸੂਰ ਇਹ ਸੀ ਕਿ ਉਹ ਸਿੱਖ ਸਨ।
1 ਨਵੰਬਰ 1984 ਦੀ ਸਵੇਰ ਨੂੰ ਜਦੋਂ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਹਥਿਆਰਬੰਦ ਹਮਲਾਵਰ ਸਿੱਖਾਂ ਦੇ ਘਰਾਂ ਦੀਆਂ ਸੂਚੀਆਂ ਲੈ ਕੇ ਰਾਜ ਨਗਰ ਵਿੱਚ ਦਾਖ਼ਲ ਹੋਏ, ਤਾਂ ਬੀਬੀ ਜਗਦੀਸ਼ ਕੌਰ ਦੇ ਹੱਸਦੇ-ਵੱਸਦੇ ਸੰਸਾਰ ’ਤੇ ਕਹਿਰ ਟੁੱਟ ਪਿਆ ਸੀ। ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਤੋੜ ਦਿੱਤੇ ਸਨ ਅਤੇ ਉਨ੍ਹਾਂ ਦੇ ਪਤੀ ਕੇਹਰ ਸਿੰਘ ਨੂੰ ਡਰਾਇੰਗ ਰੂਮ ਵਿੱਚ ਹੀ ਬੇਰਹਿਮੀ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਦੇ 18 ਸਾਲਾ ਨੌਜਵਾਨ ਪੁੱਤਰ ਗੁਰਪ੍ਰੀਤ ਸਿੰਘ ਨੇ ਜਾਨ ਬਚਾਉਣ ਲਈ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਬਾਹਰ ਖੜ੍ਹੀ ਖ਼ੂਨ ਦੀ ਪਿਆਸੀ ਭੀੜ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਮਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਜਵਾਨ ਪੁੱਤ ’ਤੇ ਮਿੱਟੀ ਦਾ ਤੇਲ ਪਾ ਕੇ ਜਿਉਂਦਾ ਸਾੜ ਦਿੱਤਾ ਗਿਆ ਸੀ। ਉਹ ਮਾਸੂਮ ਪੁੱਤਰ ਸੜਕ ਵਿਚਕਾਰ ਤੜਫ਼ਦਾ ਰਿਹਾ, ਮਾਂ ਕੋਲੋਂ ਪਾਣੀ ਮੰਗਦਾ ਰਿਹਾ ਅਤੇ ਆਖ਼ਰ ਸਹਿਕ-ਸਹਿਕ ਕੇ ਉਸ ਨੇ ਆਪਣੀ ਮਾਂ ਦੀ ਗੋਦ ਵਿੱਚ ਦਮ ਤੋੜ ਦਿੱਤਾ।
ਜ਼ੁਲਮ ਦੀ ਇਹ ਦਾਸਤਾਨ ਇੱਥੇ ਹੀ ਖ਼ਤਮ ਨਹੀਂ ਹੋਈ। ਅਗਲੇ ਦਿਨ, 2 ਨਵੰਬਰ ਨੂੰ, ਗੁਆਂਢੀਆਂ ਦੇ ਘਰ ਛੁਪੇ ਉਨ੍ਹਾਂ ਦੇ ਤਿੰਨ ਭਰਾਵਾਂ ਨੂੰ ਹਮਲਾਵਰਾਂ ਨੇ ਲੱਭ ਲਿਆ। ਜਿਵੇਂ ਹੀ ਉਹ ਜਾਨ ਬਚਾਉਣ ਲਈ ਬਾਹਰ ਨਿਕਲੇ, ਭਾਗਮਲ ਅਤੇ ਗਿਰਧਾਰੀ ਵਰਗੇ ਗੁੰਡਿਆਂ ਨੇ ਰੌਲਾ ਪਾ ਕੇ ਉਨ੍ਹਾਂ ਨੂੰ ਘੇਰ ਲਿਆ ਸੀ। ਉਨ੍ਹਾਂ ਨੂੰ ਡਾਂਗਾਂ-ਸੋਟਿਆਂ ਨਾਲ ਅੱਧਮੋਇਆ ਕਰਨ ਤੋਂ ਬਾਅਦ ਜਗਦੀਸ਼ ਕੌਰ ਦੇ ਘਰ ਦੇ ਮੁੱਖ ਦਰਵਾਜ਼ੇ ਅੱਗੇ ਹੀ ਜਿਉਂਦਿਆਂ ਸਾੜ ਦਿੱਤਾ ਗਿਆ ਸੀ। ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਦਾ ਇਹ ਆਲਮ ਸੀ ਕਿ ਤਿੰਨ ਦਿਨਾਂ ਤੱਕ ਪਤੀ, ਪੁੱਤ ਅਤੇ ਭਰਾਵਾਂ ਦੀਆਂ ਲਾਸ਼ਾਂ ਘਰ ਵਿੱਚ ਹੀ ਪਈਆਂ ਸੜਦੀਆਂ ਰਹੀਆਂ। ਪ੍ਰਸ਼ਾਸਨ ਜਾਂ ਪੁਲਿਸ ਵੱਲੋਂ ਕੋਈ ਮਦਦ ਨਾ ਮਿਲਣ ’ਤੇ ਬੀਬੀ ਜਗਦੀਸ਼ ਕੌਰ ਨੂੰ ਘਰ ਦੇ ਫ਼ਰਨੀਚਰ, ਲੱਕੜ ਦੇ ਦਰਵਾਜ਼ਿਆਂ ਅਤੇ ਤਖ਼ਤਿਆਂ ਨਾਲ ਚਿਤਾ ਬਣਾ ਕੇ ਆਪਣਿਆਂ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕਰਨਾ ਪਿਆ ਸੀ।
ਇਸ ਕਤਲੇਆਮ ਦਾ ਸਭ ਤੋਂ ਵੱਧ ਸ਼ਰਮਨਾਕ ਅਤੇ ਘਿਣਾਉਣਾ ਪਹਿਲੂ ਦਿੱਲੀ ਪੁਲਿਸ ਅਤੇ ਪ੍ਰਸ਼ਾਸਨ ਦੀ ਸਿੱਧੀ ਭਾਈਵਾਲੀ ਸੀ। ਅਦਾਲਤ ਵਿੱਚ ਦਰਜ ਗਵਾਹੀ ਅਨੁਸਾਰ ਜਦੋਂ ਜਗਦੀਸ਼ ਕੌਰ ਆਪਣੀ ਸ਼ਿਕਾਇਤ ਲੈ ਕੇ ਪੁਲਿਸ ਚੌਕੀ ਪਹੁੰਚੀ, ਤਾਂ ਉੱਥੇ ਸੱਜਣ ਕੁਮਾਰ ਪੁਲਿਸ ਦੀ ਜੀਪ ਉੱਤੇ ਖੜ੍ਹਾ ਹੋ ਕੇ ਸ਼ਰ੍ਹੇਆਮ ਐਲਾਨ ਕਰ ਰਿਹਾ ਸੀ ਕਿ ਇੱਕ ਵੀ ਸਿੱਖ ਬਚਣਾ ਨਹੀਂ ਚਾਹੀਦਾ ਅਤੇ ਜਿਨ੍ਹਾਂ ਹਿੰਦੂਆਂ ਨੇ ਸਿੱਖਾਂ ਨੂੰ ਸ਼ਰਨ ਦਿੱਤੀ ਹੈ, ਉਨ੍ਹਾਂ ਨੂੰ ਵੀ ਮਾਰ ਦਿੱਤਾ ਜਾਵੇ। ਇਸ ਤੋਂ ਵੀ ਵੱਧ ਰੂਹ ਕੰਬਾਊ ਗੱਲ ਇਹ ਸੀ ਕਿ ਪੁਲਿਸ ਚੌਕੀ ਦੇ ਇੰਚਾਰਜ ਅਧਿਕਾਰੀ ਨੇ ਇਨ੍ਹਾਂ  ਦਰਿੰਦਿਆਂ ਤੋਂ ਹੱਸਦਿਆਂ ਪੁੱਛਿਆ, “ਸ਼ਾਬਾਸ਼! ਕਿੰਨੇ ਮੁਰਗੇ ਭੁੰਨ ਦਿੱਤੇ?” ਇਹ ਇਤਿਹਾਸਕ ਸ਼ਬਦ ਗਵਾਹੀ ਭਰਦੇ ਹਨ ਕਿ ਕਿਵੇਂ ਰਾਖੇ ਹੀ ਭਖਸ਼ੀ ਬਣ ਚੁੱਕੇ ਸਨ ਅਤੇ ਸਿੱਖਾਂ ਦੀ ਨਸਲਕੁਸ਼ੀ ਨੂੰ ਇੱਕ ਖੁਸ਼ੀ ਦੇ ਉਤਸਵ ਵਾਂਗ ਮਨਾਇਆ ਜਾ ਰਿਹਾ ਸੀ।
ਅਜਿਹੇ ਖ਼ੌਫ਼ਨਾਕ ਮਾਹੌਲ ਵਿੱਚ ਵੀ ਬੀਬੀ ਜਗਦੀਸ਼ ਕੌਰ ਨੇ ਹੌਸਲਾ ਨਹੀਂ ਹਾਰਿਆ। ਸਿਸਟਮ ਅਤੇ ਮੁਲਜ਼ਮ ਧਿਰ ਨੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ। ਕੇਸ ਵਾਪਸ ਲੈਣ ਅਤੇ ਅਦਾਲਤ ਵਿੱਚ ਗਵਾਹੀ ਤੋਂ ਮੁਕਰਨ ਲਈ ਉਨ੍ਹਾਂ ਨੂੰ 8 ਕਰੋੜ ਰੁਪਏ ਦੀ ਭਾਰੀ ਰਕਮ, ਚੰਡੀਗੜ੍ਹ ਵਿੱਚ ਕੀਮਤੀ ਪਲਾਟ ਅਤੇ ਪੂਰੇ ਪਰਿਵਾਰ ਨੂੰ ਵਿਦੇਸ਼ ਵਿੱਚ ਪੱਕੇ ਤੌਰ ’ਤੇ ਵਸਾਉਣ ਦਾ ਲਾਲਚ ਦਿੱਤਾ ਗਿਆ ਸੀ ਪਰ ਇੱਕ ਸੱਚੀ ਸਰਦਾਰਨੀ ਨੇ ਇਸ ਸਾਰੇ ਧਨ-ਦੌਲਤ ਦੇ ਅੰਬਾਰ ਨੂੰ ਠੋਕਰ ਮਾਰਦਿਆਂ ਸਪੱਸ਼ਟ ਕਿਹਾ ਸੀ ਕਿ ਉਹ ਆਪਣੇ ਸ਼ਹੀਦ ਪਰਿਵਾਰ ਦੇ ਖ਼ੂਨ ਦੀ ਦਲਾਲੀ ਕਦੇ ਨਹੀਂ ਕਰੇਗੀ। ਉਨ੍ਹਾਂ ਨੇ ਆਪਣੇ ਬਾਕੀ ਬੱਚਿਆਂ ਦਾ ਪੇਟ ਪਾਲਣ ਲਈ ਗ਼ਰੀਬੀ ਵਿੱਚ ਛੋਟੇ-ਮੋਟੇ ਕੰਮ ਕੀਤੇ, ਪਰ ਅਦਾਲਤਾਂ ਦੀਆਂ ਬਰੂਹਾਂ ’ਤੇ ਖੜ੍ਹ ਕੇ ਕਾਤਲਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸੱਚ ਬੋਲਣ ਤੋਂ ਕਦੇ ਪਿੱਛੇ ਨਹੀਂ ਹਟੀ।
ਸਾਲ 2018 ਵਿੱਚ ਦਿੱਲੀ ਹਾਈ ਕੋਰਟ ਵੱਲੋਂ ਸੁਣਾਇਆ ਗਿਆ ਫ਼ੈਸਲਾ ਨਾ ਸਿਰਫ਼ ਸੱਜਣ ਕੁਮਾਰ ਦੀ ਸਜ਼ਾ ਦਾ ਐਲਾਨ ਸੀ, ਸਗੋਂ ਇਹ ਬੀਬੀ ਜਗਦੀਸ਼ ਕੌਰ ਵਰਗੀਆਂ ਦਲੇਰ ਔਰਤਾਂ ਦੇ ਅਡੋਲ ਸਿਦਕ ਦੀ ਜਿੱਤ ਸੀ। ਅਦਾਲਤ ਨੇ ਆਪਣੀ 207 ਪੰਨਿਆਂ ਦੀ ਜਜਮੈਂਟ ਵਿੱਚ ਸਪੱਸ਼ਟ ਲਿਖਿਆ ਸੀ ਕਿ ਇਹ ਆਮ ਹਿੰਸਾ ਨਹੀਂ ਸਗੋਂ ਮਨੁੱਖਤਾ ਖ਼ਿਲਾਫ਼ ਅਪਰਾਧ ਸੀ, ਜਿਸ ਵਿੱਚ ਦੋਸ਼ੀਆਂ ਨੂੰ ਸਿਆਸੀ ਅਤੇ ਪ੍ਰਸ਼ਾਸਕੀ ਸਰਪ੍ਰਸਤੀ ਹਾਸਲ ਸੀ। ਹਾਈ ਕੋਰਟ ਨੇ ਬੀਬੀ ਜਗਦੀਸ਼ ਕੌਰ ਅਤੇ ਹੋਰ ਗਵਾਹਾਂ ਦੀ ਬੇਖ਼ੌਫ਼ ਗਵਾਹੀ ਨੂੰ ਸਲਾਮ ਕੀਤਾ, ਜਿਨ੍ਹਾਂ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਦਹਿਸ਼ਤ, ਦਬਾਅ ਅਤੇ ਲਾਲਚਾਂ ਦੇ ਤੂਫ਼ਾਨਾਂ ਦਾ ਸਾਹਮਣਾ ਕਰਦਿਆਂ ਸੱਚ ਦਾ ਦੀਵਾ ਜਗਾਈ ਰੱਖਿਆ।
