ਪੰਜਾਬ ਤੇ ਹਰਿਆਣਾ ਵਿਚ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ਾਂ ਹੇਠ 12 ਲੋਕ ਗ੍ਰਿਫ਼ਤਾਰ

ਪੰਜਾਬ ਤੇ ਹਰਿਆਣਾ ਵਿਚ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ਾਂ ਹੇਠ 12 ਲੋਕ ਗ੍ਰਿਫ਼ਤਾਰ

* ਪੁਲੀਸ ਦੀ ਮੁਢਲੀ ਜਾਂਚ ਵਿਚ ਕੀ ਨਿਕਲਿਆ, ਪਰਿਵਾਰ ਵਾਲੇ ਦੋਸ਼ਾਂ ਤੋਂ ਕਰ ਰਹੇ ਨੇ ਇਨਕਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ- ਪਿਛਲੇ ਦੋ ਹਫ਼ਤਿਆਂ 'ਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ 12 ਵਿਅਕਤੀਆਂ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਪੰਜਾਬ ਦੇ ਗੁਰਦਾਸਪੁਰ ਤੋਂ ਸੁਖਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ, ਮਲੇਰਕੋਟਲਾ ਤੋਂ ਗੁਜ਼ਾਲਾ ਅਤੇ ਯਾਮੀਨ ਮੁਹੰਮਦ, ਅਤੇ ਹਰਿਆਣਾ ਦੇ ਹਿਸਾਰ ਤੋਂ ਯੂਟਿਊਬਰ ਜਯੋਤੀ ਮਲਹੋਤਰਾ ਸਮੇਤ ਹੋਰ ਵਿਅਕਤੀ ਸ਼ਾਮਲ ਹਨ। ਪੁਲਿਸ ਅਨੁਸਾਰ, ਇਹ ਵਿਅਕਤੀ ਸੰਵੇਦਨਸ਼ੀਲ ਫੌਜੀ ਜਾਣਕਾਰੀ, ਜਿਵੇਂ ਕਿ ਆਪ੍ਰੇਸ਼ਨ ਸਿੰਦੂਰ ਅਤੇ ਸਰਹੱਦੀ ਖੇਤਰਾਂ ਦੀਆਂ ਗਤੀਵਿਧੀਆਂ, ਪਾਕਿਸਤਾਨ ਨੂੰ ਸਾਂਝੀ ਕਰ ਰਹੇ ਸਨ। ਇਨ੍ਹਾਂ ਵਿਚੋਂ ਕਈਆਂ ਨੇ ਵਟਸਐਪ ਅਤੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਭੇਜੀ, ਜਿਸ ਦੇ ਬਦਲੇ ਉਨ੍ਹਾਂ ਨੂੰ ਪੈਸੇ ਮਿਲੇ।

ਪੰਜਾਬ ਪੁਲਿਸ ਅਤੇ ਕੇਂਦਰੀ ਖੁਫ਼ੀਆ ਏਜੰਸੀਆਂ ਦਾ ਦਾਅਵਾ ਹੈ ਕਿ ਉਹਨਾਂ ਨੇ ਸਾਂਝੇ ਆਪ੍ਰੇਸ਼ਨ ਨਾਲ ਇਸ ਜਾਸੂਸੀ ਨੈੱਟਵਰਕ ਨੂੰ ਤੋੜਨ ਵਿਚ ਸਫਲਤਾ ਹਾਸਲ ਕੀਤੀ ਹੈ। ਗੁਰਦਾਸਪੁਰ ਵਿਚ 15 ਮਈ ਨੂੰ ਸੁਖਪ੍ਰੀਤ ਅਤੇ ਕਰਨਵੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ 3 ਮੋਬਾਈਲ ਫੋਨ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ। ਹਰਿਆਣਾ 'ਚ ਜਯੋਤੀ ਮਲਹੋਤਰਾ, ਦੇਵੇਂਦਰ ਸਿੰਘ, ਤਾਰੀਫ਼, ਅਰਮਾਨ ਅਤੇ ਨੋਮਾਨ ਇਲਾਹੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇਨ੍ਹਾਂ ਦੇ ਮੋਬਾਈਲ, ਲੈਪਟਾਪ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਭਰੋਸੇਯੋਗ ਸੂਚਨਾਵਾਂ ਦੇ ਆਧਾਰ 'ਤੇ ਕਾਰਵਾਈ ਜਾਰੀ ਹੈ ਅਤੇ ਹੋਰ ਖੁਲਾਸੇ ਸਾਹਮਣੇ ਆ ਸਕਦੇ ਹਨ।

