ਬੰਦ ਹੋਣੀ ਚਾਹੀਦੀ ਹੈ ਖੂਬਸੂਰਤੀ ਦੀ ਪਰਖ

ਬੰਦ ਹੋਣੀ ਚਾਹੀਦੀ ਹੈ ਖੂਬਸੂਰਤੀ ਦੀ ਪਰਖ

ਸੋਹਣੀ, ਖੂਬਸੂਰਤ ਦਿਖਣ ਵਾਲੀ ਹਰ ਸ਼ੈਅ ਮਨੁੱਖ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਨਿਰਜੀਵ ਹੋਵੇ ਜਾਂ ਸੰਜੀਵ ਖੂਬਸੂਰਤ ਚੀਜ਼ਾਂ ਦੀ ਚੋਣ ਮਨੁੱਖ ਦੀ ਪਹਿਲ ਰਹੀ ਹੈ। ਕੱਪੜੇ, ਮਕਾਨ, ਕਾਰਾਂ, ਇਨਸਾਨ ਹਰ ਇੱਕ ਵਿੱਚ ਮਨੁੱਖ ਸੁਹੱਪਣ ਲੋਚਦਾ ਹੈ।
ਵਸਤੂਆਂ ਨੂੰ ਇੱਕ ਪਾਸੇ ਰੱਖ ਜੇਕਰ ਇਨਸਾਨਾਂ ਦੀ ਗੱਲ ਕਰੀਏ ਤਾਂ ਸੋਹਣੇ ਇਨਸਾਨਾਂ ਦੀ ਸਾਡੇ ਸਮਾਜ ਵਿੱਚ ਪਰਿਭਾਸ਼ਾ ਬਹੁਤ ਸੌੜੀ ਅਤੇ ਤੰਗਦਿਲੀ ਵਾਲੀ ਹੈ। ਇਸੇ ਸੋਚ ਦੇ ਚੱਲਦਿਆਂ ਅਨੇਕਾਂ ਮਨੁੱਖ ਵਿਤਕਰੇ ਅਤੇ ਹੀਣ ਭਾਵਨਾ  ਦਾ ਸ਼ਿਕਾਰ ਹੁੰਦੇ ਹਨ। ਇਹ ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਅਸੀਂ ਸਰੀਰਕ ਪੱਖੋਂ, ਰੰਗ ਰੂਪ ਪੱਖੋਂ ਗੋਰੇ ਚਿੱਟੇ, ਤਿੱਖੇ  ਨੈਣ ਨਕਸ਼ਾਂ ਵਾਲੇ ਤੇ ਉੱਚੇ ਲੰਮੇ ਇਨਸਾਨ ਨੂੰ ਸੋਹਣਾ ਮੰਨਦੇ ਹਾਂ। ਮਨੁੱਖ ਨੂੰ ਉਸਦੇ ਗੁਣਾਂ ਕਰਕੇ ਘੱਟ ਉਸਦੀ ਬਾਹਰੀ ਸੁੰਦਰਤਾ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਸਮਾਜ ਵਿੱਚ ਵਿਚਰਦਿਆਂ ਅਨੇਕਾਂ ਹੀ ਲੋਕ ਦੂਸਰੇ ਲੋਕਾਂ ਦੀ ਸੁੰਦਰਤਾ ਦੀ ਪਾਰਖੂ  ਅੱਖ ਦਾ ਸਾਮ੍ਹਣਾ ਕਰਦੇ ਹਨ। ਇਸੇ ਦੇ ਚੱਲਦਿਆਂ ਕੁਝ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ ਅਤੇ ਕੁਝ ਲਈ ਲੋਕ ਉਹਨਾਂ ਦੀ ਸ਼ਖਸੀਅਤ ਤੋਂ ਵਧੇਰੇ ਕਿਆਸ ਅਰਾਈਆਂ ਲਕਾਉਣ ਲੱਗ ਜਾਂਦੇ ਹਨ।
