ਈਥਾਨੌਲ ਮਿਸ਼ਰਿਤ ਪੈਟਰੋਲ ਦਾ ਕੱਚ-ਸੱਚ
ਦਰਸ਼ਨ ਸਿੰਘ ਭੁੱਲਰ
ਅੱਜ ਭਾਰਤ ਵਿੱਚ ਆਵਾਜਾਈ ਖੇਤਰ ਨਾਲ ਸਬੰਧਿਤ ਸਭ ਤੋਂ ਵੱਧ ਚਰਚਿਤ ਊਰਜਾ ਨੀਤੀਆਂ ਵਿੱਚੋਂ ਇੱਕ ਪੈਟਰੋਲ ਵਿੱਚ 20 ਫ਼ੀਸਦੀ ਈਥਾਨੌਲ ਮਿਲਾਉਣ ਦੀ ਨੀਤੀ ਹੈ। ਸਰਕਾਰ ਇਸ ਨੂੰ ਊਰਜਾ ਸੁਰੱਖਿਆ ਮਜ਼ਬੂਤ ਕਰਨ, ਕੱਚੇ ਤੇਲ ਦੀ ਦਰਾਮਦ ਘਟਾਉਣ, ਵਿਦੇਸ਼ੀ ਮੁਦਰਾ ਦੀ ਬੱਚਤ ਕਰਨ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਕਮੀ ਲਿਆਉਣ ਦਾ ਮਹੱਤਵਪੂਰਨ ਸਾਧਨ ਦੱਸਦੀ ਹੈ। ਦੂਜੇ ਪਾਸੇ ਵਾਹਨ ਮਾਲਕਾਂ, ਵਿਗਿਆਨੀਆਂ, ਵਾਤਾਵਰਣ ਮਾਹਿਰਾਂ ਅਤੇ ਨੀਤੀ ਵਿਸ਼ਲੇਸ਼ਕਾਂ ਦਾ ਇੱਕ ਵਰਗ ਇਸ ਦੇ ਤਕਨੀਕੀ, ਆਰਥਿਕ ਅਤੇ ਵਾਤਾਵਰਣਕ ਪ੍ਰਭਾਵਾਂ ਬਾਰੇ ਗੰਭੀਰ ਸਵਾਲ ਉਠਾ ਰਿਹਾ ਹੈ। 2026 ਦੌਰਾਨ ਈ20 ਦੀ ਕਾਰਗੁਜ਼ਾਰੀ, ਮਾਈਲੇਜ, ਪੁਰਾਣੇ ਵਾਹਨਾਂ ਦੀ ਅਨੁਕੂਲਤਾ ਅਤੇ ਉਪਭੋਗਤਾਵਾਂ ਨੂੰ ਦਿੱਤੀ ਜਾਣਕਾਰੀ ਨੂੰ ਲੈ ਕੇ ਜਨਤਕ ਬਹਿਸ ਅਤੇ ਕਾਨੂੰਨੀ ਚੁਣੌਤੀਆਂ ਨੇ ਇਸ ਵਿਵਾਦ ਨੂੰ ਹੋਰ ਤੇਜ਼ ਕਰ ਦਿੱਤਾ।
ਈ20 ਬਾਲਣ ਦੇ ਵਿਆਪਕ ਪ੍ਰਚਲਨ ਦੇ ਬਾਵਜੂਦ ਕੁਝ ਮਹੱਤਵਪੂਰਨ ਸਵਾਲ ਅਜੇ ਵੀ ਸਪੱਸ਼ਟ ਜਵਾਬਾਂ ਦੀ ਉਡੀਕ ਕਰ ਰਹੇ ਹਨ। ਕੀ 10-15 ਸਾਲ ਪੁਰਾਣੇ ਵਾਹਨ ਲੰਬੇ ਸਮੇਂ ਤੱਕ ਈ20 ਦੀ ਵਰਤੋਂ ਬਿਨਾਂ ਕਿਸੇ ਨੁਕਸਾਨ ਦੇ ਕਰ ਸਕਣਗੇ? ਕੀ ਇਨ੍ਹਾਂ ਦੇ ਇੰਜਣ, ਇੰਜੈਕਟਰ, ਫਿਊਲ ਪੰਪ ਅਤੇ ਰਬੜ ਦੇ ਪੁਰਜ਼ਿਆਂ ਦਾ ਟਿਕਾਊਪਣ ਅਤੇ ਕਾਰਗੁਜ਼ਾਰੀ ਪ੍ਰਭਾਵਿਤ ਨਹੀਂ ਹੋਵੇਗੀ? ਇਨ੍ਹਾਂ ਸਵਾਲਾਂ ਦੇ ਜਵਾਬ ਸੁਤੰਤਰ, ਲੰਬੀ ਮਿਆਦ ਦੇ ਵਿਗਿਆਨਕ ਅਧਿਐਨਾਂ ਰਾਹੀਂ ਜਨਤਕ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਨੀਤੀ ਪ੍ਰਤੀ ਉਪਭੋਗਤਾਵਾਂ ਦਾ ਭਰੋਸਾ ਮਜ਼ਬੂਤ ਹੋ ਸਕੇ।