 ਪਰਿਵਾਰਾਂ ਦਾ ਇਨਕਾਰ ਅਤੇ ਸਵਾਲ

ਗ੍ਰਿਫ਼ਤਾਰ ਵਿਅਕਤੀਆਂ ਦੇ ਪਰਿਵਾਰਾਂ ਨੇ ਦੋਸ਼ਾਂ ਨੂੰ ਰੱਦ ਕੀਤਾ ਹੈ। ਸੁਖਪ੍ਰੀਤ ਦੇ ਪਿਤਾ ਗੁਰਮੀਤ ਸਿੰਘ ਅਤੇ ਮਾਤਾ ਨਰਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ 19 ਸਾਲਾ ਬੇਟਾ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਕਦੇ ਸਰਹੱਦ ਨੇੜੇ ਨਹੀਂ ਗਿਆ। ਉਨ੍ਹਾਂ ਨੂੰ ਪੁਲਿਸ ਦੀ ਕਾਰਵਾਈ 'ਤੇ ਸ਼ੱਕ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। 

ਸੁਖਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ,ਇਸ ਦੇ ਨਾਲ ਹੀ ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਬੇਟੇ ਦੇ ਖਾਤੇ ਵਿੱਚ ਕੋਈ ਪੈਸਾ ਨਹੀਂ ਆਇਆ ਅਤੇ ਨਾ ਹੀ ਉਸ ਕੋਲ ਕੋਈ ਦਸਤਾਵੇਜ਼ ਮਿਲੇ ਹਨ ਤੇ ਨਾ ਹੀ ਕੋਈ ਅਸਲਾ।

ਪਿਤਾ ਦਾ ਕਹਿਣਾ ਹੈ ਕਿ ਪੜ੍ਹਾਈ ਦੇ ਬਾਅਦ ਸੁਖਪ੍ਰੀਤ ਉਨ੍ਹਾਂ ਨਾਲ ਹੀ ਕੰਮ ਕਰਦਾ ਹੈ। ਪਰਿਵਾਰ ਵਿੱਚ ਇੱਕ ਵੱਡੀ ਕੁੜੀ ਹੈ, ਜਿਸ ਦਾ ਵਿਆਹ ਹੋ ਗਿਆ ਹੈ ਅਤੇ ਦੋ ਬੇਟੇ ਹਨ। ਸੁਖਪ੍ਰੀਤ ਸਭ ਤੋਂ ਛੋਟਾ ਹੈ।

ਉਧਰ ਸੁਖਪ੍ਰੀਤ ਦੇ ਮਾਤਾ ਨਰਿੰਦਰ ਕੌਰ ਦਾ ਕਹਿਣਾ ਹੈ, "ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡੇ ਨਾਲ ਕੀ ਧੱਕਾ ਹੋ ਰਿਹਾ। ਉਹ ਤਾਂ ਆਪਣੇ ਪਿਓ ਨਾਲ ਕੰਮ ʼਤੇ ਵੀ ਜਾਂਦਾ ਰਿਹਾ ਹੈ। ਦੂਜੇ ਮੁੰਡੇ ਬਾਰੇ ਸਾਨੂੰ ਪਤਾ ਵੀ ਨਹੀਂ ਕਿ ਉਹ ਕਿੱਥੋਂ ਦਾ ਹੈ।""ਸਾਡੇ ਸੁੱਤੇ ਹੋਏ ਬੇਟੇ ਨੂੰ ਧੂਹ ਕੇ ਲੈ ਗਏ ਹਨ। ਮੈਂ ਰੋਕਿਆ ਤਾਂ ਮੈਨੂੰ ਪਿੱਛੇ ਧੱਕ ਦਿੱਤਾ। ਉਹ ਸਾਨੂੰ ਕੁਝ ਨਹੀਂ ਦੱਸਦਾ ਰਿਹਾ। ਸਾਨੂੰ ਪਤਾ ਨਹੀਂ ਲੱਗਦਾ ਸੀ ਕਿੱਥੇ ਜਾਂਦਾ ਸੀ।''

