ਚਿੱਤਰਕਾਰ ਸੋਭਾ ਸਿੰਘ ਦੇ ਸ਼ਾਗਿਰਦ ਫੋਟੋਗ੍ਰਾਫਰ ਹਰਭਜਨ ਬਾਜਵਾ ਦਾ ਦੇਹਾਂਤ

ਚਿੱਤਰਕਾਰ ਸੋਭਾ ਸਿੰਘ ਦੇ ਸ਼ਾਗਿਰਦ ਫੋਟੋਗ੍ਰਾਫਰ ਹਰਭਜਨ ਬਾਜਵਾ ਦਾ ਦੇਹਾਂਤ

ਚੰਡੀਗੜ੍ਹ/ਏ.ਟੀ.ਨਿਊਜ਼ : ਨਾਮਵਰ ਫੋਟੋਗ੍ਰਾਫਰ ਹਰਭਜਨ ਬਾਜਵਾ ਦਾ  ਬੀਤੇ ਦਿਨ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ। ਫੋਟੋਗ੍ਰਾਫਰ ਹਰਭਜਨ ਬਾਜਵਾ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਚਿੱਤਰਕਾਰ ਸੋਭਾ ਸਿੰਘ ਦੇ ਸ਼ਾਗਿਰਦ ਸਨ।   ਉਨ੍ਹਾਂ ਦਾ ਅੰਤਿਮ ਸੰਸਕਾਰ ਬਟਾਲਾ (ਨੇੜੇ ਕਾਦੀਆਂ ਵਾਲੀ ਚੁੰਗੀ) ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਅੰਦਰੇਟਾ ਜਾ ਕੇ ਹਰਭਜਨ ਬਾਜਵਾ ਨੇ ਸੋਭਾ ਸਿੰਘ ਆਰਟਿਸਟ ਕੋਲੋਂ ਚਿੱਤਰਕਾਰੀ ਸਿੱਖੀ ਅਤੇ ਫੋਟੋਗ੍ਰਾਫੀ ਵਿੱਚ ਵਿਲੱਖਣ ਪੈੜਾਂ ਪਾਈਆਂ। ਬਾਜਵਾ ਵੱਲੋਂ ਬਣਾਈਆਂ ਕਈ ਤਸਵੀਰਾਂ ਕਾਫ਼ੀ ਪ੍ਰਸਿੱਧ ਹੋਈਆਂ। ਉਹ ਆਪਣੀਆਂ ਤਸਵੀਰਾਂ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਉਭਾਰਦੇ ਰਹੇ। ਉਹਨਾਂ ਵੱਲੋਂ ਬਣਾਈਆਂ ਤਸਵੀਰਾਂ ਵੱਖ ਵੱਖ ਅਜਾਇਬ ਘਰਾਂ ਵਿੱਚ ਵੀ ਸੰਭਾਲੀਆਂ ਪਈਆਂ ਹਨ। ਉਹਨਾਂ ਦੇ ਪ੍ਰਸੰਸਕਾਂ ਦਾ ਘੇਰਾ ਕਾਫੀ ਵਿਸ਼ਾਲ ਸੀ। ਬਾਜਵਾ ਨੇ ਆਪਣੀਆਂ ਖਿੱਚੀਆਂ ਤਸਵੀਰਾਂ, ਸਲਾਈਡਾਂ ਤੇ ਹੋਰ ਇਤਿਹਾਸਕ ਤਸਵੀਰਾਂ ਪੰਜਾਬੀ ਸੱਥ ਲਾਂਬੜਾ ਨੂੰ ਭੇਟ ਕਰ ਦਿੱਤੀਆਂ ਸਨ ਜਦਕਿ ਆਪਣੀ ਲਾਇਬ੍ਰੇਰੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ (ਗੁਰਦਾਸਪੁਰ) ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਨੇ ਵੱਖ-ਵੱਖ ਅਖ਼ਬਾਰਾਂ ਤੇ ਮੈਗਜ਼ੀਨਾਂ ਲਈ ਵੀ ਕੰਮ ਕੀਤਾ। ਉਹ ਪੰਜਾਬੀ ਵਿੱਚ ਕਵਿਤਾ ਵੀ ਲਿਖਦੇ ਸਨ। ਉਨ੍ਹਾਂ ਦੇ ਤਿੰਨ ਕਾਵਿ ਸੰਗ੍ਰਹਿ ਵੀ ਛਪ ਚੁੱਕੇ ਹਨ। ਉਹਨਾਂ ਦੀਆਂ ਕਵਿਤਾਵਾਂ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਉਹਨਾਂ ਵੱਲੋਂ ਬਣਾਈਆਂ ਤਸਵੀਰਾਂ ’ਤੇ ਅਕਸਰ ਕਾਵਿ ਕਲਾ ਦਾ ਵੀ ਅਸਰ ਵੇਖਣ ਨੂੰ ਮਿਲਦਾ ਸੀ।