ਬੀਤੇ ਦਿਨੀਂ ਲੰਡਨ ਦੇ ਪ੍ਰਸਿੱਧ ਰਸਾਲੇ ‘ਦਿ ਇਕੌਨੋਮਿਸਟ’ ਨੇ ਯੂਰਪ ਅੰਦਰ The Truth and the Lies About Islam in Europe’ ਅਰਥਾਤ ਇਸਲਾਮ ਦੇ ਵਧਦੇ ਪ੍ਰਭਾਵ ਅਤੇ ਡਰ ’ਤੇ ਇੱਕ ਵਿਸ਼ੇਸ਼ ਰਿਪੋਰਟ ਛਾਪੀ ਸੀ। ਇਸ ਦਾ ਸਿਰਲੇਖ ‘ਯੂਰਪ ਵਿੱਚ ਇਸਲਾਮ ਬਾਰੇ ਸੱਚ ਅਤੇ ਝੂਠ’ ਹੈ। ਰਸਾਲੇ ਮੁਤਾਬਕ ਆਮ ਮੁਸਲਮਾਨ ਕੋਈ ਸਮੱਸਿਆ ਨਹੀਂ ਹੈ, ਪਰ ਸਿਆਸੀ ਇਸਲਾਮ ਅਤੇ ਕੱਟੜਪੰਥੀ ਸੋਚ ਸੱਚਮੁੱਚ ਖ਼ਤਰਾ ਹੈ। ਰਿਪੋਰਟ ਅਨੁਸਾਰ ਯੂਰਪ ਵਿੱਚ ਕੁਝ ਕੱਟੜਪੰਥੀ ਨੌਜਵਾਨ ਦੇਸ਼ ਦੇ ਕਾਨੂੰਨ ਨਾਲੋਂ ਸ਼ਰੀਅਤ ਨੂੰ ਉੱਚਾ ਮੰਨਦੇ ਹਨ ਅਤੇ ‘ਮੁਸਲਿਮ ਬ੍ਰਦਰਹੁਡ’ ਵਰਗੀਆਂ ਜਥੇਬੰਦੀਆਂ ਰਾਹੀਂ ਸਰਕਾਰੀ ਅਦਾਰਿਆਂ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ।ਰਿਪੋਰਟ ਅਨੁਸਾਰ ਔਰਤਾਂ ਦੇ ਹੱਕਾਂ, ਬੋਲਣ ਦੀ ਆਜ਼ਾਦੀ, ਸਮਲਿੰਗੀ ਹੱਕਾਂ ਅਤੇ ਧਾਰਮਿਕ ਆਲੋਚਨਾ ਵਰਗੇ ਮੁੱਦਿਆਂ 'ਤੇ ਕੱਟੜਪੰਥੀ ਇਸਲਾਮ ਦਾ ਯੂਰਪ ਦੇ ਖੁੱਲ੍ਹੇ-ਖ਼ਿਆਲੇ ਲੋਕਤੰਤਰ ਨਾਲ ਸਿੱਧਾ ਟਕਰਾਅ ਹੈ।ਕੱਟੜ ਇਸਲਾਮ ਅਤੇ ਕੱਟੜ ਸੱਜੇ-ਪੱਖੀ (ਰਾਈਟ-ਵਿੰਗ) ਇੱਕ-ਦੂਜੇ ਦੇ ਡਰ ਸਿਰ ਹੀ ਪਲਦੇ ਹਨ; ਇੱਕ ਧਿਰ ਦਾ ਕੱਟੜਪੰਥ ਦੂਜੀ ਧਿਰ ਲਈ ਖ਼ੁਰਾਕ ਬਣਦਾ ਹੈ। ਯੂਰਪ ਵਿੱਚ ਮਹਿਜ਼ 6 ਤੋਂ 10 ਫ਼ੀਸਦੀ ਮੁਸਲਿਮ ਆਬਾਦੀ ਤੋਂ ਪੂਰੀ ਯੂਰਪੀ ਸੱਭਿਅਤਾ ਦੇ ਖ਼ਤਮ ਹੋ ਜਾਣ ਦਾ ਡਰ ਦਿਖਾਉਣਾ ਅਸਲੀਅਤ ਤੋਂ ਕੋਹਾਂ ਦੂਰ ਹੈ।
