ਰਾਹੁਲ ਗਾਂਧੀ ਅਮਰੀਕਾ ਵਿਚ ਸਿੱਖਾਂ ਬਾਰੇ ਦਿੱਤੇ ਬਿਆਨ 'ਤੇ ਕਾਇਮ

ਰਾਹੁਲ ਗਾਂਧੀ  ਅਮਰੀਕਾ ਵਿਚ ਸਿੱਖਾਂ ਬਾਰੇ ਦਿੱਤੇ ਬਿਆਨ 'ਤੇ ਕਾਇਮ

ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੀ ਹਾਲੀਆ ਅਮਰੀਕਾ ਫੇਰੀ ਦੌਰਾਨ ਸਿੱਖਾਂ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਉਪਰ ਹਮਲਾਵਰ ਹਨ।ਉਨ੍ਹਾਂ ਨੇ ਕਿਹਾ ਕਿ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ।

ਉਹ ਮੈਨੂੰ ਚੁੱਪ ਕਰਾਉਣ ਲਈ ਬੇਤਾਬ ਹਨ, ਕਿਉਂਕਿ ਉਹ ਸੱਚਾਈ ਨੂੰ ਬਰਦਾਸ਼ਤ ਨਹੀਂ ਕਰ ਸਕਦੇ... ਪਰ ਮੈਂ ਹਮੇਸ਼ਾ ਉਨ੍ਹਾਂ ਕਦਰਾਂ-ਕੀਮਤਾਂ ਲਈ ਬੋਲਾਂਗਾ ਜੋ ਸਾਡੇ ਭਾਰਤ ਨੂੰ ਪਰਿਭਾਸ਼ਿਤ ਕਰਦੇ ਹਨ, ਵਿਭਿੰਨਤਾ ਵਿੱਚ ਸਾਡੀ  ਏਕਤਾ, ਸਮਾਨਤਾ ਅਤੇ ਪਿਆਰ।"

ਰਾਹੁਲ ਗਾਂਧੀ ਨੇ ਐਕਸ ਪੋਸਟ ਵਿੱਚ ਇਹ ਵੀ ਪੁੱਛਿਆ ਕਿ "ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਹਰ ਸਿੱਖ ਭੈਣ-ਭਰਾ ਨੂੰ ਪੁੱਛਣਾ ਚਾਹੁੰਦਾ ਹਾਂ - ਕੀ ਜੋ ਮੈਂ ਕਿਹਾ, ਉਸ ਵਿੱਚ ਕੁਝ ਗਲਤ ਹੈ? ਕੀ ਭਾਰਤ ਇੱਕ ਅਜਿਹਾ ਦੇਸ਼ ਨਹੀਂ ਹੋਣਾ ਚਾਹੀਦਾ ਜਿੱਥੇ ਹਰ ਸਿੱਖ ਅਤੇ ਹਰ ਭਾਰਤੀ ਬਿਨਾਂ ਕਿਸੇ ਡਰ ਤੋਂ ਆਪਣੇ ਧਰਮ ਦੀ ਆਜ਼ਾਦੀ ਨਾਲ ਪਾਲਣਾ ਕਰ ਸਕੇ?"

ਮੁਸਲਮਾਨਾਂ ਨਾਲ ਵੀ ਵਿਤਕਰਾ

ਇਸ ਸਮੇਂ ਸਵਾਲਾਂ ਦਾ ਸਵਾਲ ਇਹ ਹੈ ਕਿ ਰਾਹੁਲ ਗਾਂਧੀ ਵਿਰੁੱਧ ਭਾਜਪਾ ਦਾ ਪ੍ਰਤੀਕਰਮ ਕਿੰਨਾ ਕੁ ਸਹੀ ਹੈ? ਕੀ ਭਾਰਤ ਵਿਚ ਘੱਟ ਗਿਣਤੀਆਂ ਲਈ ਕਿਸੇ ਵੀ ਤਰ੍ਹਾਂ ਦੀਆਂ ਚੁਣੌਤੀਆਂ ਨਹੀਂ ਹਨ?