ਮਾਹਿਰਾਂ ਅਨੁਸਾਰ ਈਥਾਨੌਲ ਆਪਣੇ ਆਪ ਵਿੱਚ ਸਮੱਸਿਆ ਨਹੀਂ ਹੈ। ਚੁਣੌਤੀ ਮੁੱਖ ਤੌਰ ’ਤੇ ਉਨ੍ਹਾਂ ਵਾਹਨਾਂ ਨਾਲ ਜੁੜੀ ਹੈ ਜੋ ਈ20 ਲਈ ਡਿਜ਼ਾਈਨ ਜਾਂ ਕੈਲੀਬਰੇਟ ਨਹੀਂ ਕੀਤੇ ਗਏ, ਖ਼ਾਸ ਕਰਕੇ 2023 ਤੋਂ ਪਹਿਲਾਂ ਬਣੇ ਮਾਡਲ। ਈਥਾਨੌਲ ਇੱਕ ਤਾਕਤਵਰ ਘੋਲਕ ਅਤੇ ਨਮੀ ਸੋਖਣ ਵਾਲਾ ਪਦਾਰਥ ਹੈ। ਇਸ ਕਰਕੇ ਇਹ ਪੁਰਾਣੇ ਇੰਜਣਾਂ ਵਿੱਚ ਜਮ੍ਹਾਂ ਡਿਪਾਜ਼ਿਟ ਨੂੰ ਢਿੱਲਾ ਕਰਕੇ ਫਿਲਟਰ ਜਾਂ ਇੰਜੈਕਟਰ ਜਾਮ ਕਰ ਸਕਦਾ ਹੈ, ਜਦੋਂਕਿ ਨਮੀ ਦੀ ਮੌਜੂਦਗੀ ਬਾਲਣ ਦੀ ਗੁਣਵੱਤਾ ਅਤੇ ਫਿਊਲ ਸਿਸਟਮ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੇ ਨਤੀਜੇ ਵਜੋਂ ਇੰਜਣ ਵਿੱਚ ਝਟਕੇ, ਸੁਸਤ ਕਾਰਗੁਜ਼ਾਰੀ ਅਤੇ ਡਰਾਈਵੇਬਿਲਟੀ ਨਾਲ ਸਬੰਧਿਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਬਹੁਤ ਸਾਰੀਆਂ ਰਿਪੋਰਟਾਂ ਅਨੁਸਾਰ ਵਰਕਸ਼ਾਪਾਂ ਵਿੱਚ ਇੰਜੈਕਟਰ ਫਾਊਲਿੰਗ, ਫਿਊਲ ਪੰਪ ਦੀ ਖ਼ਰਾਬੀ ਆਦਿ ਸ਼ਿਕਾਇਤਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਪੈਟਰੋਲ ਡੀਲਰਾਂ ਲਈ ਵੀ ਈ20 ਦੀ ਸਟੋਰੇਜ਼ ਇੱਕ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਈਥਾਨੌਲ ਦੀ ਨਮੀ ਸੋਖਣ ਵਾਲੀ ਪ੍ਰਵਿਰਤੀ ਕਾਰਨ, ਜੇਕਰ ਸਟੋਰੇਜ਼ ਟੈਂਕਾਂ ਅਤੇ ਡਿਸਪੈਂਸਿੰਗ ਪ੍ਰਣਾਲੀਆਂ ਦੀ ਢੁੱਕਵੀਂ ਸੰਭਾਲ ਨਾ ਹੋਵੇ ਤਾਂ ਪਾਣੀ ਮਿਲਣ ਦਾ ਖ਼ਤਰਾ ਵਧ ਜਾਂਦਾ ਹੈ। ਭੂਮੀਗਤ ਟੈਂਕਾਂ ਵਿੱਚ ਬਾਰਸ਼, ਨਮੀ ਜਾਂ ਟੈਂਕਰਾਂ ਵਿੱਚ ਜੇਕਰ ਕਿਸੇ ਕਾਰਨ ਥੋੜ੍ਹੀ ਮਾਤਰਾ ਵਿੱਚ ਪਾਣੀ ਦਾਖਲ ਹੋ ਜਾਵੇ ਅਤੇ ਜੇ ਈ20 ਵਿੱਚ ਪਾਣੀ ਦੀ ਮਾਤਰਾ ਲਗਭਗ 0.5% ਤੋਂ ਵੱਧ ਹੋ ਜਾਵੇ ਤਾਂ ਫੇਜ਼ ਸੈਪਰੇਸ਼ਨ (ਬੀ ਤਕਬ ਹੋ ਸਕਦੀ ਹੈ, ਜਿਸ ਵਿੱਚ ਈਥਾਨੌਲ-ਪਾਣੀ ਦਾ ਮਿਸ਼ਰਣ ਟੈਂਕ ਦੇ ਤਲ ਵਿੱਚ ਬੈਠ ਜਾਂਦਾ ਹੈ ਅਤੇ ਉੱਪਰਲੇ ਪੈਟਰੋਲ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਜੇ ਇਹ ਮਿਸ਼ਰਣ ਵਾਹਨ ਦੇ ਫਿਊਲ ਸਿਸਟਮ ਵਿੱਚ ਪਹੁੰਚੇ ਤਾਂ ਇੰਜਣ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।
ਭਾਰਤ ਵਿੱਚ ਈ20 ਦੀ ਸ਼ੁਰੂਆਤ ਨੇ ਵਿਕਲਪਿਕ ਈਂਧਣਾਂ ਬਾਰੇ ਇੱਕ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ, ਪਰ ਕਿਸੇ ਵੀ ਨਵੀਂ ਤਕਨਾਲੋਜੀ ਜਾਂ ਨੀਤੀ ਦੀ ਸਫਲਤਾ ਸਿਰਫ਼ ਸਰਕਾਰੀ ਟੀਚਿਆਂ ਨਾਲ ਨਹੀਂ, ਸਗੋਂ ਇਸ ਦੀ ਵਿਗਿਆਨਕ ਭਰੋਸੇਯੋਗਤਾ, ਉਪਭੋਗਤਾਵਾਂ ਦੇ ਤਜਰਬੇ ਅਤੇ ਲੰਬੇ ਸਮੇਂ ਦੀ ਕਾਰਗੁਜ਼ਾਰੀ ਨਾਲ ਮਾਪੀ ਜਾਂਦੀ ਹੈ। ਪੁਰਾਣੇ ਵਾਹਨਾਂ ਦੀ ਅਨੁਕੂਲਤਾ, ਮਾਈਲੇਜ, ਇੰਜਣ ਦੀ ਟਿਕਾਊ ਸਮਰੱਥਾ ਅਤੇ ਬਾਲਣ ਦੀ ਗੁਣਵੱਤਾ ਵਰਗੇ ਸਵਾਲ ਅਜੇ ਵੀ ਸੰਤੁਸ਼ਟੀਜਨਕ ਜਵਾਬਾਂ ਦੀ ਉਡੀਕ ਕਰ ਰਹੇ ਹਨ। ਪਰ ਈ20 ਬਾਰੇ ਅਸਲ ਚਰਚਾ ਇੱਥੇ ਖ਼ਤਮ ਨਹੀਂ ਹੁੰਦੀ। ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਕੀ ਇਹ ਨੀਤੀ ਭਾਰਤ ਦੀ ਪਾਣੀ, ਖੇਤੀਬਾੜੀ, ਖੁਰਾਕ ਸੁਰੱਖਿਆ ਅਤੇ ਵਾਤਾਵਰਣਕ ਲੋੜਾਂ ਦੇ ਅਨੁਕੂਲ ਹੈ? ਇਸ ਦਾ ਜਵਾਬ ਜਾਣਨ ਲਈ ਈ20 ਨੂੰ ਸਿਰਫ਼ ਵਾਹਨ ਦੇ ਇੰਜਣ ਨਾਲ ਨਹੀਂ, ਸਗੋਂ ਇਸ ਦੇ ਪੂਰੇ ਜੀਵਨ-ਚੱਕਰ ਅਤੇ ਰਾਸ਼ਟਰੀ ਸਰੋਤਾਂ ਦੇ ਪ੍ਰਸੰਗ ਵਿੱਚ ਦੇਖਣਾ ਪਵੇਗਾ।
ਈਥਾਨੌਲ ਨੂੰ ਅਕਸਰ ਕਾਰਬਨ-ਨਿਰਪੱਖ ਜਾਂ ‘ਹਰਾ ਈਂਧਣ’ ਕਿਹਾ ਜਾਂਦਾ ਹੈ ਕਿਉਂਕਿ ਪੌਦੇ ਆਪਣੇ ਵਾਧੇ ਦੌਰਾਨ ਵਾਤਾਵਰਣ ਵਿੱਚੋਂ ਕਾਰਬਨ ਡਾਈਆਕਸਾਈਡ ਸੋਖਦੇ ਹਨ, ਪਰ ਵਿਗਿਆਨ ਇਸ ਤੋਂ ਅੱਗੇ ਦਾ ਸਵਾਲ ਪੁੱਛਦਾ ਹੈ-ਇਸ ਈਥਾਨੌਲ ਨੂੰ ਤਿਆਰ ਕਰਨ ਲਈ ਕੁੱਲ ਕਿੰਨਾ ਕਾਰਬਨ ਅਤੇ ਕਿੰਨੀ ਊਰਜਾ ਖ਼ਰਚ ਹੋਈ? ਫ਼ਸਲ ਦੀ ਬਿਜਾਈ ਤੋਂ ਲੈ ਕੇ ਈਥਾਨੌਲ ਦੇ ਵਾਹਨ ਦੀ ਟੈਂਕੀ ਤੱਕ ਪਹੁੰਚਣ ਦੇ ਹਰ ਪੜਾਅ ’ਤੇ ਊਰਜਾ ਦੀ ਲੋੜ ਹੁੰਦੀ ਹੈ। ਟਰੈਕਟਰਾਂ ਵਿੱਚ ਡੀਜ਼ਲ ਸੜਦਾ ਹੈ, ਟਿਊਬਵੈੱਲਾਂ ਲਈ ਬਿਜਲੀ ਵਰਤੀ ਜਾਂਦੀ ਹੈ, ਯੂਰੀਆ ਅਤੇ ਡੀਏਪੀ ਵਰਗੀਆਂ ਖਾਦਾਂ ਦਾ ਨਿਰਮਾਣ ਵੱਡੀ ਮਾਤਰਾ ਵਿੱਚ ਜੀਵਾਸ਼ਮ ਊਰਜਾ ਦੀ ਮੰਗ ਕਰਦਾ ਹੈ, ਫ਼ਸਲ ਦੀ ਢੁਆਈ ਲਈ ਵਾਹਨ ਵਰਤੇ ਜਾਂਦੇ ਹਨ ਅਤੇ ਡਿਸਟਿਲਰੀਆਂ ਵਿੱਚ ਭਾਫ਼ ਅਤੇ ਬਿਜਲੀ ਦੀ ਖਪਤ ਹੁੰਦੀ ਹੈ। ਇਹ ਸਾਰੇ ਪੜਾਅ ਕਾਰਬਨ ਨਿਕਾਸ ਨਾਲ ਜੁੜੇ ਹੋਏ ਹਨ।