ਇਸੇ ਤਰ੍ਹਾਂ, ਜਯੋਤੀ ਮਲਹੋਤਰਾ ਦੇ ਪਿਤਾ ਹਰੀਸ਼ ਕੁਮਾਰ ਨੇ ਦੱਸਿਆ ਕਿ ਜਯੋਤੀ ਮਲਹੋਤਰਾ ਇੱਕ ਟ੍ਰੈਵਲ ਵਲੌਗਰ ਹਨ। ਉਨ੍ਹਾਂ ਨੇ ਯੂਟਿਊਬ ਚੈਨਲ ਦਾ ਨਾਮ 'ਟ੍ਰੈਵਲ ਵਿਦ ਜੋ' ਹੈ। ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਉੱਤੇ ਕਈ ਵੱਖ-ਵੱਖ ਦੇਸ਼ਾਂ ਦੇ ਆਪਣੇ ਸਫ਼ਰਨਾਮੇ ਸਾਂਝੇ ਕੀਤੇ ਹਨ।ਉਨ੍ਹਾਂ ਦੀ ਬੇਟੀ ਨੇ ਸਰਕਾਰੀ ਇਜਾਜ਼ਤ ਨਾਲ ਪਾਕਿਸਤਾਨ ਦਾ ਦੌਰਾ ਕੀਤਾ ਸੀ। ਹਰਿਆਣਾ ਦੇ ਹਿਸਾਰ ਦੀ ਟ੍ਰੈਵਲ ਬਲੌਗਰ ਅਤੇ ਯੂਟਿਊਬਰ ਜਯੋਤੀ ਮਲਹੋਤਰਾ ਨੂੰ ਵੀ ਜਾਸੂਸੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੂਜੇ ਪਾਸੇ ਹਿਸਾਰ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਜਯੋਤੀ ਆਪਣੀ ਆਮਦਨ ਤੋਂ ਵੱਧ ਆਲੀਸ਼ਾਨ ਜ਼ਿੰਦਗੀ ਜੀਅ ਰਹੀ ਸੀ।ਹਿਸਾਰ ਦੇ ਐੱਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਬੀਤੇ ਦਿਨੀਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਜਯੋਤੀ ਨੂੰ ਆਪਣੀ ਇੱਕ ਏਸੱਟ ਬਣਾਉਣ ਦੀ ਤਿਆਰੀ ਕਰ ਰਿਹਾ ਸੀ, ਜੋ ਭਾਰਤ ਦੀ ਖ਼ੁਫੀਆ ਜਾਣਕਾਰੀ ਮੁਹੱਈਆ ਕਰਵਾਏ।ਦੁਸ਼ਮਣ ਦੇਸ਼ ਅਜਿਹੇ ਨੌਜਵਾਨ ਇਨਫਲੂਐਂਸਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਪੈਸੇ ਲਈ, ਨੌਜਵਾਨ ਵੀ ਗ਼ਲਤ ਰਸਤਾ ਅਪਣਾਉਂਦੇ ਹਨ। ਪੁਲਿਸ ਸੁਪਰੀਡੈਂਟ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਹੋਏ ਹਮਲੇ ਤੋਂ ਪਹਿਲਾਂ ਜਯੋਤੀ ਜੰਮੂ ਕਸ਼ਮੀਰ ਗਈ ਸੀ ਅਤੇ ਪਾਕਿਸਤਾਨ ਵੀ ਗਈ ਸੀ।''ਐੱਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀਆਂ ਯਾਤਰਾਵਾਂ ਦਾ ਹਮਲੇ ਨਾਲ ਸਬੰਧ ਹੈ ਜਾਂ ਨਹੀਂ।ਐੱਸਪੀ ਨੇ ਇਹ ਵੀ ਕਿਹਾ ਕਿ ਹੁਣ ਤੱਕ ਜਯੋਤੀ ਕੋਲ ਕੋਈ ਖ਼ਫ਼ੀਆ ਜਾਣਕਾਰੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਹਿਸਾਰ ਇੱਕ ਰਣਨੀਤਕ ਤੌਰ 'ਤੇ ਮਹੱਤਵਪੂਰਨ ਥਾਂ ਹੈ, ਇਸ ਲਈ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜਯੋਤੀ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਕਿਹੜੀ ਖ਼ੁਫ਼ੀਆ ਜਾਣਕਾਰੀ ਸਾਂਝੀ ਕੀਤੀ ਸੀ।

ਨੋਮਾਨ ਇਲਾਹੀ ਦੀ ਭੈਣ ਨੇ ਵੀ ਕਿਹਾ ਕਿ ਉਸ ਨੂੰ ਭਰਾ ਦੀਆਂ ਗਤੀਵਿਧੀਆਂ ਬਾਰੇ ਕੁਝ ਨਹੀਂ ਪਤਾ।ਇਸ ਤੋਂ ਇਲਾਵਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਹਰਕੀਰਤ ਸਿੰਘ ਤੋਂ ਵੀ ਪਾਕਿਸਤਾਨ ਨਾਲ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਸ਼ੱਕ ਵਿੱਚ ਪੁੱਛਗਿੱਛ ਕੀਤੀ ਗਈ।

ਹਾਲਾਂਕਿ, ਪੁੱਛਗਿੱਛ ਤੋਂ ਬਾਅਦ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।ਕੁਰੂਕਸ਼ੇਤਰ ਨਾਲ ਸਬੰਧਤ ਹਰਕੀਰਤ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਨਕਾਣਾ ਸਾਹਿਬ ਜਾਣ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਵੀਜ਼ਾ ਦਾ ਕੰਮ ਦੇਖਦਾ ਸੀ।

ਲੋਕ ਚਿੰਤਤ ਕਿਉਂ?

