ਦੁਨੀਆ ’ਤੇ ਮੰਡਰਾਅ ਰਿਹਾ ਹੈ ਪਰਮਾਣੂ ਜੰਗ ਦਾ ਖ਼ਤਰਾ

ਦੁਨੀਆ ’ਤੇ ਮੰਡਰਾਅ ਰਿਹਾ ਹੈ ਪਰਮਾਣੂ ਜੰਗ ਦਾ ਖ਼ਤਰਾ

ਵਿਸ਼ਵ ਦੀਆਂ ਮਹਾਂਸ਼ਕਤੀਆਂ ਵਿਚਕਾਰ ਅੰਦਰੂਨੀ ਟਕਰਾਅ, ਵਿਰੋਧਤਾਈਆਂ ਅਤੇ ਸ਼ਕਤੀ ਪ੍ਰਦਰਸ਼ਨ ਕਾਰਨ, ਦੁਨੀਆ ਪਰਮਾਣੂ ਜੰਗ ਦੇ ਕੰਢੇ ’ਤੇ ਖੜ੍ਹੀ ਹੈ।

1945 ਵਿੱਚ ਜਾਪਾਨ ਉੱਤੇ ਪਰਮਾਣੂ ਬੰਬ ਸੁੱਟੇ ਜਾਣ ਤੋਂ  ਬਾਅਦ, ਦੁਨੀਆ ਇੱਕ ਵਾਰ ਫਿਰ ਪਰਮਾਣੂ ਬੰਬਾਂ ਦੇ ਸੰਕਟ ਨਾਲ ਜੂਝ ਰਹੀ ਹੈ। ਪਿਛਲੇ ਦਿਨਾਂ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਵਰਗਾ ਮਾਹੌਲ ਰਿਹਾ ਅਤੇ ਦੋਵਾਂ ਦੇਸ਼ਾਂ ਵੱਲੋਂ ਇੱਕ ਦੂਜੇ ’ਤੇ ਡਰੋਨ ਅਤੇ ਮਿਜ਼ਾਇਲ ਹਮਲੇ ਕੀਤੇ ਗਏ। ਇਸੇ ਦੌਰਾਨ ਪਾਕਿਸਤਾਨ ਵੱਲੋਂ ਭਾਰਤ ਵਿਰੁੱਧ ਆਪਣੇ ਪਰਮਾਣੂ ਹਥਿਆਰ ਵਰਤਣ ਦੀ ਵੀ ਧਮਕੀ ਦੇ ਦਿੱਤੀ ਗਈ। ਦੂਜੇ ਪਾਸੇ ਭਾਰਤ ਕੋਲ ਵੀ ਪਰਮਾਣੂ ਹਥਿਆਰ ਹਨ। ਜਿਸ ਕਰਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ੁਰੂ ਹੋਇਆ ਸੰਘਰਸ਼ ਪਰਮਾਣੂ ਜੰਗ ਵਿੱਚ ਬਦਲਣ ਦੇ ਆਸਾਰ ਬਣਦੇ ਜਾ ਰਹੇ ਸਨ ਕਿ ਚੰਗੇ ਭਾਗੀਂ ਦੋਵੇਂ ਦੇਸ਼ਾਂ ਵਿਚਾਲੇ ਜੰਗਬੰਦੀ ਹੋ ਗਈ। ਜਿਸ ਕਰਕੇ ਦੁਨੀਆ ਤੋਂ ਇੱਕ ਵਾਰ ਤਾਂ ਪਰਮਾਣੂ ਜੰਗ ਦਾ ਖ਼ਤਰਾ ਟਲ ਗਿਆ ਪਰ ਪੂਰੀ ਦੁਨੀਆਂ ’ਤੇ ਪਰਮਾਣੂ ਜੰਗ ਦਾ ਵੱਡਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ ਕਿਉਂਕਿ ਰੂਸ ਅਤੇ ਯੂੁਕ੍ਰੇਨ ਵਿਚਾਲੇ ਜੰਗ ਅਜੇ ਜਾਰੀ ਹੈ ਅਤੇ ਰੂਸ ਪਰਮਾਣੂ ਹਥਿਆਰ ਸੰਪੰਨ ਦੇਸ਼ ਹੈ, ਜਦੋਂ ਕਿ ਯੂਕ੍ਰੇਨ ਦੀ ਸਹਾਇਤਾ ਕਰ ਰਹੇ ਯੂਰੋਪੀਅਨ ਦੇਸ਼ਾਂ ਕੋਲ ਵੀ ਪਰਮਾਣੂ ਹਥਿਆਰ ਹਨ। ਇਸ ਕਰਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰੂਸ ਅਤੇ ਯੂਕੇ੍ਰਨ ਵਿਚਾਲੇ ਚੱਲ ਰਿਹਾ ਸੰਘਰਸ਼ ਕਦੇ ਵੀ ਪਰਮਾਣੂ ਜੰਗ ਵਿੱਚ ਬਦਲ ਸਕਦਾ ਹੈ।  
