ਸ੍ਰੋਮਣੀ ਕਮੇਟੀ ਨੇ ਸਿਖਾਂ ਨਾਲ ਕੀਤੇ ਜਾ ਰਹੇ ਵਿਤਕਰੇ ਤੇ ਜ਼ੁਲਮ ਬਾਰੇ ਉਠਾਏ ਮਸਲੇ
ਭਾਜਪਾ ਦਾ ਸਿੱਖਾਂ ਨਾਲ ਵਿਤਕਰਾ ਜਾਰੀ
ਜਿਥੋਂ ਤੱਕ ਸਿੱਖ ਭਾਈਚਾਰੇ ਦੀ ਗੱਲ ਹੈ ਭਾਜਪਾ ਦਾ ਵਰਤਾਰਾ ਠੀਕ ਨਹੀਂ ਹੈ। ਸਿੱਖ ਭਾਈਚਾਰੇ ਦੇ ਲੋਕਾਂ ਨੂੰ ਅੱਜਕਲ੍ਹ ਇਹ ਸ਼ਿਕਾਇਤ ਹੈ ਕਿ ਪੰਜਾਬ ਦੇ ਮਾੜੇ ਹਾਲਾਤ ਸਮੇਂ ਵੱਖ-ਵੱਖ ਕੇਸਾਂ ਵਿਚ ਨਜ਼ਰਬੰਦ ਸਿੱਖ ਬੰਦੀਆਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਸਿੱਖ ਭਾਈਚਾਰੇ ਨੂੰ ਇਹ ਵੀ ਸ਼ਿਕਾਇਤ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਭਾਜਪਾ ਦਖਲ ਦੇ ਰਹੀ ਹੈ। ਖ਼ਾਸ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਭਾਜਪਾ ਪ੍ਰਸਤ ਸਿਖ ਆਗੂਆਂ ਦਾ ਕਬਜਾ ਹੈ। ਅਤੇ ਹਰਿਆਣਾ ਵਿਚ ਵੱਖਰੀ ਸਿੱਖ ਗੁਰਦੁਆਰਾ ਕਮੇਟੀ ਬਣਾਉਣ ਨੂੰ ਵੀ ਸਿੱਖ ਭਾਈਚਾਰੇ ਦਾ ਇਕ ਵੱਡਾ ਹਿੱਸਾ ਆਪਣੇ ਧਰਮ ਵਿਚ ਦਖਲ ਵਜੋਂ ਦੇਖਦਾ ਹੈ। ਪੰਜਾਬ ਨਾਲ ਵੱਖ-ਵੱਖ ਖੇਤਰਾਂ ਵਿਚ ਹੋ ਰਹੇ ਵਿਤਕਰਿਆਂ ਨੂੰ ਵੀ ਸਿੱਖ ਭਾਈਚਾਰਾ ਆਪਣੇ ਨਾਲ ਜੋੜ ਕੇ ਦੇਖਦਾ ਹੈ। ਸਿੱਖ ਭਾਈਚਾਰਾ ਇਸ ਗੱਲ ਤੋਂ ਵੀ ਚਿੰਤਤ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੁਸਲਮਾਨਾਂ ਅਤੇ ਇਸਾਈਆਂ ਦੀ ਤਰ੍ਹਾਂ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲਗ ਪਿਆ ਹੈ। ਰਾਜਸਥਾਨ, ਪੰਜਾਬ ਅਤੇ ਕਈ ਹੋਰ ਸੂਬਿਆਂ ਵਿਚ ਕੜਾ ਪਹਿਨ ਕੇ ਸਿੱਖ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਇਮਤਿਹਾਨ ਦੇਣ ਤੋਂ ਰੋਕਿਆ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਵੱਖ-ਵੱਖ ਰਾਜਾਂ ਵਿਚ ਬਿਨਾਂ ਠੋਸ ਆਧਾਰ ਦੇ ਸਿੱਖ ਭਾਈਚਾਰੇ ਦੇ ਲੋਕਾਂ 'ਤੇ ਦੇਸ਼ ਧ੍ਰੋਹ ਦੇ ਕੇਸ ਵੀ ਦਰਜ ਕੀਤੇ ਗਏ ਹਨ। ਇਨ੍ਹਾਂ ਦਿਨਾਂ ਵਿਚ ਖ਼ਾਸ ਕਰਕੇ ਰਾਜਸਥਾਨ ਵਿਚ ਇਕ ਸਿੱਖ ਆਗੂ 'ਤੇਜਿੰਦਰਪਾਲ ਸਿੰਘ ਟਿੰਮਾ ਤੇ ਦਰਜ ਕੀਤੇ ਗਏ ਦੇਸ਼ਧ੍ਰੋਹ ਦੇ ਕੇਸ ਦੀ ਚਰਚਾ ਹੋ ਰਹੀ ਹੈ।
ਹੁਣੇ ਜਿਹੇ ਉੜੀਸਾ ਵਿੱਚ ਇੱਕ ਫੌਜੀ ਸਿੱਖ ਅਧਿਕਾਰੀ ਦੀ ਮੰਗੇਤਰ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਜਿਨਸੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਫੌਜੀ ਅਧਿਕਾਰੀ ਦੀ ਮੰਗੇਤਰ ਨੇ ਕਿਹਾ ਸੀ ਕਿ ਮੈਨੂੰ ਹੱਥ-ਪੈਰ ਬੰਨ੍ਹ ਕੇ ਥਾਣੇ ਵਿਚ ਰੱਖਿਆ ਗਿਆ। ਪੁਲਿਸ ਨੇ ਉਸਦੇ ਅੰਡਰਗਾਰਮੈਂਟਸ ਉਤਾਰ ਦਿੱਤੇ ਤੇ ਜ਼ੁਲਮ ਕੀਤਾ ਗਿਆ। ਬਲਾਤਕਾਰ ਦੀ ਧਮਕੀ ਦਿੱਤੀ ਗਈ। ਜਿਣਸੀ ਹਿੰਸਾ ਕੀਤੀ ਗਈ।ਏਮਜ਼ ਦੀ ਮੈਡੀਕਲ ਰਿਪੋਰਟ ਮੁਤਾਬਕ ਪੀੜਤ ਔਰਤ ਦੇ ਪੂਰੇ ਸਰੀਰ ’ਤੇ ਕੁੱਟਮਾਰ ਦੇ ਨਿਸ਼ਾਨ ਹਨ, ਉਸ ਦਾ ਇਕ ਦੰਦ ਟੁੱਟ ਗਿਆ ਹੈ ਅਤੇ ਉਸ ਦਾ ਜਬਾੜਾ ਵੀ ਜ਼ਖ਼ਮੀ ਹੈ। ਉਸ ਦੇ ਇੱਕ ਹੱਥ ਦੀ ਹੱਡੀ ਵੀ ਟੁੱਟ ਗਈ ਹੈ।ਪੱਛਮੀ ਬੰਗਾਲ ’ਚ ਤਾਇਨਾਤ ਇਕ ਫੌਜੀ ਅਧਿਕਾਰੀ ਅਤੇ ਉਸ ਦੀ ਮੰਗੇਤਰ ਨੇ 15 ਸਤੰਬਰ ਨੂੰ ਭਰਤਪੁਰ ਪੁਲਿਸ ਸਟੇਸ਼ਨ ਵਿੱਚ ਰੋਡ ਰੇਜ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ 20 ਸਤੰਬਰ ਨੂੰ ਭੁਵਨੇਸ਼ਵਰ ਦੇ ਇਕ ਥਾਣੇ ਵਿੱਚ ਭਾਰਤੀ ਫੌਜ ਦੇ ਇੱਕ ਅਧਿਕਾਰੀ ਅਤੇ ਉਸ ਦੀ ਮੰਗੇਤਰ ਖ਼ਿਲਾਫ਼ ਪੁਲਿਸ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਅਤੇ ਜ਼ਿਆਦਤੀ ਕਰਨ ਦਾ ਮਾਮਲਾ ਪੰਜ ਪੁਲਿਸ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਪੁਲਿਸ ਨੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਉਪਰ ਥਾਣੇ ਵਿੱਚ ਹੰਗਾਮਾ ਕਰਨ, ਮੌਜੂਦ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਹਨ। ਇਸ ਲਈ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਸਿੱਖ ਫ਼ੌਜੀ ਅਫ਼ਸਰ ਦੀ ਲੜਕੀ ਅਤੇ ਮੌਜੂਦਾ ਸਿੱਖ ਫੌਜੀ ਅਫ਼ਸਰ ਦੀ ਮੰਗੇਤਰ ’ਤੇ ਓਡੀਸਾ ’ਚ ਭੁਵਨੇਸ਼ਵਰ ਦੇ ਇੱਕ ਪੁਲਿਸ ਥਾਣੇ ਵਿੱਚ ਕੀਤੇ ਗਏ ਸ਼ਰਮਨਾਕ ਕੁਰਕਰਮ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਰਕਾਰ ਪਾਸੋਂ ਮੁਲਜ਼ਮ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਫ਼ੌਜੀ ਦੇਸ਼ ਦੀ ਰੱਖਿਆ ਲਈ ਬਾਰਡਰਾਂ ’ਤੇ ਡਿਊਟੀ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਜਿਹੀ ਘਟਨਾ ਵਾਪਰਨੀ ਸਰਕਾਰ ਲਈ ਹੋਰ ਵੀ ਨਮੋਸ਼ੀ ਵਾਲੀ ਗੱਲ ਹੈ। ਉਨ੍ਹਾਂ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ, ਕਿਉਂਕਿ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਦੇਸ਼ ਅੰਦਰ ਸਿੱਖਾਂ ਨਾਲ ਨਾ-ਇਨਸਾਫ਼ੀ ਵੱਧ ਰਹੀ ਹੈ। ਉਥੇ ਹੀ ਕਾਂਗਰਸ ਨੇ ਵੀ ਇਸ ਮਾਮਲੇ ਵਿਚ ਮੋਹਨ ਮਾਝੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਇਸ ਮਾਮਲੇ ’ਤੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਭਰੋਸਾ ਦਿੱਤਾ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਮਾਮਲੇ ਨੂੰ ਲੈ ਕੇ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉੜੀਸਾ ’ਚ ਪੁਲਿਸ ਤੋਂ ਮਦਦ ਲੈਣ ਗਈ ਸਿਖ ਫ਼ੌਜੀ ਅਧਿਕਾਰੀ ਦੀ ਮੰਗੇਤਰ ਨਾਲ ਪੁਲਿਸ ਨੇ ਕੀਤੀ ਬੇਰਹਿਮੀ ਅਤੇ ਜਿਣਸੀ ਹਿੰਸਾ ਤੋਂ ਪੂਰਾ ਦੇਸ਼ ਹੈਰਾਨ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਦੀ ਆਦਰਸ਼ ਕਲੋਨੀ ਪੁਲਿਸ ਚੌਕੀਂ ਦੇ ਇੰਚਾਰਜ ਵੱਲੋਂ ਜਾਂਚ ਦੇ ਨਾਮ ’ਤੇ ਸਿੱਖ ਨੌਜਵਾਨ ਜਸਦੀਪ ਸਿੰਘ ਦੇ ਨਾਲ ਬਦਸਲੂਕੀ ਕਰਨ ਅਤੇ ਉਸ ਦੇ ਕਕਾਰਾਂ ਦੀ ਬੇਅਦਬੀ ਕਰਨ ਦਾ ਸਖ਼ਤ ਨੋਟਿਸ ਲੈਦਿਆਂ ਪੁਲਿਸ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਦਾ ਕੰਮ ਲੋਕਾਂ ਦੀ ਰਖਵਾਲੀ ਕਰਨਾ ਹੈ, ਪਰ ਜਦੋਂ ਕੋਈ ਪੁਲਿਸ ਅਧਿਕਾਰੀ ਜਾਣ ਬੁੱਝ ਕੇ ਇਕ ਖ਼ਾਸ ਭਾਈਚਾਰੇ ਦੇ ਨੌਜਵਾਨ ਨਾਲ ਗ਼ਲਤ ਤਰੀਕੇ ਪੇਸ਼ ਆਉਂਦਾ ਹੈ ਤਾਂ ਇਹ ਹੋਰ ਵੀ ਮੰਦਭਾਗਾ ਹੈ। ਐਡਵੋਕੇਟ ਧਾਮੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਬੰਧਤ ਪੁਲਿਸ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।