ਇਨ੍ਹਾਂ ਗ੍ਰਿਫ਼ਤਾਰੀਆਂ ਨੇ ਸਥਾਨਕ ਲੋਕਾਂ ਵਿਚ ਚਿੰਤਾ ਪੈਦਾ ਕੀਤੀ ਹੈ। ਕਈ ਲੋਕ ਸਵਾਲ ਉਠਾ ਰਹੇ ਹਨ ਕਿ ਕੀ ਸਾਰੇ ਗ੍ਰਿਫ਼ਤਾਰ ਵਿਅਕਤੀ ਸੱਚਮੁੱਚ ਜਾਸੂਸੀ 'ਚ ਸ਼ਾਮਲ ਸਨ ਜਾਂ ਕੁਝ ਨਿਰਦੋਸ਼ ਵੀ ਨਿਸ਼ਾਨੇ 'ਤੇ ਆਏ ਹਨ। ਸੁਖਪ੍ਰੀਤ ਦੇ ਪਰਿਵਾਰ ਵਰਗੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਕਾਰਵਾਈਆਂ ਨਾਲ ਆਮ ਲੋਕਾਂ ਵਿਚ ਦਹਿਸ਼ਤ ਫੈਲ ਸਕਦੀ ਹੈ। ਹਾਲਾਂਕਿ, ਪੁਲਿਸ ਅਤੇ ਖੁਫ਼ੀਆ ਏਜੰਸੀਆਂ ਦਾਅਵਾ ਕਰ ਰਹੀਆਂ ਹਨ ਕਿ ਜਾਂਚ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਡੂੰਘਾਈ ਨਾਲ ਕੀਤੀ ਜਾ ਰਹੀ ਹੈ। 

 ਹਰਿਆਣਾ ਪੁਲਿਸ ਦੇ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਕਿਹਾ ਕਿ ਜਯੋਤੀ ਮਲਹੋਤਰਾ ਵਰਗੇ ਇਨਫਲੂਐਂਸਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕੌਮੀ ਸੁਰੱਖਿਆ ਲਈ ਖਤਰਾ ਹੈ।

ਇਹ ਨਿਰਣਾ ਕਰਨਾ ਕਿ ਗ੍ਰਿਫ਼ਤਾਰ ਵਿਅਕਤੀ ਸਹੀ ਹਨ ਜਾਂ ਗਲਤ, ਅਜੇ ਮੁਸ਼ਕਲ ਹੈ ਕਿਉਂਕਿ ਜਾਂਚ ਜਾਰੀ ਹੈ। ਪੁਲਿਸ ਕੋਲ ਮੋਬਾਈਲ ਫੋਨ, ਵਿੱਤੀ ਲੈਣ-ਦੇਣ ਅਤੇ ਸੋਸ਼ਲ ਮੀਡੀਆ ਸਬੂਤ ਹਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ।

 ਸੁਖਪ੍ਰੀਤ ਅਤੇ ਕਰਨਵੀਰ ਵਰਗੇ ਵਿਅਕਤੀਆਂ ਦੇ ਮਾਮਲੇ 'ਚ ਪੁਲਿਸ ਨੇ ਆਈਐਸਆਈ ਨਾਲ ਸਿੱਧੇ ਸੰਪਰਕ ਦੀ ਪੁਸ਼ਟੀ ਕੀਤੀ ਹੈ, ਪਰ ਪਰਿਵਾਰਾਂ ਦੇ ਇਨਕਾਰ ਨੇ ਸਵਾਲ ਵੀ ਖੜ੍ਹੇ ਕੀਤੇ ਹਨ। ਅਜਿਹੀਆਂ ਗ੍ਰਿਫ਼ਤਾਰੀਆਂ ਨਾਲ ਸਥਾਨਕ ਲੋਕਾਂ 'ਚ ਚਿੰਤਾ ਅਤੇ ਅਨਿਸ਼ਚਿਤਤਾ ਪੈਦਾ ਹੋ ਸਕਦੀ ਹੈ, ਖਾਸਕਰ ਜਦੋਂ ਪਰਿਵਾਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰ ਨਿਰਦੋਸ਼ ਹਨ। ਡੀਜੀਪੀ ਗੌਰਵ ਯਾਦਵ ਅਤੇ ਹਰਿਆਣਾ ਦੇ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਪਾਰਦਰਸ਼ੀ ਅਤੇ ਵਿਆਪਕ ਹੈ, ਜਿਸ ਨਾਲ ਹੋਰ ਮਹੱਤਵਪੂਰਨ ਖੁਲਾਸੇ ਸੰਭਵ ਹਨ।