ਇਸ ਰਿਪੋਰਟ ਨੂੰ ਪੜ੍ਹਦਿਆਂ ਇੰਝ ਲੱਗਦਾ ਹੈ ਜਿਵੇਂ ਇਹ ਯੂਰਪ ਦੀ ਥਾਂ ਭਾਰਤ ਅੰਦਰ ਹਿੰਦੂ ਬਨਾਮ ਮੁਸਲਿਮ ਸਿਆਸਤ ਦੀ ਚੀਰ-ਫਾੜ ਕਰ ਰਹੀ ਹੋਵੇ। ਯੂਰਪ ਅਤੇ ਭਾਰਤ ਦੇ ਹਾਲਾਤਾਂ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਯੂਰਪ ਵਿੱਚ ਮੁਸਲਮਾਨ ਪਿਛਲੀ ਇੱਕ-ਡੇਢ ਸਦੀ ਦੌਰਾਨ ਬਾਹਰੋਂ ਆਏ ਪਰਵਾਸੀ ਹਨ। ਇਸ ਦੇ ਉਲਟ ਭਾਰਤ ਵਿੱਚ ਮੁਸਲਮਾਨ ਇਸੇ ਧਰਤੀ ਦੇ ਜਾਏ ਹਨ। ਉਹ ਇਸੇ ਸੱਭਿਅਤਾ ਅਤੇ ਇਤਿਹਾਸ ਦਾ ਅਟੁੱਟ ਹਿੱਸਾ ਹਨ। ਇਸ ਵੱਡੇ ਫ਼ਰਕ ਦੇ ਬਾਵਜੂਦ ਦੋਵਾਂ ਥਾਵਾਂ ’ਤੇ ਬਹੁਗਿਣਤੀ ਆਬਾਦੀ ਅੰਦਰ ਇੱਕੋ ਜਿਹੀ ਘਬਰਾਹਟ ਅਤੇ ਮਾਨਸਿਕ ਡਰ ਬੈਠਾ ਹੋਇਆ ਹੈ।
ਯੂਰਪ ਦਾ ਹਊਆ ਅਤੇ ਭਾਰਤੀ ਸੋਸ਼ਲ ਮੀਡੀਆ ਦੀ ਬੇਚੈਨੀ
ਯੂਰਪ ਦੇ ਲੋਕਾਂ ਨਾਲੋਂ ਵੱਧ ਭਾਰਤੀ ਸੋਸ਼ਲ ਮੀਡੀਆ ਇਸ ਖ਼ੌਫ਼ ਵਿੱਚ ਘੁਲ ਰਿਹਾ ਹੈ ਕਿ ਕਿ ਬਰਤਾਨੀਆ, ਫ਼ਰਾਂਸ ਅਤੇ ਜਰਮਨੀ ਕਿਤੇ ਇਸਲਾਮੀ ਮੁਲਕ ਨਾ ਬਣ ਜਾਣ।" । ਯੂਰਪ ਅੰਦਰ 6 ਤੋਂ 10 ਫ਼ੀਸਦੀ ਅਤੇ ਭਾਰਤ ਵਿੱਚ 14 ਤੋਂ 15 ਫ਼ੀਸਦੀ ਮੁਸਲਿਮ ਆਬਾਦੀ ਤੋਂ ਬਹੁਗਿਣਤੀ ਸੱਭਿਅਤਾਵਾਂ ਦੇ ਮਿਟਣ ਦਾ ਬੇਲੋੜਾ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਯੂਰਪੀ ਲੋਕਾਂ ਅੰਦਰ ਆਪਣੀ ਹੋਂਦ ਪ੍ਰਤੀ ਜਿੰਨਾ ਦ੍ਰਿੜ੍ਹ ਭਰੋਸਾ ਹੈ, ਓਨਾ ਆਤਮ-ਵਿਸ਼ਵਾਸ ਅੱਜ ਪੂਰਨ ਸੱਤਾ ਹੋਣ ਦੇ ਬਾਵਜੂਦ ਭਾਰਤੀ ਹਿੰਦੂ ਸਮਾਜ ਅੰਦਰ ਨਜ਼ਰ ਨਹੀਂ ਆਉਂਦਾ।
ਕੀ 80 ਫ਼ੀਸਦੀ ਹਿੰਦੂ ਆਬਾਦੀ ਸੱਚਮੁੱਚ ਖ਼ਤਰੇ ਵਿੱਚ ਹੈ?
