ਪੰਜਾਬ ਕਾਂਗਰਸ ’ਚ ਆਰ-ਪਾਰ ਦੀ ਜੰਗ
ਨਿਊਜ਼ ਵਿਸ਼ਲੇਸ਼ਣ
ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਭਾਵੇਂ ਅਜੇ ਛੇ ਮਹੀਨਿਆਂ ਤੋਂ ਘੱਟ ਦਾ ਸਮਾਂ ਬਾਕੀ ਹੈ, ਪਰ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਖਾਨਾਜੰਗੀ ਅਤੇ ਸੱਤਾ ਦੀ ਖਿੱਚੋਤਾਣ ਹੁਣ ਪੂਰੀ ਤਰ੍ਹਾਂ ਚੌਰਾਹੇ ’ਤੇ ਆ ਗਈ ਹੈ। ਹਾਲਾਤ ਇੰਨੇ ਨਾਜ਼ੁਕ ਹੋ ਚੁੱਕੇ ਹਨ ਕਿ ਪਾਰਟੀ ਹਾਈਕਮਾਂਡ ਵੱਲੋਂ ਤਾਇਨਾਤ ਕੀਤੇ ਗਏ ਸੂਬਾ ਇੰਚਾਰਜ ਭੂਪੇਸ਼ ਬਘੇਲ ਦੀ 5-6 ਦਿਨਾਂ ਦੀ ‘ਚੰਡੀਗੜ੍ਹ ਫ਼ੇਰੀ’ ਵੀ ਪੂਰੀ ਤਰ੍ਹਾਂ ਬੇਅਸਰ ਸਾਬਤ ਹੋਈ ਹੈ। ਬਘੇਲ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਨਤੀਜਾ ‘ਸਿਫ਼ਰ’ ਰਿਹਾ ਹੈ ਅਤੇ ਪਾਰਟੀ ਅੰਦਰ ਬਗ਼ਾਵਤ ਦੀ ਅੱਗ ਲਗਾਤਾਰ ਭੜਕ ਰਹੀ ਹੈ।
ਹੁਣ ਪੰਜਾਬ ਕਾਂਗਰਸ ਦੀ ਇਹ ਅੰਦਰੂਨੀ ਲੜਾਈ ਦਿੱਲੀ ਦਰਬਾਰ ਪਹੁੰਚ ਚੁੱਕੀ ਹੈ, ਜਿੱਥੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਇੱਕ ਹੰਗਾਮੀ ਬੈਠਕ ਕਰਕੇ ਸਥਿਤੀ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ।
ਬਘੇਲ ਕਿਉਂ ਨਾ ਸੁਲਝਾ ਸਕੇ ਮਸਲਾ? ਚੰਨੀ ਚੱਕਰਵਿਊਹ ’ਚ ਫ਼ਸੀ ਲੀਡਰਸ਼ਿਪ
ਸੂਬਾ ਇੰਚਾਰਜ ਭੂਪੇਸ਼ ਬਘੇਲ ਨੇ ਚੰਡੀਗੜ੍ਹ ਵਿੱਚ ਡੇਰੇ ਲਾ ਕੇ ਨਾਰਾਜ਼ ਧੜੇ ਨੂੰ ਮਨਾਉਣ ਲਈ ਬ੍ਰੇਕਫ਼ਾਸਟ, ਲੰਚ ਅਤੇ ਡਿਨਰ ਡਿਪਲੋਮੇਸੀ ਦਾ ਸਹਾਰਾ ਲਿਆ, ਪਰ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੱਕਰਵਿਊ ਨੂੰ ਤੋੜਨ ਵਿੱਚ ਨਾਕਾਮ ਰਹੇ।
ਬੀਤੇ ਦਿਨੀਂ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਨਿਵਾਸ ’ਤੇ ਹੋਈ ਦੋ ਘੰਟੇ ਦੀ ਲੰਬੀ ਬੈਠਕ ਵਿੱਚ ਚੰਨੀ ਧੜੇ ਨੇ ਦੋ ਟੁੱਕ ਲਫ਼ਜ਼ਾਂ ਵਿੱਚ ਕਹਿ ਦਿੱਤਾ ਸੀ—‘ਸਾਨੂੰ ਰਾਜਾ ਵੜਿੰਗ ਵਰਗਾ ਕਮਜ਼ੋਰ ਲੀਡਰ ਪ੍ਰਵਾਨ ਨਹੀਂ ਹੈ।’
