ਚਰਚਿਤ ਸੜਕ ਹਾਦਸੇ ਦੇ ਮਾਮਲੇ ਵਿੱਚ ਧਰਮੇਸ਼ ਪਟੇਲ ਵਿਰੁੱਧ ਕਤਲ ਦੀ ਕੋਸ਼ਿਸ਼ ਦੇ ਦੋਸ਼ ਰੱਦ

ਚਰਚਿਤ ਸੜਕ ਹਾਦਸੇ ਦੇ ਮਾਮਲੇ ਵਿੱਚ ਧਰਮੇਸ਼ ਪਟੇਲ ਵਿਰੁੱਧ ਕਤਲ ਦੀ ਕੋਸ਼ਿਸ਼ ਦੇ ਦੋਸ਼ ਰੱਦ

ਸੈਕਰਾਮੈਂਟੋ, ਕੈਲੀਫ਼ੋਰਨੀਆ/ਏ.ਟੀ.ਨਿਊਜ਼:  ਅਖ਼ਬਾਰਾਂ ਦੀ ਸੁਰਖੀਆਂ ਬਣੇ ਇੱਕ ਮਾਮਲੇ ਵਿੱਚ ਪਾਸਾਡੇਨਾ ਦੇ ਰੇਡੀਓਲੋਜਿਸਟ ਧਰਮੇਸ਼ ਪਟੇਲ ਵਿਰੁੱਧ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਅਦਾਲਤ ਦੁਆਰਾ ਰੱਦ ਕਰ ਦਿੱਤਾ ਗਿਆ ਹੈ। ਅਦਾਲਤ ਨੇ ਇਹ ਫ਼ੈਸਲਾ ਪਟੇਲ ਦੁਆਰਾ ਪ੍ਰਵਾਨਿਤ ਮਾਨਸਿਕ ਸਿਹਤ ਪਰਵਰਤਨ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ ਸੁਣਾਇਆ ਹੈ। ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ
ਸੀ ਕਿ ਪਟੇਲ ਨੇ ਜਾਣਬੁੱਝ ਕੇ ਕਾਰ ਨੂੰ ਉੱਤਰੀ ਕੈਲੀਫ਼ੋਰਨੀਆ ਦੀ ਇੱਕ ਖੱਡ ਵਿੱਚ ਸੁੱਟ ਦਿੱਤਾ ਸੀ ਜਿਸ ਕਾਰ ਵਿੱਚ ਉਸ ਦੀ ਪਤਨੀ ਤੇ ਦੋ ਛੋਟੇ ਬੱਚੇ ਸਵਾਰ ਸਨ। ਲਾਏ ਦੋਸ਼ਾਂ ਅਨੁਸਾਰ ਪਟੇਲ ਨੇ ਆਪਣੇ ਪਰਿਵਾਰ ਨੂੰ ਮਾਰਨ ਦੇ ਇਰਾਦੇ ਨਾਲ ਇਹ ਹਾਦਸਾ ਜਾਣਬੁਝ ਕੇ ਕੀਤਾ ਸੀ। ਇਹ ਘਟਨਾ ਜਨਵਰੀ 2023 ਵਿੱਚ ਵਾਪਰੀ ਸੀ। ਪਟੇਲ ਦੀ ਪਤਨੀ ਨੇਹਾ ਪਟੇਲ ਨੇ ਵੀ ਬਿਆਨ ਦਿੱਤਾ
ਸੀ ਕਿ ਉਸ ਦੇ ਪਤੀ ਨੇ ਜਾਣਬੁਝ ਕੇ ਕਾਰ ਖੱਡ ਵਿੱਚ ਸੁੱਟੀ ਸੀ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਪਟੇਲ ਤੇ ਪਰਿਵਾਰ ਦੇ ਬਾਕੀ ਜੀਅ ਬਚ ਗਏ ਸਨ। ਅਦਾਲਤ ਵਿੱਚ ਮਨੋਵਿਗਿਆਨੀਆਂ ਨੇ ਗਵਾਹੀ ਦਿੱਤੀ ਕਿ ਜਦੋਂ ਹਾਦਸਾ ਹੋਇਆ ਤਾਂ ਪਟੇਲ ਵੱਡੇ ਡਿਪਰੈਸ਼ਨ ਵਿੱਚ ਸੀ। ਅਦਾਲਤ ਦੇ ਆਦੇਸ਼ਾਂ ’ਤੇ ਮਾਨਸਕ ਸਿਹਤ ਪ੍ਰੋਗਰਾਮ ਦੇ ਹਿੱਸੇ ਵਜੋਂ, ਪਟੇਲ ਨੇ ਮਨੋਵਿਗਿਆਨਕ ਦੇਖਭਾਲ
ਪ੍ਰਾਪਤ ਕੀਤੀ, ਪਰਿਵਾਰਕ ਥੈਰੇਪੀ ਵਿੱਚ ਹਿੱਸਾ ਲਿਆ ਅਤੇ ਬੇਲਮੌਂਟ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੇ ਹੋਏ ਅਦਾਲਤ ਨੂੰ ਨਿਯਮਤ ਅਪਡੇਟ ਪ੍ਰਦਾਨ ਕੀਤੇ।