ਕੁਛ ਸਮਾਂ ਪਹਿਲਾਂ ਪੱਛਮੀ ਬੰਗਾਲ ਦੀ ਪੁਲਿਸ ਵਿਚ ਕੰਮ ਕਰ ਰਹੇ ਇਕ ਸੀਨੀਅਰ ਸਿੱਖ ਪੁਲਿਸ ਅਫ਼ਸਰ ਨੂੰ ਵੀ ਭਾਜਪਾ ਸਮਰਥਕਾਂ ਵਲੋਂ ਖ਼ਾਲਿਸਤਾਨੀ ਅਤੇ ਦੇਸ਼ਧ੍ਰੋਹੀ ਕਿਹਾ ਗਿਆ ਸੀ। ਉੱਤਰਾਖੰਡ ਅਤੇ ਕਈ ਹੋਰ ਥਾਵਾਂ 'ਤੇ ਸਿੱਖ ਕਕਾਰਾਂ ਦੀਆਂ ਤੌਹੀਨ ਕਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਸਿੱਖ ਭਾਈਚਾਰੇ ਨੂੰ ਇਹ ਵੀ ਸ਼ਿਕਾਇਤ ਹੈ ਕਿ ਜਿਸ ਤਰ੍ਹਾਂ ਪਹਿਲਾਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਤੇ ਗਵਰਨਰ ਬਣਾਉਣ ਅਤੇ ਹੋਰ ਵੱਡੇ ਅਹੁਦਿਆਂ 'ਤੇ ਨਿਯੁਕਤ ਕਰਨ ਦੇ ਅਵਸਰ ਮਿਲਦੇ ਸਨ, ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਉਹ ਕਾਫ਼ੀ ਹੱਦ ਤੱਕ ਘਟ ਗਏ ਹਨ, ਭਾਵੇਂ ਕਿ ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਹਰ ਮੋਰਚੇ 'ਤੇ ਰੱਖਿਆ ਕਰਨ ਦੇ ਮਾਮਲੇ ਵਿਚ ਸਿੱਖ ਭਾਈਚਾਰਾ ਹਮੇਸ਼ਾ ਅੱਗੇ ਰਹਿੰਦਾ ਰਿਹਾ ਹੈ।
ਸਿੱਖ ਭਾਈਚਾਰੇ ਵਿਚ ਇਸ ਗੱਲ ਨੂੰ ਲੈ ਕੇ ਗਹਿਰੀ ਚਿੰਤਾ ਹੈ ਕਿ ਜਿਸ ਤਰ੍ਹਾਂ ਭਾਜਪਾ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਨੇ ਆਪਣਾ ਨਿਸ਼ਾਨਾ ਧਰਮ ਨਿਰਪੱਖ ਦੇਸ਼ ਨੂੰ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨ ਦਾ ਰੱਖਿਆ ਹੋਇਆ ਹੈ, ਉਸ ਨਾਲ ਆਉਣ ਵਾਲੇ ਸਮੇਂ ਵਿਚ ਦੂਜੀਆਂ ਘੱਟ ਗਿਣਤੀਆਂ ਦੀ ਤਰ੍ਹਾਂ ਹੀ ਸਿੱਖ ਭਾਈਚਾਰੇ ਲਈ ਵੀ ਵੱਡੀਆਂ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। ਇਸ ਕਾਰਨ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਚਿੰਤਤ ਹੈ। ਜਿਸ ਤਰ੍ਹਾਂ 2020 ਵਿਚ ਚਲੇ ਕਿਸਾਨ ਅੰਦੋਲਨ ਦੌਰਾਨ ਸਿੱਖ ਕਿਸਾਨ ਆਗੂਆਂ ਨੂੰ ਖ਼ਾਲਿਸਤਾਨੀ ਅਤੇ ਦੇਸ਼ਧ੍ਰੋਹੀ ਕਹਿ ਕੇ ਭੰਡਿਆ ਗਿਆ ਸੀ, ਉਹ ਕੌੜੀਆਂ ਯਾਦਾਂ ਵੀ ਸਿੱਖ ਭਾਈਚਾਰੇ ਦੇ ਮਨ ਵਿਚ ਹਨ।












Comments (0)