ਸੱਜਣ ਕੁਮਾਰ ਦੀ ਤਿਹਾੜ ਜੇਲ੍ਹ ਵਿੱਚ ਬੰਦ ਰਹਿ ਕੇ ਹੋਈ ਮੌਤ ਨੇ ਪੀੜਤ ਪਰਿਵਾਰਾਂ ਨੂੰ ਇੱਕ ਹੱਦ ਤੱਕ ਸੰਤੁਸ਼ਟੀ ਜ਼ਰੂਰ ਦਿੱਤੀ ਹੈ ਕਿ ਮੁੱਖ ਦੋਸ਼ੀ ਆਪਣੀ ਜ਼ਿੰਦਗੀ ਦੇ ਆਖ਼ਰੀ ਪਲ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਇਕੱਲਾ ਅਤੇ ਗੁਨਾਹਾਂ ਦੇ ਬੋਝ ਹੇਠ ਕੱਟ ਕੇ ਮਰਿਆ। ਪਰ ਇਸ ਦੇ ਬਾਵਜੂਦ ਇਹ ਅਧੂਰੇ ਇਨਸਾਫ਼ ਦਾ ਇੱਕ ਕੌੜਾ ਸੱਚ ਵੀ ਹੈ। ਇਹ ਸਵਾਲ ਅੱਜ ਵੀ ਭਾਰਤ ਦੇ ਨਿਆਂ ਪ੍ਰਬੰਧ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਾ ਹੈ ਕਿ ਇਸ ਕਤਲੇਆਮ ਦੀ ਸਾਜ਼ਿਸ਼ ਰਚਣ ਵਾਲੇ ਕਈ ਹੋਰ ਵੱਡੇ ਸਿਆਸੀ ਚਿਹਰੇ, ਨਫ਼ਰਤ ਭੜਕਾਉਣ ਵਾਲੇ ਆਗੂ ਅਤੇ ਕਾਤਲਾਂ ਦਾ ਸਾਥ ਦੇਣ ਵਾਲੇ ਦਿੱਲੀ ਪੁਲਿਸ ਦੇ ਦੋਸ਼ੀ ਅਫ਼ਸਰ ਬਿਨਾਂ ਕਿਸੇ ਸਜ਼ਾ ਦੇ ਕਿਵੇਂ ਬਚ ਨਿਕਲੇ।
 ਬੀਬੀ ਜਗਦੀਸ਼ ਕੌਰ ਦਾ ਜੀਵਨ ਅਤੇ ਸੰਘਰਸ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸਿਖਾਉਂਦਾ ਰਹੇਗਾ ਕਿ ਜਦੋਂ ਰਾਜ-ਸੱਤਾ ਖ਼ੁਦ ਜ਼ਾਲਮ ਬਣ ਜਾਵੇ, ਕਾਨੂੰਨ ਦੇ ਰਾਖੇ ਕਾਤਲਾਂ ਨਾਲ ਰਲ ਜਾਣ ਅਤੇ ਸਮਾਂ ਸਭ ਤੋਂ ਵੱਡੀ ਪ੍ਰੀਖਿਆ ਲੈ ਰਿਹਾ ਹੋਵੇ, ਤਾਂ ਵੀ ਅਣਖ, ਧਰਮ ਅਤੇ ਸੱਚ ਦੇ ਰਾਹ ’ਤੇ ਅਡੋਲ ਖੜ੍ਹੇ ਰਹਿ ਕੇ ਜ਼ੁਲਮ ਦੇ ਵੱਡੇ ਤੋਂ ਵੱਡੇ ਮਹਿਲਾਂ ਦੀਆਂ ਨੀਹਾਂ ਹਿਲਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੀ ਗਵਾਹੀ ਇਤਿਹਾਸ ਦੇ ਪੰਨਿਆਂ ਵਿੱਚ ਜ਼ੁਲਮ ਖ਼ਿਲਾਫ਼ ਨਾਬਰੀ ਦੀ ਇੱਕ ਅਮਰ ਮਿਸਾਲ ਵਜੋਂ ਹਮੇਸ਼ਾ ਦਰਜ ਰਹੇਗੀ।