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪਰਗਟ ਸਿੰਘ ਅਤੇ ਅਰੁਣਾ ਚੌਧਰੀ ਸਮੇਤ 92 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਆਗੂਆਂ ਦਾ ਗੁੱਟ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ’ਤੇ ਅੜਿਆ ਹੋਇਆ ਹੈ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਬੈਠਕ ਵਿੱਚ ਵੜਿੰਗ ਦੀ ਕਾਰਜਸ਼ੈਲੀ ’ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਉਹ ਕਾਂਗਰਸ ਨੂੰ ਹਾਰਦੇ ਹੋਏ ਨਹੀਂ ਦੇਖ ਸਕਦੇ। ਆਗੂਆਂ ਦਾ ਤਰਕ ਹੈ ਕਿ ਜੇਕਰ ਵੜਿੰਗ ਪ੍ਰਧਾਨ ਰਹਿੰਦੇ ਹਨ, ਤਾਂ 2027 ਵਿੱਚ ਕਾਂਗਰਸ ਦੀਆਂ ਜਿੱਤਣ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ।
ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਨੇ ਇਹ ਕਹਿ ਕੇ ਮਾਮਲੇ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ‘ਪੰਜਾਬ ਵਿੱਚ ਕਾਂਗਰਸ ਦਾ ਸਿਰਫ਼ ਇੱਕ ਹੀ ਚਿਹਰਾ ਹੈ, ਅਤੇ ਉਹ ਹੈ ਰਾਹੁਲ ਗਾਂਧੀ।’ ਪਰ ਸਿਆਸੀ ਮਾਹਿਰਾਂ ਅਨੁਸਾਰ, ਬਘੇਲ ਵੱਲੋਂ ਵੜਿੰਗ ਨੂੰ ਨਾ ਬਦਲਣ ਦੇ ਅੜੀਅਲ ਰੁਖ ਨੇ ਨਾਰਾਜ਼ਗੀ ਨੂੰ ਹੋਰ ਵਧਾ ਦਿੱਤਾ ਹੈ।
ਵੜਿੰਗ ਨੂੰ ਕਿਉਂ ਨਹੀਂ ਬਦਲਿਆ ਜਾ ਰਿਹਾ?
ਹਾਈਕਮਾਂਡ ਅੱਗੇ ਸਭ ਤੋਂ ਵੱਡਾ ਪੇਚ ਇਹ ਫ਼ਸਿਆ ਹੋਇਆ ਹੈ ਕਿ ਰਾਜਾ ਵੜਿੰਗ ਕੋਲ ਸੰਗਠਨ ਦੇ ਬਹੁਗਿਣਤੀ ਜ਼ਿਲ੍ਹਾ ਪ੍ਰਧਾਨਾਂ ਦਾ ਸਮਰਥਨ ਹਾਸਿਲ ਹੈ। ਕੇ.ਸੀ. ਵੇਣੂਗੋਪਾਲ ਰਾਹੀਂ ਹਾਈਕਮਾਂਡ ਤੱਕ ਇਹ ਫ਼ੀਡਬੈਕ ਪਹੁੰਚਿਆ ਹੈ ਕਿ ਜੇਕਰ ਚੋਣਾਂ ਦੇ ਐਨ ਮੌਕੇ ਪ੍ਰਧਾਨ ਬਦਲਿਆ ਗਿਆ, ਤਾਂ ਪਾਰਟੀ ਪੂਰੀ ਤਰ੍ਹਾਂ ਬਿਖਰ ਸਕਦੀ ਹੈ।
ਇਸ ਦੇ ਨਾਲ ਹੀ, ਹਾਈਕਮਾਂਡ 2027 ਦੀਆਂ ਚੋਣਾਂ ਕਿਸੇ ਇੱਕ ਚਿਹਰੇ (ਜਿਵੇਂ 2012/2017 ਵਿੱਚ ਕੈਪਟਨ ਅਤੇ 2022 ਵਿੱਚ ਚੰਨੀ) ਦੀ ਬਜਾਏ ‘ਸਾਂਝੀ ਲੀਡਰਸ਼ਿਪ’ ਦੇ ਫ਼ਾਰਮੂਲੇ ਨਾਲ ਲੜਨਾ ਚਾਹੁੰਦੀ ਹੈ। ਚੰਨੀ ਨੂੰ ਚੋਣ ਪ੍ਰਚਾਰ ਕਮੇਟੀ (ਕੈਂਪੇਨ ਕਮੇਟੀ) ਦਾ ਮੁਖੀ ਬਣਾ ਕੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਫ਼ਾਰਮੂਲਾ ਫ਼ੇਲ ਹੁੰਦਾ ਦਿਖਾਈ ਦੇ ਰਿਹਾ ਹੈ।
ਕੀ ਰਾਹੁਲ ਗਾਂਧੀ ਕਰਨਗੇ ਉਪਰਾਲਾ ਜਾਂ ਫ਼ਿਰ ਕਰਨਗੇ ਨਜ਼ਰਅੰਦਾਜ਼?