ਅੱਜ ਹਿੰਦੂ ਸਮਾਜ, ਸੰਘ ਪਰਿਵਾਰ ਅਤੇ ਉਸ ਦੀ ਸਿਆਸਤ ਆਖ਼ਰ ਕਿਸ ਗੱਲ ਤੋਂ ਇੰਨੀ ਸਹਿਮੀ ਹੋਈ ਹੈ? ਜਿਸ ਧਰਮ ਕੋਲ ਇੰਨੀ ਵੱਡੀ ਜੀਵਨ-ਜਾਚ ਹੈ, ਉਸ ਦੇ ਸੁਭਾਅ ਵਿੱਚ ਖ਼ੌਫ਼ ਨਹੀਂ ਸਗੋਂ ਮਾਣ ਹੋਣਾ ਚਾਹੀਦਾ ਹੈ। ਅੱਜ ਦੇਸ਼ ਵਿੱਚ ਹਿੰਦੂਆਂ ਕੋਲ ਆਪਣਾ ਲੋਕਤੰਤਰ ਹੈ। ਚੁਣੀ ਹੋਈ ਸਰਕਾਰ ਹੈ। ਆਪਣੀ ਫ਼ੌਜ, ਪੁਲਿਸ ਅਤੇ ਤਕੜੀ ਆਰਥਿਕ ਤਾਕਤ ਹੈ। ਫਿਰ ਅਜਿਹੇ ਸਮਾਜ ਨੂੰ 2026 ਜਾਂ 2126 ਵਿੱਚ ਕੋਈ ਕਿਵੇਂ ਮਿਟਾ ਸਕਦਾ ਹੈ?
ਕੀ ਮੁਸਲਮਾਨ ਆਬਾਦੀ ਦੇ ਜ਼ੋਰ ’ਤੇ ਹਿੰਦੂਆਂ ਨੂੰ ਖ਼ਤਮ ਕਰ ਦੇਣਗੇ? ਅੰਕੜੇ ਇਸ ਖ਼ਦਸ਼ੇ ਨੂੰ ਸਿਰੇ ਤੋਂ ਰੱਦ ਕਰਦੇ ਹਨ। 1951 ਵਿੱਚ ਭਾਰਤ ਅੰਦਰ ਹਿੰਦੂ 84.1 ਫ਼ੀਸਦੀ ਅਤੇ ਮੁਸਲਮਾਨ 9.8 ਫ਼ੀਸਦੀ ਸਨ, ਜਦਕਿ 2011 ਦੀ ਮਰਦਮਸ਼ੁਮਾਰੀ ਵਿੱਚ ਹਿੰਦੂ 79.8 ਅਤੇ ਮੁਸਲਮਾਨ 14.2 ਫ਼ੀਸਦੀ ਦਰਜ ਕੀਤੇ ਗਏ। ਆਬਾਦੀ ਦੇ ਅਨੁਪਾਤ ਵਿੱਚ ਆਇਆ ਇਹ ਮਾਮੂਲੀ ਬਦਲਾਅ ਕਿਸੇ ਵੀ ਪੱਖੋਂ ‘ਜਨਸੰਖਿਆ ਧਮਾਕਾ’ ਨਹੀਂ ਅਖਵਾ ਸਕਦਾ। ਸੋਸ਼ਲ ਮੀਡੀਆ ਰਾਹੀਂ ਇਹ ਅਫ਼ਵਾਹ ਲਗਾਤਾਰ ਫੈਲਾਈ ਜਾਂਦੀ ਹੈ ਕਿ ਹਿੰਦੂ ਛੇਤੀ ਹੀ ਘੱਟਗਿਣਤੀ ਬਣ ਜਾਣਗੇ, ਜਦਕਿ ਸੱਚਾਈ ਇਹ ਹੈ ਕਿ ਮੁਸਲਿਮ ਭਾਈਚਾਰੇ ਵਿੱਚ ਬੱਚੇ ਪੈਦਾ ਕਰਨ ਦੀ ਦਰ (ਜਣਨ ਦਰ) ਤੇਜ਼ੀ ਨਾਲ ਹੇਠਾਂ ਡਿੱਗੀ ਹੈ ਅਤੇ ਦੋਵਾਂ ਧਰਮਾਂ ਵਿਚਲਾ ਇਹ ਪਾੜਾ ਲਗਾਤਾਰ ਸੁੰਗੜ ਰਿਹਾ ਹੈ। ਵਿਸ਼ਵ ਪ੍ਰਸਿੱਧ ‘ਪਿਊ ਰਿਸਰਚ’ ਮੁਤਾਬਕ 2050 ਤੱਕ ਵੀ ਭਾਰਤ ਵਿੱਚ ਕਰੀਬ 77 ਫ਼ੀਸਦੀ ਹਿੰਦੂ ਅਤੇ 18 ਫ਼ੀਸਦੀ ਮੁਸਲਮਾਨ ਹੋਣਗੇ। ਸਾਫ਼ ਹੈ ਕਿ ਆਉਣ ਵਾਲੀਆਂ ਕਈ ਦਹਾਕਿਆਂ ਬਾਅਦ ਵੀ ਭਾਰਤ ਇੱਕ ਵੱਡੀ ਹਿੰਦੂ ਬਹੁਗਿਣਤੀ ਵਾਲਾ ਦੇਸ਼ ਹੀ ਰਹੇਗਾ।
‘ਦਿ ਇਕੌਨੋਮਿਸਟ’ ਨੇ ਸਪੱਸ਼ਟ ਲਿਖਿਆ ਹੈ ਕਿ ਆਮ ਮੁਸਲਮਾਨ ਅਤੇ ਕੱਟੜਪੰਥੀ ਇਸਲਾਮ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਆਮ ਮੁਸਲਮਾਨ ਕੋਈ ਸਮੱਸਿਆ ਨਹੀਂ, ਪਰ ਕੱਟੜਵਾਦੀ ਸੋਚ ਸੱਚਮੁੱਚ ਵੱਡਾ ਖ਼ਤਰਾ ਹੈ। ਯੂਰਪ ਵਾਂਗ ਭਾਰਤ ਅੰਦਰ ਵੀ ਇਹ ਕੌੜੀ ਹਕੀਕਤ ਮੌਜੂਦ ਹੈ ਕਿ ਰੂੜ੍ਹੀਵਾਦੀ ਮੌਲਵੀਆਂ ਦਾ ਦਬਦਬਾ, ਮਦਰੱਸਿਆਂ ਦੀ ਪੁਰਾਣੀ ਸੋਚ, ਸ਼ਰੀਅਤ ਦੀ ਜ਼ਿੱਦ ਅਤੇ ਕੱਟੜ ਫ਼ੈਸਲੇ ਅੜਿੱਕਾ ਬਣੇ ਹੋਏ ਹਨ। ਇਸ ਤੋਂ ਇਲਾਵਾ ਭੜਕਾਊ ਬਿਆਨਬਾਜ਼ੀ, ਵੱਖਵਾਦ ਅਤੇ ਕਸ਼ਮੀਰ ਦੇ ਅੱਤਵਾਦ ਦਾ ਖ਼ੂਨੀ ਇਤਿਹਾਸ ਵੀ ਇੱਕ ਵੱਡਾ ਸੱਚ ਹੈ। ਰਹੀ-ਸਹੀ ਕਸਰ ਮੁਸਲਿਮ ਸਿਆਸਤ ਨੇ ਕੱਢ ਦਿੱਤੀ, ਜਿਸ ਨੇ ਮੁਸਲਮਾਨਾਂ ਨੂੰ ਜਾਗਰੂਕ ਨਾਗਰਿਕ ਬਣਾਉਣ ਦੀ ਥਾਂ ਮਜ਼ਹਬੀ ਵੋਟ ਬੈਂਕ ਤੱਕ ਸੀਮਤ ਰੱਖਿਆ। ।
ਡਰ ਦਾ ਸਾਂਝਾ ਕਾਰੋਬਾਰ ਅਤੇ ਮੋਬਾਈਲ ਦਾ ਜ਼ਹਿਰੀ ਪ੍ਰਭਾਵ
ਮੁਸਲਿਮ ਕੱਟੜਪੰਥ ਸੱਚ ਹੈ, ਪਰ ਇਸ ਆੜ ਹੇਠ 14% ਆਬਾਦੀ ਨੂੰ 80% ਬਹੁਗਿਣਤੀ ਲਈ ਖ਼ਤਰਾ ਦੱਸਣਾ ਸਰਾਸਰ ਗ਼ਲਤ ਹੈ। ਦੋਵਾਂ ਪਾਸਿਆਂ ਦੀ ਕੱਟੜਤਾ ਇੱਕ-ਦੂਜੇ ਦੇ ਸਹਾਰੇ ਜਿਊਂਦੀ ਹੈ—ਇੱਕ ਧਿਰ ਦਾ ਭੜਕਾਊ ਬਿਆਨ ਦੂਜੀ ਧਿਰ ਦੇ ਡਰ ਨੂੰ ਖ਼ੁਰਾਕ ਦਿੰਦਾ ਹੈ। ਅੱਜ ਸੋਸ਼ਲ ਮੀਡੀਆ ਰਾਹੀਂ ਇਹ ਨਫ਼ਰਤੀ ਅਫ਼ਵਾਹਾਂ 24 ਘੰਟੇ ਹਰ ਜੇਬ ਵਿੱਚ ਮੋਬਾਇਲ ਰਾਹੀਂ ਘੁੰਮ ਰਹੀਆਂ ਹਨ, ਜੋ ਦੋਵਾਂ ਪਾਸਿਆਂ ਦਾ ਸਿਰਫ਼ ਜ਼ਹਿਰੀਲਾ ਚਿਹਰਾ ਤੇ ਵਿਚਾਰ ਹੀ ਪਰੋਸ ਰਹੀਆਂ ਹਨ।
ਪੂਰਨ ਸੱਤਾ ਦੇ ਬਾਵਜੂਦ ਲਗਾਤਾਰ ਖ਼ੌਫ਼ ਦਾ ਮਾਹੌਲ
ਵੱਡਾ ਸਵਾਲ ਇਹ ਹੈ ਕਿ ਇੱਕ ਦਹਾਕੇ ਦੀ ਮਜ਼ਬੂਤ ਹਿੰਦੂਤਵੀ ਸਿਆਸਤ ਤੋਂ ਬਾਅਦ ਹਿੰਦੂ ਸਮਾਜ ਤਕੜਾ ਹੋਇਆ ਹੈ ਜਾਂ ਹੋਰ ਸਹਿਮ ਗਿਆ ਹੈ? ਰਾਮ ਮੰਦਰ ਦੀ ਉਸਾਰੀ, ਧਾਰਾ 370 ਦਾ ਖ਼ਾਤਮਾ, ਪੂਰਨ ਸੱਤਾ, ਫ਼ੌਜ ਅਤੇ ਨਿਰਣਾਇਕ ਵੋਟ ਬੈਂਕ ਹੋਣ ਦੇ ਬਾਵਜੂਦ ਰੋਜ਼ਾਨਾ ਨਵੇਂ ਡਰ ਕਿਉਂ ਖੜ੍ਹੇ ਕੀਤੇ ਜਾ ਰਹੇ ਹਨ? ਕਦੇ 'ਲਵ ਜਿਹਾਦ', 'ਲੈਂਡ ਜਿਹਾਦ' ਅਤੇ ਕਦੇ ਵਕਫ਼ ਜਾਂ ਰੋਹਿੰਗੀਆ ਦੇ ਨਾਂ 'ਤੇ ਬੇਚੈਨੀ ਫੈਲਾਈ ਜਾਂਦੀ ਹੈ। ਇੱਥੋਂ ਤੱਕ ਕਿ ਵਿਦੇਸ਼ਾਂ ਦੀਆਂ ਘਟਨਾਵਾਂ 'ਤੇ ਵੀ ਸੋਸ਼ਲ ਮੀਡੀਆ ਤੇ ਗੋਲੀ ਮੀਡੀਆ ਹਿੰਦੂਆਂ ਦੀ ਹੋਂਦ ਮਿਟਣ ਦਾ ਰੌਲਾ ਪਾਉਣ ਲੱਗ ਪੈਂਦਾ ਹੈ।
ਭਾਰਤ ਦਾ ਸੱਚ ਬਹੁਰੰਗੀ ਵਿਰਾਸਤ
ਭਾਰਤ ਕਦੇ ਵੀ ਇੱਕੋ ਸੱਭਿਆਚਾਰਕ ਰੰਗਤ ਵਾਲਾ ਦੇਸ਼ ਨਹੀਂ ਰਿਹਾ। ਇੱਥੇ ਹਰ ਭਾਈਚਾਰੇ ਦੀ ਪਰੰਪਰਾ, ਧਰਮ, ਰਹਿਣ-ਸਹਿਣ ਅਤੇ ਖਾਣ-ਪੀਣ ਵੱਖੋ-ਵੱਖਰਾ ਰਿਹਾ ਹੈ; ਇਸ ਦੇ ਬਾਵਜੂਦ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਸਾਂਝੀ ਸੀ। ‘ਪਿਊ ਰਿਸਰਚ’ ਦਾ ਸਰਵੇਖਣ ਦੱਸਦਾ ਹੈ ਕਿ 95 ਫ਼ੀਸਦੀ ਮੁਸਲਮਾਨਾਂ ਨੂੰ ਆਪਣੇ ਭਾਰਤੀ ਹੋਣ ’ਤੇ ਡੂੰਘਾ ਮਾਣ ਹੈ ਅਤੇ 84 ਫ਼ੀਸਦੀ ਲੋਕ ਮੰਨਦੇ ਹਨ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੀ ਸੱਚੇ ਭਾਰਤੀ ਹੋਣ ਦੀ ਪਛਾਣ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ 66 ਫ਼ੀਸਦੀ ਹਿੰਦੂ ਅਤੇ 64 ਫ਼ੀਸਦੀ ਮੁਸਲਮਾਨ ਇੱਕ-ਦੂਜੇ ਨੂੰ ਆਪਣੇ ਤੋਂ ਬਿਲਕੁਲ ਵੱਖਰਾ ਸਮਝਣ ਲੱਗ ਪਏ ਹਨ। ਸੋਸ਼ਲ ਮੀਡੀਆ ਸਾਡੀ ਇਸ ਸਾਂਝੀ ਵਿਰਾਸਤ ਨੂੰ ਨਿਗਲ ਰਿਹਾ ਹੈ।
