ਭਾਰਤੀ ਮੂਲ ਦੀ ਰੇਸ਼ਮਾ ਕੇਵਲਰਮਾਨੀ ਦਾ ਨਾਂ ਸੱਭ ਤੋਂ ਵਧ ਸ਼ਕਤੀਸ਼ਾਲੀ 100 ਕਾਰੋਬਾਰੀਆਂ ਵਿੱਚ ਸ਼ਾਮਿਲ * ਫਾਰਚੂਨ ਮੈਗਜ਼ੀਨ ਦੀ ਸੂਚੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫਾਰਚੂਨ ਮੈਗਜ਼ੀਨ ਦੁਆਰਾ ਕਾਰੋਬਾਰ ਵਿੱਚ ਸੱਭ ਤੋਂ ਵਧ ਸ਼ਕਤੀਸ਼ਾਲੀ ਕਾਰੋਬਾਰੀਆਂ ਦੀ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਵਿੱਚ ਚੋਟੀ ਦੇ ਸ਼ਕਤੀਸ਼ਾਲੀ 100 ਵਿਅਕਤੀਆਂ ਦੇ ਨਾਂ ਸ਼ਾਮਿਲ ਹਨ। ਇਨਾਂ ਵਿੱਚ ਭਾਰਤੀ ਮੂਲ ਦੀ ਮੁੰਬਈ ਦੀ ਜਮਪਲ ਰੇਸ਼ਮਾ ਕੇਵਲਰਮਾਨੀ ਜੋ ਕਿ ਵਰਟੈਕਸ ਫਾਰਮਾਸਿਊਟੀਕਲਜ਼ ਦੀ ਸੀ ਈ ਓ ਹੈ, ਦਾ ਨਾਂ ਵੀ ਸ਼ਾਮਿਲ ਹੈ। ਕੌਮਾਂਤਰੀ ਕਾਰੋਬਾਰੀ ਆਗੂਆਂ ਦੀ ਸੂਚੀ ਵਿੱਚ ਕੇਵਲਰਮਾਨੀ 62ਵੇਂ ਸਥਾਨ 'ਤੇ ਹੈ। ਇਸ ਸੂਚੀ ਵਿੱਚ ਉਨਾਂ ਕਾਰੋਬਾਰੀਆਂ ਨੂੰ ਜਗਾ ਦਿੱਤੀ ਜਾਂਦੀ ਹੈ ਜੋ ਭਵਿੱਖ ਦੇ ਕਾਰੋਬਾਰ ਨੂੰ ਸ਼ਕਲ ਦਿੰਦੇ ਹਨ। ਕੇਵਲਰਮਾਨੀ ਪਹਿਲੀ ਔਰਤ ਹੈ ਜਿਸ ਨੇ ਇੱਕ ਵੱਡੀ ਯੂ ਐਸ ਬਾਇਓਟੈਕਨਾਲੋਜੀ ਫਰਮ ਦੀ ਅਗਵਾਈ ਕੀਤੀ ਹੈ। ਉਹ ਇੱਕ ਡਾਕਟਰ ਹੈ ਤੇ ਉਸ ਨੇ ਵਰਟੈਕਸ ਦੇ ਸੀ ਈ ਓ ਵਜੋਂ ਅਪ੍ਰੈਲ 2020 ਵਿੱਚ ਅਹੁੱਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ 2017 ਤੋਂ ਕੰਪਨੀ ਦੇ ਚੀਫ ਮੈਡੀਕਲ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਸ ਦੀ ਅਗਵਾਈ ਵਿੱਚ ਕੰਪਨੀ ਦੇ ਅਸਾਸੇ 110 ਅਰਬ ਡਾਲਰ ਤੱਕ ਪੁੱਜ ਗਏ ਹਨ। ਇਸ ਸੂਚੀ ਵਿੱਚ ਸ਼ਾਮਿਲ ਭਾਰਤੀ ਮੂਲ ਦੇ ਹੋਰ ਕਾਰੋਬਾਰੀਆਂ ਵਿੱਚ ਮਾਈਕਰੋ ਸਾਫਟ ਦਾ ਸੀ ਈ ਓ ਸਤਿਆ ਨਾਡੇਲਾ (ਦੂਸਰਾ ਸਥਾਨ), ਗੁੱਗਲ ਸੀ ਈ ਓ ਸੁੰਦਰ ਪਿਚਾਈ (6ਵਾਂ ਸਥਾਨ), ਯੂ ਟਿਊਬ ਸੀ ਈ ਓ ਨੀਲ ਮੋਹਨ (83 ਵਾਂ ਸਥਾਨ), ਰਿਲਾਇੰਸ ਇੰਡਸਟਰੀਜ਼ ਚੇਅਰਮੈਨ ਮੁਕੇਸ਼ ਅੰਬਾਨੀ (56 ਵਾਂ ਸਥਾਨ) ਤੇ ਅਡਾਨੀ ਗਰੁੱਪ ਚੇਅਰਮੈਨ ਗੌਤਮ ਅਡਾਨੀ (96 ਵਾਂ ਸਥਾਨ) ਸ਼ਾਮਿਲ ਹਨ।











Comments (0)