ਇਸ ਸਵਾਲ ਦਾ ਸਿੱਧਾ ਤੇ ਸਪੱਸ਼ਟ ਜਵਾਬ ਇਹ ਹੈ ਕਿ 2014 ਵਿਚ ਜਦੋਂ ਤੋਂ ਭਾਜਪਾ ਆਪਣੇ ਬਲਬੂਤੇ ਸੱਤਾ ਵਿਚ ਆਈ ਹੈ, ਉਸ ਵਲੋਂ ਲਗਾਤਾਰ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਘੀ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਭਾਜਪਾ ਨੇ ਪਹਿਲਾ ਕੰਮ ਤਾਂ ਇਹ ਕੀਤਾ ਹੈ ਕਿ ਲੋਕ ਸਭਾ ਅਤੇ ਵੱਖ-ਵੱਖ ਵਿਧਾਨ ਸਭਾਵਾਂ ਦੀਆਂ ਚੋਣਾਂ ਲਈ ਉਮੀਦਵਾਰ ਚੁਣਨ ਲਈ 17 ਕਰੋੜ ਤੋਂ ਵੱਧ ਮੁਸਲਮਾਨਾਂ ਨੂੰ ਟਿਕਟਾਂ ਦੇਣ ਸਮੇਂ ਵੱਡੀ ਹੱਦ ਤੱਕ ਨਜ਼ਰ-ਅੰਦਾਜ਼ ਕੀਤਾ ਹੈ।  ਜਿਉਂ-ਜਿਉਂ ਲੋਕ ਸਭਾ ਤੋਂ ਲੈ ਕੇ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਵਿਚ ਭਾਜਪਾ ਦਾ ਵਿਸਥਾਰ ਹੋਇਆ, ਲੋਕ ਸਭਾਰਾਜ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿਚ ਮੁਸਲਮਾਨ ਭਾਈਚਾਰੇ ਦੀ ਨੁਮਾਇੰਦਗੀ ਘਟਦੀ ਚਲਦੀ ਗਈ।  ਸੰਘ ਨਾਲ ਸੰਬੰਧਿਤ ਵੱਖ-ਵੱਖ ਸੰਗਠਨਾਂ ਵਲੋਂ ਖਾਣ-ਪੀਣ ਅਤੇ ਸਕੂਲਾਂ ਕਾਲਜਾਂ ਵਿਚ ਮੁਸਲਿਮ ਵਿਦਿਆਰਥੀਆਂ ਦੇ ਪਹਿਰਾਵੇ ਨੂੰ ਲੈ ਕੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਖੁੰਬਾਂ ਵਾਂਗ ਅਨੇਕਾਂ ਗਊ ਰਕਸ਼ਾ ਸੰਗਠਨ ਹੋਂਦ ਵਿਚ ਆ ਗਏ, ਜਿਨ੍ਹਾਂ ਨੇ ਪਸ਼ੂ ਪਾਲਣ ਵਾਲੇ ਮੁਸਲਮਾਨ ਜੋ ਗਾਵਾਂ ਪਾਲਣ ਦਾ ਕੰਮ ਕਰਦੇ ਸਨ, ਉਨ੍ਹਾਂ 'ਤੇ ਵੀ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹਰਿਆਣਾ ਆਦਿ ਰਾਜਾਂ ਵਿਚ ਇਹ ਕਹਿ ਕੇ ਹਮਲੇ ਕੀਤੇ ਕਿ ਉਹ ਗਾਵਾਂ ਨੂੰ ਮਾਰਨ ਲਈ ਖ਼ਰੀਦ ਕੇ ਲਿਜਾ ਰਹੇ ਸਨ। ਕੁੱਝ ਦਿਨ ਪਹਿਲਾਂ ਹੀ ਹਰਿਆਣਾ ਦੇ ਗਊ ਰਕਸ਼ਾ ਸੰਗਠਨ ਨਾਲ ਸੰਬੰਧਿਤ ਲੋਕਾਂ ਨੇ ਇਕ ਹਿੰਦੂ ਨੌਜਵਾਨ ਦਾ 40 ਕਿਲੋਮੀਟਰ ਤੱਕ ਪਿੱਛਾ ਕਰਕੇ ਕਾਰ ਵਿਚ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਮੁਸਲਮਾਨ ਨੌਜਵਾਨ ਹੈ ਤੇ ਗਊ ਮਾਸ ਲਿਜਾ ਰਿਹਾ ਹੈ।