ਸਕੂਲ ਵਿੱਚ ਪੜ੍ਹਦੇ ਬੱਚਿਆਂ, ਨੌਜਵਾਨਾਂ ਵਿੱਚ ਇਸ ਪਰਖ ਦੇ ਬਹੁਤ ਬੁਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਜੇਕਰ ਸਕੂਲ, ਕਾਲਜ ਵਿੱਚ ਬੱਚੇ ਦੀ ਪ੍ਰਤਿਭਾ ਨੂੰ ਨਜ਼ਰਅੰਦਾਜ਼ ਕਰ ਕਿਸੇ ਦੂਸਰੇ ਬੱਚੇ ਦੀ ਬਾਹਰੀ ਸੁੰਦਰਤਾ ਨੂੰ ਜਿਆਦਾ ਸਰਾਹਿਆ ਜਾਂਦਾ ਹੈ ਤਾਂ ਬੱਚੇ ਵਿੱਚ ਆਤਮ ਵਿਸ਼ਵਾਸ ਦੀ ਘਾਟ ਆ ਜਾਂਦੀ ਹੈ। ਬਾਹਰੀ ਕਰੂਪਤਾ ਜਾਂ ਸਰੀਰਕ ਕਮੀ ਜਿਵੇਂ ਕਿ ਕੱਦ ਦਾ ਜਿਆਦਾ ਛੋਟਾ ਹੋਣਾ,ਭਾਰ ਦਾ ਜਿਆਦਾ ਵੱਧ ਹੋਣਾ, ਸਾਂਵਲਾ ਰੰਗ ਹੋਣਾ ਇਹ ਸਭ ਕੁਦਰਤੀ ਚੀਜ਼ਾਂ ਹਨ, ਜੇਕਰ ਇਹਨਾਂ ਵਿਚੋਂ ਕਿਸੇ ਵੀ ਕਰਕੇ ਬੱਚਿਆਂ ਨਾਲ ਵਿਤਕਰਾ ਹੁੰਦਾ ਹੈ ਜਾਂ ਉਹਨਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ ਤਾਂ ਇਸਦੇ ਨਤੀਜੇ ਵੱਜੋਂ ਬਹੁਤ ਬੱਚੇ ਆਪਣੇ ਆਪ ਤੋਂ ਨਫ਼ਰਤ ਕਰਨ ਲੱਗਦੇ ਹਨ। ਉਹ ਕਿਸੇ ਸਾਹਮਣੇ ਗੱਲ ਕਰਨ ਤੋਂ ਝਿਜਕਣ ਲੱਗਦੇ  ਹਨ। ਅਜਿਹੇ ਵਿੱਚ ਬੱਚੇ ਮਨੋਰੋਗ, ਚਿੰਤਾ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਇਸਤੋਂ ਇਲਾਵਾ ਸੁੰਦਰਤਾ ਦੀ ਇਸ ਪਰਖ ਦਾ ਸਭ ਤੋਂ ਘਟੀਆ ਰੂਪ ਕਿਸੇ ਨੌਜਵਾਨ ਲੜਕੀ ਦਾ ਰਿਸ਼ਤਾ ਤੈਅ ਕਰਨ ਸਮੇਂ ਦੇਖਣ ਨੂੰ ਮਿਲਦਾ ਹੈ, ਜਦੋਂ ਲੜਕੇ ਦੇ ਪਰਿਵਾਰਿਕ ਮੈਂਬਰਾਂ ਦੀ ਟੀਮ ਕਿਸੇ ਦੀ ਨੌਜਵਾਨ ਧੀ ਦੀ ਸੁੰਦਰਤਾ ਦੀ ਪਰਖ ਆਪਣੀ ਸੋਚ ਅਤੇ ਮਿਥੇ ਹੋਏ ਪੈਮਾਨਿਆਂ ਦੇ ਆਧਾਰ ’ਤੇ ਕਰਦੀ ਹੈ। ਇਸ ਰਸਮ ਦੇ ਚੱਲਦਿਆਂ ਪਤਾ ਨਹੀਂ ਕਿੰਨੀਆਂ ਕੁ ਲਿਆਕਤ ਭਰਪੂਰ, ਸੁਹਜ ਤੇ ਸਿਆਣੀਆਂ ਲੜਕੀਆਂ ਨੂੰ ਲੋਕ ਇਹ ਕਹਿ ਠੁਕਰਾ ਜਾਂਦੇ ਹਨ ਕਿ ਲੜਕੀ ਦਾ ਰੰਗ ਸਾਂਵਲਾ ਹੈ ਜਾਂ ਕੱਦ ਛੋਟਾ ਹੈ ਜਾਂ ਲੜਕੀ ਖੂਬਸੂਰਤ ਨਹੀਂ ਹੈ। ਅਜਿਹੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਲੜਕੀਆਂ ਭਾਵਨਾਤਮਕ ਤੌਰ ਤੇ ਜ਼ਖਮੀ ਹੁੰਦੀਆਂ ਹਨ।  ਪੜ੍ਹੀਆਂ ਲਿਖੀਆਂ ਧੀਆਂ ਨੂੰ ਅਨਪੜ੍ਹ ਲੋਕਾਂ ਦੀ ਮੰਡਲੀ ਨਿੰਦ ਕੇ ਰਾਹੇ ਪੈਂਦੀ ਹੈ ਅਤੇ ਆਪਣੀਆਂ ਔਖੀਆਂ ਪੜ੍ਹਾਈਆ ਦੇ ਇਮਤਿਹਾਨਾਂ ਤੋਂ ਨਾ ਡਰਨ ਵਾਲੀਆਂ ਲੜਕੀਆਂ ਨੂੰ ਇਸ ਕੋਝੀ ਰਸਮ ਤੇ ਪਰਖ ਤੋਂ ਡਰ ਲੱਗਣ ਲੱਗਦਾ ਹੈ।
ਇਹ ਪਰਖ ਨੌਜਵਾਨ ਧੀਆਂ ਦੇ ਦਿਲ ਉੱਪਰ ਬਹੁਤ ਗਹਿਰੀ ਸੱਟ ਮਾਰ ਜਾਂਦੀ ਹੈ। ਉਹਨਾਂ ਨੂੰ ਆਪਣੀ ਕਾਬਲੀਅਤ ਦਾ ਪਤਾ ਹੁੰਦੇ ਹੋਏ ਵੀ ਆਪਣੇ ਆਪ ਤੇ ਸੰਦੇਹ ਹੋਣ ਲੱਗਦਾ ਹੈ। ਇਸੇ ਰੀਤ ਦੇ ਚੱਲਦਿਆਂ ਕਈ ਲੜਕੀਆਂ ਨੂੰ ਠੁਕਰਾਏ ਜਾਣ ਉਪਰੰਤ ਉਹਨਾਂ ਦੁਆਰਾ ਖੁਦਕੁਸ਼ੀ ਕਰਨ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ।