ਰਾਹੁਲ ਗਾਂਧੀ ਇਸ ਮਸਲੇ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਪੰਜਾਬ ਨੂੰ ਲੈ ਕੇ ਉਹ ਪਹਿਲਾਂ ਹੀ ਬਹੁਤ ਸੰਵੇਦਨਸ਼ੀਲ ਹਨ, ਕਿਉਂਕਿ 2022 ਵਿੱਚ ਕੈਪਟਨ-ਸਿੱਧੂ-ਚੰਨੀ ਦੇ ਆਪਸੀ ਕਲੇਸ਼ ਕਾਰਨ ਹੱਥ ਵਿੱਚ ਆਈ ਸੱਤਾ ਗਵਾਉਣੀ ਪਈ ਸੀ। ਰਾਹੁਲ ਗਾਂਧੀ 2027 ਵਿੱਚ ਉਹ ਇਤਿਹਾਸ ਦੁਹਰਾਉਣਾ ਨਹੀਂ ਚਾਹੁੰਦੇ।
ਸੂਤਰਾਂ ਅਨੁਸਾਰ ਰਾਹੁਲ ਗਾਂਧੀ ਜਲਦ ਹੀ ਪੰਜਾਬ ਦੇ ਸੀਨੀਅਰ ਨੇਤਾਵਾਂ ਨੂੰ ਦਿੱਲੀ ਸੱਦ ਕੇ ਇੱਕ ਮੇਜ਼ ’ਤੇ ਬਿਠਾ ਸਕਦੇ ਹਨ। ਸਿਆਸੀ ਮਾਹਿਰਾਂ ਅਨੁਸਾਰ ਰਾਜਾ ਵੜਿੰਗ ਨੂੰ ਸ਼ਾਇਦ ਤੁਰੰਤ ਪ੍ਰਧਾਨਗੀ ਤੋਂ ਨਾ ਹਟਾਇਆ ਜਾਵੇ (ਕਿਉਂਕਿ ਇਸ ਨਾਲ ਹਾਈਕਮਾਂਡ ਕਮਜ਼ੋਰ ਦਿਖੇਗੀ), ਪਰ ਚੰਨੀ ਦੇ ਗੁੱਟ ਨੂੰ ਸ਼ਾਂਤ ਕਰਨ ਲਈ ਚੋਣ ਪ੍ਰਚਾਰ ਕਮੇਟੀ ਨੂੰ ਬਹੁਤ ਜ਼ਿਆਦਾ ਸ਼ਕਤੀਆਂ ਅਤੇ ਖ਼ੁਦਮੁਖਤਿਆਰੀ ਦਿੱਤੀ ਜਾ ਸਕਦੀ ਹੈ।
ਚੰਨੀ, ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ (ਜੋ ਕਿ ਖ਼ੁਦ ਨੂੰ ਸੀ.ਐਮ. ਦੇ ਦਾਅਵੇਦਾਰ ਵਜੋਂ ਦੇਖਦੇ ਹਨ) ਦੇ ਧੜਿਆਂ ਨੂੰ 2027 ਦੀਆਂ ਟਿਕਟਾਂ ਦੀ ਵੰਡ ਵਿੱਚ ਬਰਾਬਰ ਦੀ ਹਿੱਸੇਦਾਰੀ ਦੇਣ ਦੀ ਲਿਖਤੀ ਜਾਂ ਪੱਕੀ ਗਾਰੰਟੀ ਦਿੱਤੀ ਜਾ ਸਕਦੀ ਹੈ।
ਹਾਈਕਮਾਂਡ ਵੜਿੰਗ-ਬਘੇਲ ਦੀ ਜੋੜੀ ਦੀ ਪਕੜ ਨੂੰ ਥੋੜ੍ਹਾ ਢਿੱਲਾ ਕਰਕੇ ਫ਼ੈਸਲਿਆਂ ਵਿੱਚ ਸਮੂਹਿਕ ਲੀਡਰਸ਼ਿਪ ਨੂੰ ਸ਼ਾਮਲ ਕਰਨ ਦਾ ਫ਼ਾਰਮੂਲਾ ਲਾਗੂ ਕਰ ਸਕਦੀ ਹੈ।
