ਆਮ ਆਦਮੀ ਪਾਰਟੀ ਨੇ ਵਜਾਇਆ ਚੋਣ ਬਿਗਲ
ਚੰਡੀਗੜ੍ਹ/ਏ.ਟੀ.ਨਿਊਜ਼ : ਆਮ ਆਦਮੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ 20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ ਵਿੱਢੇਗੀ। ਪੰਜਾਬ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ’ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ‘ਆਪ’ ਨੇ ਆਪਣੀ ‘ਡੋਰ ਟੂ ਡੋਰ’ ਮੁਹਿੰਮ ਦਾ ਐਲਾਨ ਕੀਤਾ। ਇਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ 20 ਸਤੰਬਰ ਨੂੰ ਆਪਣੇ ਹਲਕੇ ਧੂਰੀ ਤੋਂ ‘ਡੋਰ ਟੂ ਡੋਰ’ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮੁਹਿੰਮ ਦਾ ਮੁੱਖ ਮਕਸਦ ਹਰ ਘਰ ਨੂੰ ਇਹ ਦੱਸਣਾ ਹੈ ਕਿ ਕਿਵੇਂ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਰ ਪਰਿਵਾਰ ਨੂੰ ਸਾਲਾਨਾ 1.82 ਲੱਖ ਰੁਪਏ ਦਾ ਵਿੱਤੀ ਫ਼ਾਇਦਾ ਹੋਇਆ ਹੈ। ਪਾਰਟੀ ਦੇ ਵਾਲੰਟੀਅਰ ਘਰ-ਘਰ ਜਾ ਕੇ ਲੋਕਾਂ ਨੂੰ ਪਿਛਲੇ ਸਾਢੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਣਗੇ।
ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਇੱਥੇ ਇਸ ਨਵੀਂ ਮੁਹਿੰਮ ਤੋਂ ਜਾਣੂ ਕਰਵਾਇਆ। ਸਿਸੋਦੀਆ ਨੇ ਦੱਸਿਆ ਕਿ ਪਾਰਟੀ ਦੀਆਂ ਬੂਥ ਕਮੇਟੀਆਂ ਦੇ 2.68 ਲੱਖ ਮੈਂਬਰ ਸਰਕਾਰ ਦੇ ਕੰਮ ਹਰ ਘਰ ਤੱਕ ਪਹੁੰਚਾਉਣਗੇ। ਪੰਜਾਬ ਵਿੱਚ ਕੁੱਲ 25,332 ਪੋਲਿੰਗ ਬੂਥ ਹਨ ਅਤੇ ਹਰ ਬੂਥ ਦੀਆਂ ਕਮੇਟੀ ਬਣੀਆਂ ਹੋਈਆਂ ਹਨ। ਕਰੀਬ 2.68 ਲੱਖ ਵਾਲੰਟੀਅਰ ਇਨ੍ਹਾਂ ਕਮੇਟੀਆਂ ਨਾਲ ਜੁੜੇ ਹੋਏ ਹਨ ਅਤੇ ਇਹ ਵਾਲੰਟੀਅਰ ਹੀ 20 ਸਤੰਬਰ ਤੋਂ ਸਮੁੱਚੇ ਪੰਜਾਬ ਦਾ ਹਰ ਬੂਹਾ ਖੜਕਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਆਪਣੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ, ਜਿਸ ਸਦਕਾ ਇੱਕ ਔਸਤ ਪਰਿਵਾਰ ਨੂੰ ਹਰ ਸਾਲ ਤਕਰੀਬਨ 1.82 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ।











Comments (0)