6.5 ਅਰਬ ਡਾਲਰ ਦੇ ਸਿਹਤ ਸਕੀਮਾਂ ਘੁਟਾਲੇ ਵਿੱਚ 90 ਡਾਕਟਰਾਂ ਸਣੇ 455 ਵਿਰੁੱਧ ਦੋਸ਼ ਆਇਦ

6.5 ਅਰਬ ਡਾਲਰ ਦੇ ਸਿਹਤ ਸਕੀਮਾਂ ਘੁਟਾਲੇ ਵਿੱਚ 90 ਡਾਕਟਰਾਂ ਸਣੇ 455 ਵਿਰੁੱਧ ਦੋਸ਼ ਆਇਦ

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਨਿਆਂ ਵਿਭਾਗ ਨੇ ਐਲਾਨ ਕੀਤਾ ਕਿ 45 ਰਾਜਾਂ ਵਿੱਚ ਡਾਕਟਰਾਂ ਅਤੇ ਨਰਸ ਪ੍ਰੈਕਟੀਸ਼ਨਰਾਂ ਸਮੇਤ 450 ਤੋਂ ਵੱਧ ਲੋਕਾਂ ’ਤੇ ਵਿਸ਼ਵਵਿਆਪੀ ਸਿਹਤ ਸੰਭਾਲ ਧੋਖਾਧੜੀ ਸਕੀਮਾਂ ਦੇ ਸਬੰਧ ਵਿੱਚ ਦੋਸ਼ ਲਗਾਏ ਗਏ ਹਨ ਜੋ ਕਿ ਕੁੱਲ 6.5 ਅਰਬ ਡਾਲਰਾਂ ਦੀ ਧੋਖਾਧੜੀ ਹੈ। ਨਿਆਂ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ 45 ਰਾਜਾਂ ਵਿੱਚ 455 ਵਿਅਕਤੀਆਂ ਜਿਨ੍ਹਾਂ ਵਿੱਚ 90 ਤੋਂ ਵੱਧ ਡਾਕਟਰ ਸ਼ਾਮਲ ਹਨ ਤੇ ਝੂਠੇ ਮੈਡੀਕੇਅਰ ਅਤੇ ਮੈਡੀਕੇਡ ਦਾਅਵਿਆਂ ਦੇ ਦੋਸ਼ ਲਗਾਏ ਗਏ ਹਨ ਜਿਨ੍ਹਾਂ ਕਾਰਨ ਮਰੀਜ਼ਾਂ ਨੂੰ ਨੁਕਸਾਨ ਪਹੁੰਚਿਆ। 2026 ਨੈਸ਼ਨਲ ਹੈਲਥ ਕੇਅਰ ਫ਼ਰਾਡ ਟੇਕਡਾਊਨ ਨਾਮਕ ਇਸ ਕਾਰਵਾਈ ਵਿੱਚ ਐਰੀਜ਼ੋਨਾ ਵਿੱਚ 1ਅਰਬ ਡਾਲਰ ਦੀ ਸਕੀਮ, ਵਰਜੀਨੀਆ ਵਿੱਚ ਬੇਘਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ 4.9 ਲੱਖ ਡਾਲਰ ਦੀ ਮੈਡੀਕੇਡ ਸਕੀਮ, ਅਤੇ ਕੈਲੀਫ਼ੋਰਨੀਆ ਵਿੱਚ 27.7 ਲੱਖ ਡਾਲਰ ਦੀ ਮੈਡੀਕੇਅਰ ਹਾਸਪਾਈਸ ਧੋਖਾਧੜੀ ਸ਼ਾਮਲ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਅਮਰੀਕੀ ਇਤਿਹਾਸ ਵਿੱਚ ਸਿਹਤ-ਸੰਭਾਲ ਧੋਖਾਧੜੀ ਵਿਰੁੱਧ ਸਰਕਾਰ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਧੋਖਾਧੜੀ ਕਾਰਨ ਕੁਝ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਐਫ਼ ਬੀ ਆਈ ਡਾਇਰੈਕਟਰ ਕਾਸ਼ ਪਟੇਲ ਨੇ ਵਾਸ਼ਿੰਗਟਨ, ਡੀ ਸੀ ਵਿੱਚ ਰੌਬਰਟ ਐਫ਼. ਕੈਨੇਡੀ ਡਿਪਾਰਟਮੈਂਟ ਆਫ਼ ਜਸਟਿਸ ਬਿਲਡਿੰਗ ਵਿਖੇ ਇੱਕ ਪੱਤਰਕਾਰ ਕਾਨਫ਼ਰੰਸ ਵਿੱਚ ਸਿਹਤ ਸੰਭਾਲ ਨਾਲ ਸਬੰਧਿਤ ਧੋਖਾਧੜੀ ਵਿਰੁੱਧ ਹਾਲ ਹੀ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਵੇਰਵੇ ਸਹਿਤ ਦੱਸਿਆ।
ਉਨਾਂ ਕਿਹਾ ਕਿ ਧੋਖਾਧੜੀ ਵਿੱਚ ਹਰ ਗ੍ਰਿਫ਼ਤਾਰੀ ਅਮਰੀਕੀ ਟੈਕਸਦਾਤਾਵਾਂ ਨੂੰ ਲੁੱਟਣ ਵਾਲੇ ਅਧਿਕਾਰੀਆਂ ਲਈ ਇੱਕ ਸਪੱਸ਼ਟ ਸੰਦੇਸ਼ ਹੈ ਕਿ ਉਹ ਆਪਣੇ ਅਪਰਾਧਾਂ ਤੋਂ ਬਚ ਨਹੀਂ ਸਕਣਗੇ।