 ਇਸ ਤੋਂ ਪਹਿਲਾਂ ਹਰਿਆਣਾ ਵਿਚ ਹੀ ਚਰਖੀ ਦਾਦਰੀ ਵਿਚ ਵੀ ਇਕ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ।  ਮੁਸਲਿਮ ਭਾਈਚਾਰੇ ਦੇ ਨੌਜਵਾਨਾਂ 'ਤੇ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਜਾਣ-ਬੁੱਝ ਕੇ ਹਿੰਦੂ ਜਾਂ ਗ਼ੈਰ-ਮੁਸਲਿਮ ਲੜਕੀਆਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਨਾਲ ਵਿਆਹ ਕਰਵਾਉਂਦੇ ਹਨ। ਇਸ ਨੂੰ ਅਧਾਰ ਬਣਾ ਕੇ ਹੀ ਭਾਜਪਾ ਦੀਆਂ ਸਰਕਾਰਾਂ ਵਾਲੇ ਰਾਜਾਂ ਵਿਚ 'ਲਵ ਜਹਾਦ' ਵਿਰੁੱਧ ਕਾਨੂੰਨ ਬਣਾਏ ਗਏ ਹਨ। ਕੋਈ ਨਾ ਕੋਈ ਬਹਾਨਾ ਬਣਾ ਕੇ ਹਰ ਰੋਜ਼ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। 

 ਬੀਤੇ ਦਿਨ ਹੀ ਕਰਨਾਟਕ ਦੇ ਹਾਈਕੋਰਟ ਦੇ ਇਕ ਜੱਜ ਨੇ ਮੁਸਲਮਾਨਾਂ ਵਿਰੁੱਧ ਬੜੀਆਂ ਘਟੀਆ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਹਨ, ਜਿਸ ਦਾ ਸੁਪਰੀਮ ਕੋਰਟ ਨੇ ਵੀ ਨੋਟਿਸ ਲਿਆ ਹੈ। ਜੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਨਫ਼ਰਤ ਏਨੀ ਵਧ ਜਾਏਗੀ ਕਿ ਲੋਕਾਂ ਦਾ ਇਕੱਠੇ ਰਹਿਣਾ ਮੁਸ਼ਕਿਲ ਹੋ ਜਾਵੇਗਾ ।

ਈਸਾਈਆਂ ਨਾਲ ਵਿਤਕਰਾ

ਇਸੇ ਤਰ੍ਹਾਂ ਇਸਾਈ ਭਾਈਚਾਰੇ ਨੂੰ ਵੀ ਦੇਸ਼ ਵਿਚ ਕੱਟੜ ਹਿੰਦੂਤਵੀ ਸੰਗਠਨਾਂ ਵਲੋਂ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇਕੱਲੇ ਇਸ ਸਾਲ ਦੀ ਗੱਲ ਕਰੀਏ ਤਾਂ 2024 ਦੇ ਪਹਿਲੇ ਤਿੰਨ ਮਹੀਨਿਆਂ ਵਿਚ ਇਸਾਈਆਂ 'ਤੇ 200 ਤੋਂ ਵੱਧ ਹਮਲੇ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਇਹ ਅੰਕੜੇ ਇਸਾਈ ਭਾਈਚਾਰੇ ਦੇ ਸੰਗਠਨ ਇੰਟਰਡੀਨੋਮੀਨੈਸ਼ਨਲ ਆਰਗੇਨਾਈਜ਼ੇਸ਼ਨ ਵਲੋਂ ਜਾਰੀ ਕੀਤੇ ਗਏ ਹਨ। ਦੇਸ਼ ਵਿਚ ਅਨੇਕਾਂ ਥਾਵਾਂ 'ਤੇ ਉਨ੍ਹਾਂ ਦੇ ਚਰਚਾਂ ਤੇ ਹੋਰ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ।