ਏ.ਆਈ ਤਕਨੀਕ ਰਾਹੀਂ 2.5 ਲੱਖ ਨਵੀਂਆਂ ਨੌਕਰੀਆਂ ਪੈਦਾ ਕਰੇਗੀ ਕੈਨੇਡਾ ਸਰਕਾਰ : ਕਾਰਨੀ
ਵਿਨੀਪੈਗ/ਏ.ਟੀ.ਨਿਊਜ਼: ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ—ਆਰਥਿਕ ਮੁਕਾਬਲੇ, ਤਕਨੀਕੀ ਤਬਦੀਲੀ ਅਤੇ ਭਵਿੱਖ ਨੂੰ ਨਿਰਧਾਰਿਤ ਕਰਨ ਵਾਲੀ ਪ੍ਰਤਿਭਾ ਤੇ ਨਵੀਨਤਾ ਦੀ ਆਲਮੀ ਦੌੜ ਨੇ ਵਿਸ਼ਵ ਦੇ ਦੇਸ਼ਾਂ ਲਈ ਨਵੇਂ ਚੁਣੌਤੀਪੂਰਨ ਮਾਪਦੰਡ ਤੈਅ ਕਰ ਦਿੱਤੇ ਹਨ। ਇਸ ਬਦਲਾਅ ਦੇ ਕੇਂਦਰ ਵਿੱਚ ਮਸਨੂਈ ਬੌਧਿਕਤਾ (ਏ ਆਈ) ਹੈ, ਜੋ ਲੋਕਾਂ ਦੀ ਜ਼ਿੰਦਗੀ, ਕੰਮਕਾਜ, ਕਾਰੋਬਾਰ ਅਤੇ ਕੌਮੀ ਸੁਰੱਖਿਆ ਦੇ ਤਰੀਕਿਆਂ ਨੂੰ ਬਦਲ ਰਹੀ ਹੈ। ਕੈਨੇਡਾ ਕੋਲ ਵਿਸ਼ਵ-ਪੱਧਰੀ ਪ੍ਰਤਿਭਾ ਅਤੇ ਜੀ-7 ਵਿੱਚ ਸਭ ਤੋਂ ਤੇਜ਼ੀ ਨਾਲ ਵਧਦਾ ਡਿਜੀਟਲ ਸੈਕਟਰ ਹੈ, ਪਰ ਏ. ਆਈ. ਨੂੰ ਵਿਆਪਕ ਪੱਧਰ ’ਤੇ ਅਪਣਾਉਣ ਵਿੱਚ ਇਹ ਦੇਸ਼ ਅਜੇ ਵੀ ਪਿੱਛੇ ਹੈ।
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ “‘ਏ.ਆਈ. ਫਾਰ ਆਲ — ਕੈਨੇਡਾ’ ਦੀ ਨਵੀਂ ਕੌਮੀ ਮਸਨੂਈ ਬੌਧਿਕਤਾ (ਏ.ਆਈ.) ਰਣਨੀਤੀ ਦਾ ਐਲਾਨ ਕੀਤਾ। ਸਰਕਾਰ ਦਾ ਕਹਿਣਾ ਹੈ ਕਿ ਇਹ ਰਣਨੀਤੀ ਕੈਨੇਡਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਨਵੀਆਂ ਨੌਕਰੀਆਂ ਪੈਦਾ ਕਰਨ ਅਤੇ ਦੇਸ਼ ਭਰ ਵਿੱਚ ਏ ਆਈ ਦੀ ਵਰਤੋਂ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਕਰੇਗੀ।
ਨਵੀਂ ਰਣਨੀਤੀ ਅਗਲੇ ਪੰਜ ਸਾਲਾਂ ਵਿੱਚ 2,500 ਕਰੋੜ ਡਾਲਰ ਦੇ ਵਾਧੂ ਆਰਥਿਕ ਵਿਕਾਸ ਦਾ ਟੀਚਾ ਅਤੇ ਲਗਪਗ 2.5 ਲੱਖ ਨਵੀਆਂ ਏ ਆਈ ਸੰਬੰਧੀ ਨੌਕਰੀਆਂ ਪੈਦਾ ਕਰਨ ਦਾ ਉਦੇਸ਼ ਰੱਖਦੀ ਹੈ। ਸਰਕਾਰ ਦਾ ਟੀਚਾ 2034 ਤੱਕ ਕੈਨੇਡੀਅਨ ਕਾਰੋਬਾਰਾਂ ਵਿੱਚ ਏ ਆਈ ਦੀ ਵਰਤੋਂ ਨੂੰ ਮੌਜੂਦਾ ਪੱਧਰ ਤੋਂ ਵਧਾ ਕੇ 60 ਫ਼ੀਸਦੀ ਤੱਕ ਲਿਜਾਣਾ ਹੈ। ਇਸ ਯੋਜਨਾ ਤਹਿਤ ਦੇਸ਼ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ 90,000 ਤੱਕ ਏ ਆਈ ਸਬੰਧੀ ਨੌਕਰੀਆਂ ਅਤੇ ਵਰਕ-ਪਲੇਸਮੈਂਟ ਮੌਕੇ ਉਪਲਬਧ ਕਰਵਾਏ ਜਾਣਗੇ। ਇਸ ਦੇ ਨਾਲ ਹੀ ਹਰ ਪੋਸਟ-ਸੈਕੰਡਰੀ ਵਿਦਿਆਰਥੀ ਨੂੰ ਭਰੋਸੇਯੋਗ ਏ ਆਈ ਸਹਾਇਕ ਸਾਧਨਾਂ ਤੱਕ ਪਹੁੰਚ ਮੁਹੱਈਆ ਕਰਵਾਉਣ ਦੀ ਯੋਜਨਾ ਵੀ ਸ਼ਾਮਲ ਹੈ।
ਸਰਕਾਰ ਨੇ ਕੈਨੇਡਾ ਦੀਆਂ ਘਰੇਲੂ ਏ ਆਈ ਕੰਪਨੀਆਂ ਨੂੰ ਸਹਿਯੋਗ ਦੇਣ ਲਈ 500 ਮਿਲੀਅਨ ਕੈਨੇਡੀਅਨ ਡਾਲਰ ਦਾ ਨਵਾਂ ਟੈਕਨਾਲੋਜੀ ਫ਼ੰਡ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਕਦਮ ਦਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਕੈਨੇਡਾ ਨੂੰ ਵਿਸ਼ਵ ਪੱਧਰ ’ਤੇ ਏ ਆਈ ਖੇਤਰ ਵਿੱਚ ਮੋਹਰੀ ਸਥਿਤੀ ਵਿੱਚ ਲਿਆਉਣਾ ਹੈ।











Comments (0)