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ  ਦੇ ਅਨੁਸਾਰ, ਭਾਰਤ ਕੋਲ 180 ਪਰਮਾਣੂ ਹਥਿਆਰ ਹਨ ਅਤੇ ਪਾਕਿਸਤਾਨ ਕੋਲ ਲਗਭਗ 170 ਪਰਮਾਣੂ ਹਥਿਆਰ ਹਨ। ਇਹ ਹਥਿਆਰ ਨਾ ਸਿਰਫ਼ ਦੋਵਾਂ ਦੇਸ਼ਾਂ ਵਿੱਚ ਸਗੋਂ ਦੁਨੀਆ ਦੇ ਇੱਕ ਵੱਡੇ ਹਿੱਸੇ ਵਿੱਚ ਤਬਾਹੀ ਮਚਾ ਸਕਦੇ ਹਨ। ਇੱਕ ਰਿਪੋਰਟ ਦੇ ਅਨੁਸਾਰ, ਜਨਵਰੀ 2024 ਤੱਕ, ਦੁਨੀਆ ਭਰ ਵਿੱਚ 12,121 ਪਰਮਾਣੂ ਹਥਿਆਰ ਸਨ। ਇਹਨਾਂ ਵਿੱਚੋਂ, 9,585 ਫ਼ੌਜੀ ਰਿਜ਼ਰਵ ਵਿੱਚ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ 3,904 ਸਰਗਰਮੀ ਨਾਲ ਤਾਇਨਾਤ ਸਨ। ਇਹ ਸਾਲ 2023 ਨਾਲੋਂ 60 ਗੁਣਾ ਵੱਧ ਹੈ। ਇਸ ਤਰ੍ਹਾਂ ਦੁਨੀਆ ਵਿੱਚ ਪਰਮਾਣੂ ਹਥਿਆਰਾਂ ਦੀ ਨਵੀਂ ਦੌੜ ਸ਼ੁਰੂ ਹੋ ਚੁੱਕੀ ਹੈ। ਹੁਣ ਜੇਕਰ ਕਿਤੇ ਵੀ ਪਰਮਾਣੂ ਜੰਗ ਹੁੰਦੀ ਹੈ ਤਾਂ ਨਾ ਤਾਂ ਕੋਈ ਜੇਤੂ ਹੋਵੇਗਾ ਅਤੇ ਨਾ ਹੀ ਹਾਰਿਆ ਹੋਇਆ ਦੇਸ਼। ਨਾ ਸਿਰਫ਼ ਪਰਮਾਣੂ ਬੰਬਾਂ ਦੀ ਵਰਤੋਂ ਕਰਨ ਵਾਲੇ ਦੇਸ਼ ਤਬਾਹ ਹੋਣਗੇ, ਸਗੋਂ ਗੁਆਂਢੀ ਦੇਸ਼ਾਂ ਵਿੱਚ ਵੀ ਭਾਰੀ ਤਬਾਹੀ ਹੋਵੇਗੀ। ਇੱਕ ਪਰਮਾਣੂ ਜੰਗ ਮਨੁੱਖਤਾ ਦੇ ਵਿਨਾਸ਼ ਦੀ ਜੰਗ ਹੋਵੇਗੀ। ਇਸ ਸਮੇਂ ਦੁਨੀਆ ਦੇ 9 ਦੇਸ਼ਾਂ ਕੋਲ ਸੋਲਾਂ ਹਜ਼ਾਰ ਤਿੰਨ ਸੌ ਪਰਮਾਣੂ ਅਤੇ ਹਾਈਡ੍ਰੋਜਨ ਬੰਬ ਹਨ, ਜੋ ਪੂਰੀ ਦੁਨੀਆ ਨੂੰ ਕਈ ਵਾਰ ਤਬਾਹ ਕਰਨ ਦੀ ਸਮਰੱਥਾ ਰੱਖਦੇ ਹਨ। ਭਾਵੇਂ ਧਰਤੀ ਨੂੰ ਪਰਮਾਣੂ ਬੰਬਾਂ ਦੀ ਵਰਤੋਂ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਹਮੇਸ਼ਾ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ ਇਨ੍ਹਾਂ ਦਿਨਾਂ ਵਿੱਚ ਇਨ੍ਹਾਂ ਬੰਬਾਂ ਦੇ ਫਟਣ ਦਾ ਖ਼ਤਰਾ ਫਿਰ ਤੋਂ ਮੰਡਰਾ ਰਿਹਾ ਹੈ। ਜੇਕਰ ਕਿਤੇ ਵੀ ਦੋ ਦੇਸ਼ਾਂ ਵਿਚਾਲੇ ਜੰਗ ਹੁੰਦੀ ਹੈ, ਤਾਂ ਪਰਮਾਣੂ ਬੰਬਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਜੋ ਤਬਾਹੀ ਹੋਵੇਗੀ, ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਰੂਸ ਪਰਮਾਣੂ ਬੰਬਾਂ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ। ਉਸਨੇ 1949 ਵਿੱਚ ਪਰਮਾਣੂ ਬੰਬ ਬਣਾਉਣ ਦੀ ਤਕਨੀਕ ਵਿਕਸਤ ਕੀਤੀ ਸੀ। ਰੂਸ ਕੋਲ ਇਸ ਸਮੇਂ ਅੱਠ ਹਜ਼ਾਰ ਪਰਮਾਣੂ ਬੰਬ ਤਿਆਰ ਹਨ, ਜਿਨ੍ਹਾਂ ਨੂੰ ਉਸਨੇ ਵੱਖ-ਵੱਖ ਥਾਂਵਾਂ ’ਤੇ ਸੁਰੱਖਿਅਤ ਢੰਗ ਨਾਲ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ, ਕੋਈ ਨਹੀਂ ਜਾਣਦਾ ਕਿ ਉਸ ਦੇ ਭੰਡਾਰ ਵਿੱਚ ਕਿੰਨੇ ਛੋਟੇ ਬੰਬ ਮੌਜੂਦ ਹਨ। ਜਦੋਂ ਕਿ ਅਮਰੀਕਾ ਨੇ ਰੂਸ ਤੋਂ ਚਾਰ ਸਾਲ ਪਹਿਲਾਂ ਯਾਨੀ 1945 ਵਿੱਚ ਹੀ ਪਰਮਾਣੂ ਬੰਬ ਵਿਕਸਤ ਕਰਨ ਦੀ ਸਮਰੱਥਾ ਵਿਕਸਤ ਕਰ ਲਈ ਸੀ। ਇਸ ਦੇ ਹਥਿਆਰਾਂ ਦੇ ਭੰਡਾਰ ਵਿੱਚ ਸੱਤ ਸੌ ਤੋਂ ਤਿੰਨ ਸੌ ਪਰਮਾਣੂ ਬੰਬ ਸਟੋਰ ਕੀਤੇ ਹੋਏ ਹਨ। ਚੀਨ ਤੀਜੇ ਨੰਬਰ ’ਤੇ ਹੈ। ਉਸ ਕੋਲ ਸਿਰਫ਼ ਢਾਈ ਸੌ ਪਰਮਾਣੂ ਬੰਬ ਹਨ। ਚੀਨ ਨੇ ਇਹ ਤਕਨਾਲੋਜੀ 1964 ਵਿੱਚ ਹਾਸਲ ਕੀਤੀ ਸੀ।
ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਜਿੱਥੇ ਇੱਕ ਪਾਸੇ ਦੁਨੀਆ ਵਿੱਚ ਇਨ੍ਹਾਂ ਵੱਡੇ ਬੰਬਾਂ ਦਾ ਵੱਡਾ ਭੰਡਾਰ ਹੈ, ਉੱਥੇ ਦੂਜੇ ਪਾਸੇ ਰੱਖਿਆ ਵਿਗਿਆਨੀਆਂ ਦੀ ਪਹਿਲਕਦਮੀ ’ਤੇ ਛੋਟੇ ਪੱਧਰ ਦੇ ਪਰਮਾਣੂ ਬੰਬ ਬਣਾਉਣ ਦੀ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦੁਨੀਆ ਦੇ ਵੱਡੇ ਦੇਸ਼ ਹੁਣ ਤੱਕ ਇਸ ਤੱਥ ਨੂੰ ਛੁਪਾਉਂਦੇ ਆ ਰਹੇ ਹਨ। ਪਰ ਹੁਣ ਸੱਚਾਈ ਸਾਹਮਣੇ ਆ ਗਈ ਹੈ ਕਿ ਕੁਝ ਦੇਸ਼ਾਂ ਕੋਲ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਛੋਟੇ ਪਰਮਾਣੂ ਬੰਬ ਹਨ ਜੋ ਛੋਟੇ ਖੇਤਰ ਵਿੱਚ ਭਾਰੀ ਤਬਾਹੀ ਮਚਾ ਸਕਦੇ ਹਨ। ਪਰਮਾਣੂ ਬੰਬਾਂ ਤੋਂ ਇਲਾਵਾ, ਰਸਾਇਣਿਕ ਅਤੇ ਬੈਕਟੀਰੀਆ ਫੈਲਾਉਣ ਵਾਲੇ ਬੰਬ ਵੀ ਸਰਬ ਉੱਚਤਾ ਦੀ ਜੰਗ ਦਾ ਕਾਰਨ ਬਣ ਗਏ ਹਨ। ਉੱਤਰੀ ਕੋਰੀਆ ਅਤੇ ਪਾਕਿਸਤਾਨ ਅਜਿਹੇ ਦੇਸ਼ ਬਣ ਗਏ ਹਨ ਜੋ ਕਿਸੇ ਵੀ ਸਮੇਂ ਵਿਸ਼ਵ ਸ਼ਾਂਤੀ ਲਈ ਖ਼ਤਰਾ ਪੈਦਾ ਕਰ ਸਕਦੇ ਹਨ।
ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਦੋ ਵਿਸ਼ਵ ਜੰਗਾਂ ਦਾ ਸਾਹਮਣਾ ਕਰ ਚੁੱਕੀ ਇਸ ਦੁਨੀਆ ਅੱਗੇ ਤੀਜੀ ਵਿਸ਼ਵ ਜੰਗ,ਜੋ ਕਿ ਪਰਮਾਣੂ ਜੰਗ ਹੀ ਹੋਵੇਗੀ, ਦਾ ਖ਼ਤਰਾ ਮੰਡਰਾਅ ਰਿਹਾ ਹੈ। ਮਨੁੱਖ ਵੱਲੋਂ ਬਣਾਏ ਪਰਮਾਣੂ ਬੰਬ ਕਿਸੇ ਵੀ ਸਮੇਂ ਮਨੁੱਖ ਦੀ ਹੀ ਤਬਾਹੀ ਦਾ ਕਾਰਨ ਬਣ ਸਕਦੇ ਹਨ। ਚਾਹੀਦਾ ਤਾਂ ਇਹ ਹੈ ਕਿ ਵਿਸ਼ਵ ਵਿਚੋਂ ਪਰਮਾਣੂ ਹਥਿਆਰਾਂ ਦੀ ਦੌੜ ਖ਼ਤਮ ਕੀਤੀ ਜਾਵੇ ਅਤੇ ਵਿਸ਼ਵ ਸ਼ਾਂਤੀ ਲਈ ਵੱਡੇ ਉਪਰਾਲੇ ਕੀਤੇ ਜਾਣ। ਵੱਖ- ਵੱਖ ਦੇਸ਼ਾਂ ਨੂੰ ਆਪਣੇ ਮਸਲੇ ਜੰਗ ਕਰਨ ਦੀ ਥਾਂ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਵੱਧ ਧਿਆਨ ਦੇਣਾ ਚਾਹੀਦਾ ਹੈ।

 

ਸੰਪਾਦਕੀ