ਧਰਤੀ ਜੇਡ ਗਰੀਬ ਨਾ ਕੋਈ.......

ਧਰਤੀ ਜੇਡ ਗਰੀਬ ਨਾ ਕੋਈ.......

ਸੁਖਮੰਦਰ ਸਿੰਘ ਤੂਰ

ਲੋਕ ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਘਰ, ਖੇਤ, ਮੌਸਮ ਦੀ ਗਰਮੀ-ਸਰਦੀ, ਪਸ਼ੂ-ਪੰਛੀ, ਦਰੱਖਤ, ਮੇਲੇ-ਤਿਓਹਾਰ ਅਤੇ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਸੁਖ-ਦੁੱਖ ਦੀਆਂ ਸਭ ਘਟਨਾਵਾਂ ਇਨ੍ਹਾਂ ਲੋਕ ਗੀਤਾਂ ਵਿੱਚ ਮੌਜੂਦ ਹੁੰਦੀਆਂ ਹਨ। ਲੋਕ ਗੀਤ ਕਿਤੇ ਸਾਰੰਗੀ ’ਤੇ ਗਾਇਆ ਜਾਂਦਾ ਹੈ, ਕਿਤੇ ਇੱਕਤਾਰੇ, ਕਿਤੇ ਢੋਲਕ ਅਤੇ ਕਿਤੇ ਘੜੇ ਆਦਿ ’ਤੇ ਗਾਇਆ ਜਾਂਦਾ ਹੈ। ਕਿਤੇ ਚਰਖੇ ਦੀ ਘੂੰ-ਘੂੰ ਉਸ ਵਿੱਚ ਸੁਰਾਂ ਭਰਦੀ ਹੈ ਅਤੇ ਕਿਤੇ ਝਾਂਜਰ ਦੀ ਛਣਕਾਰ ਉਸ ਨੂੰ ਉਭਾਰਦੀ ਹੈ।
ਇਨ੍ਹਾਂ ਲੋਕ ਗੀਤਾਂ ਵਿੱਚ ਆਮ ਤੌਰ ’ਤੇ ਕਿਸੇ ਇੱਕ ਮਨੁੱਖ ਦੀ ਕਹਾਣੀ ਨਹੀਂ ਹੁੰਦੀ। ਇਨ੍ਹਾਂ ਦਾ ਅਸਲੀ ਰੂਪ ਉੱਥੇ ਹੀ ਉੱਭਰਦਾ ਹੈ ਜਿੱਥੇ ਉਹ ਕਿਸੇ ਕੌਮ ਜਾਂ ਸਮੂਹ ਦੀ ਆਵਾਜ਼ ਹੁੰਦੇ ਹਨ। ਕਦੇ-ਕਦੇ ਪਿੰਡਾਂ ਦੇ ਪਿੰਡ ਅਤੇ ਸ਼ਹਿਰਾਂ ਦੇ ਸ਼ਹਿਰ ਕਿਸੇ ਲੋਕ ਗੀਤਾਂ ਦੇ ਇੱਕ ਟੱਪੇ ਵਿੱਚ ਸਾਡੇ ਸਾਹਮਣੇ ਹੂਬਹੂ ਤਸਵੀਰ ਵਾਂਗ ਖਿੱਚੇ ਜਾਂਦੇ ਹਨ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਮਨੁੱਖ ਜਿਸ ਮਿੱਟੀ ਵਿੱਚ ਖੇਡਿਆ, ਕੁੱਦਿਆ ਅਤੇ ਪਲਿਆ ਹੁੰਦਾ ਹੈ ਅਤੇ ਜਿਸ ਮਿੱਟੀ ਨਾਲ ਉਸ ਦਾ ਜੀਵਨ ਮਰਨ ਦਾ ਰਿਸ਼ਤਾ ਹੈ, ਉਸ ਨਾਲ ਉਸ ਦੀ ਇੱਕ ਖਾਸ ਮਮਤਾ ਹੁੰਦੀ ਹੈ। ਇਸੇ ਲਈ ਭਾਰਤ ਦੇ ਲੋਕ ਗੀਤਾਂ ਵਿੱਚ ਅਕਸਰ ਧਰਤੀ ਮਾਤਾ ਦਾ ਪਿਆਰ ਠਾਠਾਂ ਮਾਰਦਾ ਹੈ। ਲੋਕਾਂ ਦੀਆਂ ਰਗਾਂ ਵਿਚਲੇ ਖੂਨ ਵਾਂਗ ਧਰਤੀ ਦਾ ਪਿਆਰ ਅਣਗਿਣਤ ਪੀੜ੍ਹੀਆਂ ਤੋਂ ਲੋਕਾਂ ਦੇ ਦਿਲਾਂ ਵਿੱਚ ਹੁਲਾਰੇ ਮਾਰਦਾ ਆਇਆ ਹੈ। ਧਰਤੀ ਨਾਲ ਮਨੁੱਖ ਦੀ ਸਭ ਤੋਂ ਵੱਡੀ ਸਾਂਝ ਇਹ ਹੈ ਕਿ ਧਰਤੀ ਤੋਂ ਉਹ ਅੰਨ ਪੈਦਾ ਕਰਦਾ ਆਇਆ ਹੈ। ਇਸ ਲਈ ਸੁਭਾਵਿਕ ਚੰਗੀ ਪੈਦਾਵਾਰ ਦੀ ਸੂਚਨਾ ਦੇਣ ਵਾਲੀ ਹਰਿਆਲੀ ਨਾਲ ਲੱਦੀ ਧਰਤੀ ਨੂੰ ਵੇਖ ਕੇ ਮਨੁੱਖ ਦਾ ਮਨ ਖੁਸ਼ੀ ਨਾਲ ਝੂਮ ਉਠਦਾ ਹੈ।
ਪੰਜਾਬੀ ਗੀਤਾਂ ਵਿੱਚੋਂ ਵੀ ਇਹੀ ਆਵਾਜ਼ ਸੁਣਨ ਨੂੰ ਮਿਲਦੀ ਹੈ;

ਧਰਤੀ ਜੇਡ ਗਰੀਬ ਨਾ ਕੋਈ
ਇੰਦਰ ਜੇਡ ਨਾ ਦਾਤਾ
ਲਛਮਣ ਜੇਡ ਨਾ ਜਾਤੀ ਕੋਈ
ਸੀਤਾ ਜੇਡ ਨਾ ਮਾਤਾ
ਦੁਨੀਆ ਮੀਂਹ ਮੰਗਦੀ
ਰੱਬ ਸਭਨਾਂ ਦਾ ਦਾਤਾ।

(ਅਰਥਾਤ : ਧਰਤੀ ਵਰਗਾ ਗਰੀਬ ਨਹੀਂ, ਇੰਦਰ ਵਰਗਾ ਕੋਈ ਦਾਤਾ ਨਹੀਂ, ਸੀਤਾ ਵਰਗੀ ਕੋਈ ਮਾਤਾ ਨਹੀਂ। ਦੁਨੀਆ ਮੀਂਹ ਮੰਗਦੀ, ਭਗਵਾਨ ਸਭ ਦਾ ਦਾਤਾ ਹੈ।)
ਪੁਰਾਣਾਂ ਦੇ ਅਨੁਸਾਰ ਇੰਦਰ ਹੀ ਮੀਂਹ ਵਰ੍ਹਾਉਂਦਾ ਹੈ।
ਜਦੋਂ ਮੀਂਹ ਨਹੀਂ ਵਸਦਾ ਤਾਂ ਲੋਕ ਗੀਤਾਂ ਵਿੱਚ ਕਾਲ ਦੀ ਤਸਵੀਰ ਸਾਹਮਣੇ ਆਉਾਂਦੀਹੈ। ਮੁੜ-ਮੁੜ ਇੰਦਰ ਦੇਵਤਾ ਅੱਗੇ ਪ੍ਰਾਰਥਨਾ ਕੀਤੀ ਜਾਂਦੀ ਹੈ।
ਸਾਡੇ ਦੇਸ਼ ਵਿੱਚ ਜਨਤਾ ਦਾ ਜੀਵਨ ਖੇਤੀ ’ਤੇ ਨਿਰਭਰ ਹੈ। ਇਸੇ ਲਈ ਬਾਰਸ਼ ਸਬੰਧੀ ਗੀਤਾਂ ਵਿੱਚ ਜਨਤਾ ਦੇ ਦਿਲਾਂ ਦੀ ਧੜਕਣ ਸੁਣਾਈ ਦਿੰਦੀ ਹੈ। ਜੀਵਨ ਦੀਆਂ ਖੁਸ਼ੀਆਂ ਤੇ ਉਮੰਗਾਂ ਉਛਲਦੀਆਂ ਹਨ। ਆਸਾਂ ਖਿੜਦੀਆਂ ਹਨ ਤੇ ਮਨੁੱਖ ਦੀ ਸੋਚ ਨਵੇਂ ਰੂਪ ਢਾਲਦੀ ਹੈ।
ਲੋਕ ਗੀਤ ਦੀ ਸ਼ਕਤੀ ਉਸ ਦੀ ਸਾਦਗੀ ਵਿੱਚ ਹੈ। ਇਸੇ ਸਾਦਗੀ ਕਾਰਨ ਲੋਕ ਗੀਤ ਕਦੇ ਪੁਰਾਣਾ ਨਹੀਂ ਹੁੰਦਾ। ਜਿੱਥੇ ਇਸ ਵਿੱਚ ਪਿਛਲੀਆਂ ਪੀੜ੍ਹੀਆਂ ਦੀ ਆਵਾਜ਼ ਸਾਡੇ ਤੱਕ ਪਹੁੰਚਦੀ ਹੈ, ਉੱਥੇ ਇਸ ਵਿੱਚ ਏਨੀ ਲੋਚ ਰਹਿੰਦੀ ਹੈ ਕਿ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਝੱਟ ਅਪਣਾ ਲੈਂਦੀਆਂ ਹਨ।
