ਨਫਰਤੀ ਹਮਲਿਆਂ ਦੇ ਮਾਮਲੇ ਵਿੱਚ ਯਹੂਦੀਆਂ ਤੇ ਮੁਸਲਮਾਨਾਂ ਤੋਂ ਬਾਅਦ ਸਿੱਖ ਤੀਸਰੇ ਸਥਾਨ 'ਤੇ  

ਨਫਰਤੀ ਹਮਲਿਆਂ ਦੇ ਮਾਮਲੇ ਵਿੱਚ ਯਹੂਦੀਆਂ ਤੇ ਮੁਸਲਮਾਨਾਂ ਤੋਂ ਬਾਅਦ ਸਿੱਖ ਤੀਸਰੇ ਸਥਾਨ 'ਤੇ  

ਅੰਮ੍ਰਿਤਸਰ ਟਾਈਮਜ਼ ਬਿਊਰੋ 
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ( ਐਫ ਬੀ  ਆਈ) ਦੇ 2024 ਦੇ ਸਲਾਨਾ ਨਫਰਤੀ ਅਪਰਾਧ ਅੰਕੜਿਆਂ ਅਨੁਸਾਰ ਸਿੱਖ ਭਾਈਚਾਰਾ ਤੀਸਰੇ ਸਥਾਨ 'ਤੇ ਹੈ ਜਿਨਾਂ ਨੂੰ ਧਾਰਮਿੱਕ ਦਿੱਖ ਕਾਰਨ ਸਮਾਜ ਵਿਰੋਧੀ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਸੱਭ ਤੋਂ ਵਧ ਪੀੜਤ ਯਹੂਦੀ ਹਨ ਤੇ ਇਸ ਤੋਂ ਬਾਅਦ ਦੂਸਰੇ ਸਥਾਨ 'ਤੇ ਮੁਸਲਮਾਨ ਭਾਈਚਾਰਾ ਹੈ। ਐਫ ਬੀ ਆਈ ਰਿਪੋਰਟ ਅਨੁਸਾਰ 2024 ਵਿੱਚ ਸਿੱਖਾਂ ਵਿਰੁੱਧ ਨਫਰਤੀ ਹਮਲਿਆਂ ਦੇ 153 ਮਾਮਲੇ ਦਰਜ ਹੋਏ ਹਨ ਜੋ ਕਿ 2023 ਨਾਲੋਂ ਘੱਟ ਹਨ। ਹਾਲਾਂ ਕਿ ਇਸ ਰਿਪੋਰਟ ਵਿੱਚ ਮੰਨਿਆ ਗਿਆ ਹੈ ਕਿ ਇਹ ਅੰਕੜੇ ਬੁਨਿਆਦੀ ਤੌਰ 'ਤੇ ਨਾਮੁਕੰਮਲ ਹਨ ਕਿਉਂਕਿ ਬਹੁਤ ਸਾਰੇ ਮਾਮਲਿਆਂ ਵਿੱਚ ਪੀੜਤ ਅੱਗੇ ਨਹੀਂ ਆਏ ਤੇ ਉਨਾਂ ਨੇ ਆਪਣੇ ਨਾਲ ਹੋਈ ਵਧੀਕੀ ਦੀ ਸ਼ਿਕਾਇਤ ਦਰਜ ਨਹੀ ਕਰਵਾਈ। ਸਿੱਖ ਕੁਲੀਸ਼ਨ ਦੀ  ਸੀਨੀਅਰ ਫੈਡਰਲ ਪਾਲਿਸੀ ਮੈਨੇਜਰ ਮਨਨਿਰਮਲ ਕੌਰ ਨੇ ਜਾਰੀ ਇੱਕ ਬਿਆਨ ਵਿੱਚ ਸਿੱਖ ਭਾਈਚਾਰੇ ਨੂੰ ਦਰਪੇਸ਼ ਅਸਧਾਰਨ ਖਤਰੇ ਦੀ ਗੱਲ ਕਰਦਿਆਂ ਕਿਹਾ ਹੈ ਕਿ ਆਬਾਦੀ ਦੇ ਹਿਸਾਬ ਨਾਲ ਸਿੱਖ ਸਭ ਤੋਂ ਵਧ ਨਸਲੀ ਹਿੰਸਾ ਤੋਂ ਪੀੜਤ ਹਨ। ਉਨਾਂ ਕਿਹਾ ਹੈ ਕਿ ਦੇਸ਼ ਭਰ ਵਿੱਚ ਨਸਲੀ ਹਮਲਿਆਂ ਦੇ ਮਾਮਲੇ ਵਿੱਚ ਹੋਏ ਸਧਾਰ ਬਾਰੇ ਰਿਪੋਰਟ ਪਹਿਲਾ ਬੁਨਿਆਦੀ ਕਦਮ ਹੈ ਜਿਸ ਤੋਂ ਸਮੱਸਿਆ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ।
ਕੈਪਸ਼ਨ ਸਿੱਖ ਭਾਈਚਾਰਾ ਨਫਰਤੀ ਅਪਰਾਧਾਂ ਬਾਰੇ ਜਾਣਕਾਰੀ ਦਿੰਦਾ ਹੋਇਆ