ਪ੍ਰਸਿਧ ਚਿੰਤਕ ਰਾਮ ਪੁਣਿਆਣੀ ਦਾ ਕਹਿਣਾ ਹੈ ਕਿ ਜਿਸ ਹਿੰਦੂ ਸੱਭਿਅਤਾ ਨੂੰ ਹਜ਼ਾਰ ਸਾਲਾਂ ਦੀਆਂ ਗ਼ੁਲਾਮੀਆਂ ਖ਼ਤਮ ਨਹੀਂ ਕਰ ਸਕੀਆਂ, ਉਸ ਨੂੰ ਅੱਜ ਆਪਣੇ ਹੀ ਦੇਸ਼ ਅੰਦਰ ਕੁਝ ਫ਼ੀਸਦੀ ਮੁਸਲਮਾਨ ਕਿਵੇਂ ਮਿਟਾ ਦੇਣਗੇ? ਸਨਾਤਨ ਹੋਣ ਦਾ ਮਤਲਬ ਕੇਵਲ ਪੁਰਾਤਨ ਹੋਣਾ ਨਹੀਂ, ਸਗੋਂ ਆਪਣੇ ਵਜੂਦ ਉੱਤੇ ਅਟੁੱਟ ਵਿਸ਼ਵਾਸ ਰੱਖਣਾ ਵੀ ਹੈ।ਇਸੇ ਤਰ੍ਹਾਂ ਮੁਸਲਮਾਨ ਭਾਈਚਾਰੇ ਨੂੰ ਵੀ ਇਹ ਸਮਝਣਾ ਪਵੇਗਾ ਕਿ ਮੁਸਲਿਮ ਕੱਟੜਤਾ ਦੀ ਪਹਿਲੀ ਮਾਰ ਆਮ ਮੁਸਲਮਾਨ ਉੱਤੇ ਹੀ ਪੈਂਦੀ ਹੈ। ਜਿੰਨਾ ਮੌਲਵੀ ਭਾਰੂ ਹੋਵੇਗਾ, ਆਮ ਮੁਸਲਿਮ ਨਾਗਰਿਕ ਓਨਾ ਹੀ ਪਛੜ ਜਾਵੇਗਾ। ਮੁਸਲਮਾਨਾਂ ਨੂੰ ਆਪਣਾ ਭਵਿੱਖ ਸ਼ਰੀਅਤ ਜਾਂ ਪਾਕਿਸਤਾਨ-ਅਰਬ ਵੱਲ ਝਾਕਣ ਦੀ ਥਾਂ ਭਾਰਤੀ ਸੰਵਿਧਾਨ, ਆਧੁਨਿਕ ਸਿੱਖਿਆ ਅਤੇ ਦੇਸ਼ ਦੀ ਤਰੱਕੀ ਵਿੱਚ ਤਲਾਸ਼ਣਾ ਪਵੇਗਾ। ਘਬਰਾਹਟ ਅਤੇ ਸਹਿਮ ਦੇ ਮਾਹੌਲ ਵਿੱਚ ਦੋਵੇਂ ਧਿਰਾਂ ਬੌਣੀਆਂ ਹੋ ਜਾਂਦੀਆਂ ਹਨ, ਜਦਕਿ ਸੱਭਿਅਤਾਵਾਂ ਹਮੇਸ਼ਾ ਆਪਸੀ ਭਰੋਸੇ ਅਤੇ ਆਤਮ-ਵਿਸ਼ਵਾਸ ਨਾਲ ਹੀ ਬੁਲੰਦੀਆਂ ਛੂੰਹਦੀਆਂ ਹਨ।
Comments (0)