ਲੇਬਰ ਡੇ 'ਤੇ ਅਮਰੀਕਾ ਭਰ ਵਿੱਚ ਅਰਬਪੱਤੀਆਂ ਵਿਰੁੱਧ ਪ੍ਰਦਰਸ਼ਨ, ਟਰੰਪ ਦੀਆਂ ਨੀਤੀਆਂ ਦਾ ਜੰਮ ਕੇ ਕੀਤਾ ਵਿਰੋਧ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਲੇਬਰ ਡੇ 'ਤੇ ਕਿਰਤੀ ਯੁਨੀਅਨਾਂ ਤੇ ਕਿਰਤੀ ਕਾਰਕੁੰਨਾਂ ਨੇ ਅਮਰੀਕਾ ਭਰ ਵਿੱਚ ਸਮੂਹਿਕ ਪ੍ਰਦਰਸ਼ਨ ਕੀਤੇ ਤਾਂ ਜੋ ਅਮਰੀਕੀ ਲੋਕਾਂ ਨੂੰ ਕੰਮਕਾਰੀ ਵਰਗ ਦੀ ਸ਼ਕਤੀ ਨੂੰ ਵਿਖਾਇਆ ਜਾ ਸਕੇ ਖਾਸ ਕਰਕੇ ਉਸ ਸਮੇ ਜਦੋਂ ਅਰਬਪੱਤੀ ਸੱਤਾਧਾਰੀ ਕੌਮੀ ਰਾਜਨੀਤੀ ਤੋਂ ਬਾਹਰ ਇੱਕ ਵੱਖਰੀ ਹੀ ਭੂਮਿਕਾ ਨਿਭਾਅ ਰਿਹਾ ਹੈ। ਇਹ ਪ੍ਰਦਰਸ਼ਨ ਨਾ ਕੇਵਲ ਅਰਬਪੱਤੀ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਸਨ ਬਲ ਕਿ ਉਨਾਂ ਹੋਰ ਅਰਬਪੱਤੀਆਂ ਦੇ ਵਿਰੁੱਧ ਵੀ ਸਨ ਜੋ ਟਰੰਪ ਦਾ ਸਮਰਥਨ ਕਰਦੇ ਹਨ ਜਾਂ ਟਰੰਪ ਪ੍ਰਸ਼ਾਸਨ ਤੋਂ ਲਾਭ ਉੱਠਾ ਰਹੇ ਹਨ। ਬੋਸਟਨ, ਸ਼ਿਕਾਗੋ, ਡੈਟਰਾਇਟ ਤੇ ਨਿਊਯਾਰਕ ਸਮੇਤ ਵੱਡੇ ਸ਼ਹਿਰਾਂ ਵਿੱਚ ਰੈਲੀਆਂ ਕੀਤੀਆਂ ਗਈਆਂ ਤੇ ਮਾਰਚ ਕੱਢੇ ਗਏ। '' ਕਾਮੇ ਬਨਾਮ ਅਰਬਪੱਤੀ'' ਦੇ ਨਾਂ ਹੇਠ ਹੋਏ ਇਨਾਂ ਪ੍ਰਦਰਸ਼ਨਾਂ ਵਿੱਚ ਹਜਾਰਾਂ ਲੋਕਾਂ ਨੇ ਹਿੱਸਾ ਲਿਆ। ਸਕਾਟਸਡੇਲ, ਐਰੀਜ਼ੋਨਾ ਤੋਂ ਲੈ ਕੇ ਸਿਓਅਕਸ ਫਾਲਜ਼, ਦੱਖਣੀ ਡਕੋਤਾ ਤੱਕ ਛੋਟੇ ਸ਼ਹਿਰਾਂ ਵਿੱਚ ਇਨਾਂ ਪ੍ਰਦਰਸ਼ਨਾਂ ਵਿੱਚ ਦਰਮਿਆਨੀ ਭੀੜ ਰਹੀ ਜਦ ਕਿ ਵੱਡੇ ਸ਼ਹਿਰਾਂ ਵਿੱਚ ਬੇਮਿਸਾਲ ਇਕੱਠ ਹੋਏ ਜੋ ਸਪੱਸ਼ਟ ਤੌਰ 'ਤੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਵਿਰੁੱਧ ਰੋਹ ਦਾ ਪ੍ਰਗਟਾਵਾ ਸੀ। ਇਨਾਂ ਪ੍ਰਦਰਸ਼ਨਾਂ ਦਾ ਆਯੋਜਨ ਅਨੇਕਾਂ ਸੰਗਠਨਾਂ ਨੇ ਕੀਤਾ ਜਿਨਾਂ ਨੇ ਆਪਣੇ ਪੱਧਰ 'ਤੇ ਲੇਬਰ ਡੇ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਲੋਕਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਦਰਸ਼ਨ ਪ੍ਰਭਾਵਸ਼ਾਲੀ ਸਨ ਤੇ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ ਜਿਨਾਂ ਉਪਰ ਦੇਸ਼ ਦੇ ਅਰਬਪੱਤੀਆਂ ਵਿਰੁੱਧ ਨਾਅਰੇ ਲਿਖੇ ਹੋਏ ਸਨ। ਵਿਗਿਆਨਕ ਖੋਜ਼ਾਂ ਤੇ ਸਵਿਧਾਨਕ ਹੱਕਾਂ ਦਾ ਸਮਰਥਨ ਕੀਤਾ ਗਿਆ ਸੀ। ਸਾਕਿਬ ਭੱਟੀ ਕਾਰਜਕਾਰੀ ਡਾਇਰੈਕਟਰ ਐਕਸ਼ਨ ਸੈਂਟਰ ਰੇਸ ਐਂਡ ਇਕਾਨਮੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਅਹਿਮ ਹੈ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਅਰਬਪੱਤੀ ਟਰੰਪ ਦੇ ਏਜੰਡੇ ਦਾ ਹਰ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜੋ ਕੁਝ ਦੇਸ਼ ਵਿੱਚ ਹੋ ਰਿਹਾ ਹੈ, ਉਸ ਦੇ ਵਿਰੁੱਧ ਸਾਰੇ ਇਕਜੁੱਟ ਹਨ।


Comments (0)