ਪੰਜਾਬ ਵਿੱਚ 32 ਫ਼ੀਸਦੀ ਤੋਂ ਵੱਧ ਦਲਿਤ ਆਬਾਦੀ ਹੋਣ ਕਾਰਨ ਚੰਨੀ ਕਾਂਗਰਸ ਅੰਦਰ ਰਹਿ ਕੇ ਹੀ ਆਪਣਾ ਸਿਆਸੀ ਮੁੱਲ ਵਧਾ ਰਹੇ ਹਨ ਅਤੇ ਫ਼ਿਲਹਾਲ ਉਨ੍ਹਾਂ ਦੇ ਭਾਜਪਾ ਵਿੱਚ ਜਾਣ ਦੀ ਸੰਭਾਵਨਾ ਘੱਟ ਹੈ। ਪਰ ਜੇਕਰ ਰਾਹੁਲ ਗਾਂਧੀ ਨੇ ਸਮਾਂ ਰਹਿੰਦੇ ਦਖ਼ਲ ਦੇ ਕੇ ਇਸ ਖਾਨਾਜੰਗੀ ਨੂੰ ਨਾ ਰੋਕਿਆ, ਤਾਂ ਪੰਜਾਬ ਕਾਂਗਰਸ ਚੋਣਾਂ ਜਿੱਤਣ ਦੇ ਸੁਪਨੇ ਦੇਖਦਿਆਂ-ਦੇਖਦਿਆਂ ਅੰਦਰੂਨੀ ਕਲੇਸ਼ ਕਾਰਨ ਦੋਫ਼ਾੜ ਹੋ ਸਕਦੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਂਡ ਨੂੰ ਇਹ ਸਮਝਣਾ ਹੋਵੇਗਾ ਕਿ ਸਥਾਨਕ ਲੀਡਰਸ਼ਿਪ ਦੀ ਬਗਾਵਤ ਨੂੰ ਦਬਾਉਣ ਲਈ ਕੇਂਦਰੀ ਚਿਹਰੇ ਦੀ ਆੜ ਲੈਣਾ ਕੋਈ ਪੱਕਾ ਇਲਾਜ ਨਹੀਂ ਹੈ। ਜੇਕਰ ਪਾਰਟੀ ਨੇ 2027 ਵਿੱਚ ਸੱਤਾ ਵਿੱਚ ਵਾਪਸੀ ਕਰਨੀ ਹੈ, ਤਾਂ ਉਸ ਨੂੰ ਅੰਦਰੂਨੀ ਕਲੇਸ਼ ਨੂੰ ਤੁਰੰਤ ਖ਼ਤਮ ਕਰਕੇ ਸੂਬੇ ਦੇ ਆਗੂਆਂ ਨੂੰ ਇੱਕ ਮੰਚ ’ਤੇ ਲਿਆਉਣਾ ਹੋਵੇਗਾ, ਨਾ ਕਿ ਜ਼ਮੀਨੀ ਹਕੀਕਤਾਂ ਤੋਂ ਅੱਖਾਂ ਫ਼ੇਰ ਕੇ ਸਿਰਫ਼ ਇੱਕ ਚਿਹਰੇ ਦੇ ਭਰੋਸੇ ਚੋਣ ਮੈਦਾਨ ਵਿੱਚ ਉਤਰਨਾ ਚਾਹੀਦਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪਾਰਟੀ ਨੂੰ 2022 ਵਰਗੇ ਨਤੀਜਿਆਂ ਦਾ ਸਾਹਮਣਾ ਫ਼ਿਰ ਤੋਂ ਕਰਨਾ ਪੈ ਸਕਦਾ ਹੈ।











Comments (0)