ਇੱਥੇ ਇੱਕ ਗੱਲ ਬਹੁਤ ਹੈਰਾਨ ਕਰਨ ਵਾਲੀ ਹੈ ਕਿ ਸਾਡੇ ਸਮਾਜ ਵਿੱਚ ਜਿੱਥੇ ਮਾਪਿਆਂ ਦੁਆਰਾ  ਲੜਕੀਆਂ ਨੂੰ ਆਪਣੀ ਇੱਜ਼ਤ ਦੱਸਦਿਆਂ ਉਸ ਵੱਲ ਅੱਖ ਚੁੱਕ ਕੇ ਦੇਖਣ ਵਾਲੇ ਜਾਂ ਉਸਦੀ ਸਰੀਰਕ ਬਣਤਰ ਤੇ ਕੋਈ ਗੱਲ ਕਹਿਣ ਵਾਲੇ ਨੂੰ ਆਪਣੀ ਅਣਖ, ਗੈਰਤ ਤੇ ਵਾਰ ਸਮਝਿਆ ਜਾਂਦਾ ਹੈ, ਉਸੇ ਹੀ ਸਮਾਜ ਵਿੱਚ ਜਿੰਨਾਂ ਲੋਕਾਂ ਨਾਲ  ਫਿਲਹਾਲ ਕੋਈ ਰਿਸ਼ਤਾ ਜੁੜਿਆ ਨਹੀਂ ਹੁੰਦਾ, ਉਨ੍ਹਾਂ ਨੂੰ ਆਪਣੀਆਂ ਧੀਆਂ ਦੀ ਸੁੰਦਰਤਾ ਦੀ ਪਰਖ ਕਰਨ ਦੀ ਆਗਿਆ ਦੇ ਦਿੰਦੇ ਹਾਂ। ਸਮਾਜ ਦਾ ਇਹ ਦੋਮੂੰਹਾ ਰੂਪ  ਸਮਝ ਤੋਂ ਬਾਹਰ ਹੈ।
ਅਸਲ ਵਿੱਚ ਸਾਨੂੰ ਸੁੰਦਰਤਾ ਦੀ ਅਸਲ ਪਰਿਭਾਸ਼ਾ ਸਮਝਣ ਦੀ ਲੋੜ ਹੈ। ਸੋਹਣਾ ਉਹ ਜੋ ਸੋਹਣੇ ਕੰਮ ਕਰੇ, ਜੋ ਸਰੀਰਕ ਨਹੀਂ ਬਲਕਿ ਸੀਰਤ ਪੱਖੋਂ  ਖੂਬਸੂਰਤ ਹੋਵੇ। ਜਿਸ ਵਿੱਚ ਹਰ ਕੰਮ ਨੂੰ ਸੁਹਜ ਨਾਲ ਕਰਨ ਦੀ ਲਿਆਕਤ ਹੋਵੇ, ਹੁਨਰ ਹੋਵੇ, ਕੁਝ ਕਰ ਵਿਖਾਉਣ ਦਾ ਜ਼ਜਬਾ ਹੋਵੇ। ਜੋ ਸੱਚ ਦਾ ਪਹਿਰੇਦਾਰ ਹੋਵੇ ਅਤੇ ਜੋ ਕਿਤੇ ਵੀ ਹੁੰਦੀ ਬੇਇੰਸਾਫ਼ੀ ਵਿਰੁੱਧ ਡੱਟ ਕੇ ਖੜਾ ਹੋਵਣ ਦੀ ਜੁੱਅਰਤ ਰੱਖਦਾ ਹੋਵੇ। ਅਜਿਹੇ ਲੋਕ ਖੂਬਸੂਰਤ ਲੋਕਾਂ ਦੀ ਕਤਾਰ ਵਿੱਚ ਸ਼ਾਮਿਲ ਹੁੰਦੇ ਹਨ। ਬਾਹਰੀ ਸੁੰਦਰਤਾ ਕੁਝ ਸਮੇਂ ਦੀ ਮਹਿਮਾਨ ਹੈ, ਇਸਦਾ ਪਾਣੀ ਵਿੱਚ ਪਏ ਪਤਾਸੇ ਵਾਂਗ ਖੁਰਨਾ ਸਿੱੱਧ ਹੈ।
ਸੋ ਜਰੂਰਤ ਹੈ ਸੁੰਦਰਤਾ ਦੇ ਸਹੀ ਅਰਥ ਸਮਝਣ ਦੀ ਅਤੇ ਆਪਣੇ ਬੱਚਿਆਂ ਨੂੰ ਵੀ ਸੁੰਦਰਤਾ ਦੀ ਸਹੀ ਪਹਿਚਾਣ ਦੱਸਣ ਦੀ। ਜੇਕਰ ਅਸੀਂ ਸੁੰਦਰਤਾ ਦੇ ਅਸਲ ਅਰਥ ਸਮਝਾਂਗੇ ਤਾਂ ਹੀ ਸਦੀਆਂ ਤੋਂ ਚੱਲਦੀ  ਆ ਰਹੀ ਖੂਬਸੂਰਤੀ ਦੀ ਇਹ ਬਦਸੂਰਤ ਪਰਖ ਬੰਦ ਹੋ ਸਕਦੀ ਹੈ।

ਹਰਕੀਰਤ ਕੌਰ