ਇਸ ਤੋਂ ਇਲਾਵਾ ਨਾਈਟ੍ਰੋਜਨ ਖਾਦਾਂ ਦੀ ਵਰਤੋਂ ਨਾਲ ਨਾਈਟਰਸ ਆਕਸਾਈਡ ਦਾ ਨਿਕਾਸ ਵੀ ਹੁੰਦਾ ਹੈ ਜੋ ਗ੍ਰੀਨਹਾਊਸ ਗੈਸਾਂ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਗੈਸਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। 100 ਸਾਲਾਂ ਦੇ ਸਮੇਂ-ਪੈਮਾਨੇ ’ਤੇ ਇਸ ਦੀ ਗਲੋਬਲ ਵਾਰਮਿੰਗ ਸਮਰੱਥਾ ਕਾਰਬਨ ਡਾਈਆਕਸਾਈਡ ਨਾਲੋਂ ਲਗਭਗ 270 ਗੁਣਾ ਵੱਧ ਮੰਨੀ ਜਾਂਦੀ ਹੈ। ਇਸ ਲਈ ਜੇ ਪੂਰੇ ਜੀਵਨ-ਚੱਕਰ ਦਾ ਵਿਸ਼ਲੇਸ਼ਣ ਨਾ ਕੀਤਾ ਜਾਵੇ ਤਾਂ ਕੇਵਲ ਵਾਹਨ ਦੀ ਸਾਈਲੈਂਸਰ ਤੋਂ ਨਿਕਲਣ ਵਾਲੇ ਨਿਕਾਸ ਦੇ ਆਧਾਰ ’ਤੇ ਈਥਾਨੌਲ ਨੂੰ ‘ਹਰਾ ਈਂਧਣ’ ਐਲਾਨ ਦੇਣਾ ਵਿਗਿਆਨਕ ਤੌਰ ’ਤੇ ਅਧੂਰਾ ਨਤੀਜਾ ਹੋ ਸਕਦਾ ਹੈ।
ਇਸ ਲਈ ਈ20 ਦੀ ਸਫਲਤਾ ਦਾ ਮੁਲਾਂਕਣ ਸਿਰਫ਼ ਇਸ ਗੱਲ ਨਾਲ ਨਹੀਂ ਕੀਤਾ ਜਾਣਾ ਚਾਹੀਦਾ ਕਿ ਪੈਟਰੋਲ ਵਿੱਚ ਕਿੰਨਾ ਈਥਾਨੌਲ ਮਿਲਾਇਆ ਗਿਆ, ਸਗੋਂ ਇਸ ਗੱਲ ਨਾਲ ਵੀ ਕਿ ਉਸ ਨੂੰ ਤਿਆਰ ਕਰਨ ਲਈ ਦੇਸ਼ ਨੇ ਪਾਣੀ, ਊਰਜਾ ਅਤੇ ਕੁਦਰਤੀ ਸਰੋਤਾਂ ਦੇ ਰੂਪ ਵਿੱਚ ਅਸਲ ਵਿੱਚ ਕਿੰਨੀ ਕੀਮਤ ਅਦਾ ਕੀਤੀ।
ਈਥਾਨੌਲ ਨੀਤੀ ਨਾਲ ਜੁੜਿਆ ਇੱਕ ਹੋਰ ਮਹੱਤਵਪੂਰਨ ਮੁੱਦਾ ਖੁਰਾਕ ਸੁਰੱਖਿਆ ਦਾ ਹੈ। ਜੇ ਖੁਰਾਕੀ ਫ਼ਸਲਾਂ ਦਾ ਵੱਡਾ ਹਿੱਸਾ ਈਂਧਣ ਬਣਾਉਣ ਲਈ ਵਰਤਿਆ ਜਾਣ ਲੱਗ ਪਿਆ ਤਾਂ ਭਵਿੱਖ ਵਿੱਚ ਅਨਾਜ ਦੀ ਉਪਲੱਬਧਤਾ ਅਤੇ ਕੀਮਤਾਂ ’ਤੇ ਦਬਾਅ ਪੈ ਸਕਦਾ ਹੈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਵੱਡੀ ਆਬਾਦੀ ਅਜੇ ਵੀ ਖੁਰਾਕ ਸੁਰੱਖਿਆ ਯੋਜਨਾਵਾਂ ’ਤੇ ਨਿਰਭਰ ਹੈ, ਇਹ ਚਿੰਤਾ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ।


Comments (0)