ਭਾਰਤੀ ਲੋਕ ਗੀਤਾਂ ਵਿੱਚ ਜਿੱਥੇ ਕੁਦਰਤ ਅੱਗੇ ਸੌ- ਸੌ ਅਰਦਾਸਾਂ ਕੀਤੀਆਂ ਗਈਆਂ ਹਨ, ਉੱਥੇ ਮਨੁੱਖ ਦਾ ਇਹ ਵਿਸ਼ਵਾਸ ਵੀ ਉੱਭਰਦਾ ਹੈ ਕਿ ਉਹ ਔਕੜਾਂ ਤੋਂ ਘਬਰਾ ਕੇ ਹਾਰ ਨਹੀਂ ਮੰਨਦਾ। ਲੋਕ ਗੀਤਾਂ ਵਿੱਚ ਜੀਵਨ ਦੀਆਂ ਖੁਸ਼ੀਆਂ ਤੇ ਉਮੰਗਾਂ ਉਛਲਦੀਆਂ ਹਨ। ਆਸਾਂ ਖਿੜਦੀਆਂ ਹਨ ਅਤੇ ਮਨੁੱਖ ਦੀਆਂ ਸੋਚ/ਉਡਾਰੀਆਂ ਨਵੇਂ ਰੂਪ ਢਾਲਦੀਆਂ ਹਨ। ਜਦੋਂ ਫ਼ਸਲਾਂ ਪੱਕਦੀਆਂ ਹਨ ਤੇ ਨਵੇਂ ਅਨਾਜ ਦੇ ਸੁਨਹਿਰੀ ਸਿੱਟੇ ਲੋਕਾਂ ਨੂੰ ਗੁਦਗਦਾਉਾਂਦੇਹਨ ਤਦ ਪਿੰਡ ਦੀ ਸੁੱਤੀ ਹੋਈ ਆਤਮਾ ਜਾਗ ਉੱਠਦੀ ਹੈ। ਇਸ ਖੁਸ਼ੀ ਵਿੱਚ ਵੰਨ-ਸੁਵੰਨੇ ਨਾਚ ਹੁੰਦੇ ਹਨ। ਹਰ ਨਾਚ ਵਿੱਚ ਨਵੇਂ ਪੁਰਾਣੇ ਗੀਤਾਂ ਦੀ ਪਰਖ ਹੁੰਦੀ ਹੈ। ਬਹੁਤ ਸਾਰੇ ਨਵੇਂ ਗੀਤ, ਜਿਨ੍ਹਾਂ ਵਿੱਚ ਇੰਨਾ ਦਮ ਨਹੀਂ ਹੁੰਦਾ ਕਿ ਸਮੇਂ ਦੇ ਪਰਵਾਹ ਅੱਗੇ ਟਿਕ ਸਕਣ, ਪਿੱਛੇ ਰਹਿ ਜਾਂਦੇ ਹਨ, ਪਰ ਕੁਝ ਨਵੇਂ ਗੀਤ ਇੰਨੇ ਜ਼ੋਰਦਾਰ ਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਤਾਕਤ ਦਬਾਅ ਨਹੀਂ ਸਕਦੀ। ਸਾਡੀ ਕੌਮੀ ਆਜ਼ਾਦੀ ਦੀ ਲੜਾਈ ਅਤੇ ਜਨਤਾ ਦੇ ਅੰਦੋਲਨਾਂ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਲੋਕ ਗੀਤ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੇ ਜੀਵਨ ਵਿੱਚ ਰਚ ਗਏ ਹਨ। ਇਸੇ ਵਿਸ਼ੇਸ਼ਤਾ ਕਾਰਨ ਲੋਕ ਗੀਤਾਂ ਵਿੱਚ ਕਦੇ ਪਰੰਪਰਾ ਦੀ ਝਾਕੀ ਮਿਲਦੀ ਹੈ ਤੇ ਉਹ ਧਰਤੀ ਮਾਤਾ ਨਾਲ ਪਿਆਰ ਦਰਸਾਉਂਦੇ ਹਨ ਤੇ ਕਦੇ ਜੀਵਨ ਦੇ ਉਤਰਾਅ-ਚੜ੍ਹਾਅ ਦਾ ਨਕਸ਼ਾ ਸਾਹਮਣੇ ਆਉਂਦਾ ਹੈ।