ਸੁਤੰਤਰ ਭਾਰਦਵਾਜ: ਭੀੜਤੰਤਰ ਦਾ ਨਵਾਂ ਚਿਹਰਾ ਜਾਂ ਸੱਤਾ ਦਾ ਨਵਾਂ ਜੋੜੀਦਾਰ
ਪ੍ਰੋਫ਼ੈਸਰ ਅਪੂਰਵਾਨੰਦ
‘ਜੰਤਰ-ਮੰਤਰ’ ’ਤੇ ਪ੍ਰਦਰਸ਼ਨਕਾਰੀਆਂ ਉੱਤੇ ਹਮਲਾ ਕਰਨ ਦਾ ਦੋਸ਼ੀ ਸੁਤੰਤਰ ਭਾਰਦਵਾਜ ਹਿੰਦੂਤਵੀ ਰਾਜ ਅੰਦਰ ਆਪਣੀ ਪਹੁੰਚ ਅਤੇ ਦਬਦਬਾ ਨੂੰ ਲੈ ਕੇ ਐਨਾ ਬੇਫ਼ਿਕਰ ਸੀ ਕਿ ਉਸ ਨੇ ਸ਼ਰ੍ਹੇਆਮ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਦਿਖਾਈ ਕਿ ਉਸ ਨੇ ਹਿੰਸਾ ਕੀਤੀ ਹੈ ਅਤੇ ਇਸ ਦਾ ਨਤੀਜਾ ਕਤਲ ਵੀ ਹੋ ਸਕਦਾ ਸੀ।
ਸੁਤੰਤਰ ਭਾਰਦਵਾਜ ਅੱਜ ਦੇ ਭਾਰਤ ਵਿੱਚ ‘ਉੱਚ ਜਾਤੀ’ ਹਿੰਦੂਆਂ ਦਾ ਇੱਕ ਅਜਿਹਾ ਪ੍ਰਮੁੱਖ ਚਿਹਰਾ ਬਣ ਚੁੱਕਾ ਹੈ, ਜਿਸ ਨੂੰ ਮੌਜੂਦਾ ਸਰਕਾਰ ਆਪਣਾ ਸਭ ਤੋਂ ਭਰੋਸੇਮੰਦ ਸਾਥੀ ਮੰਨਦੀ ਹੈ।
ਜ਼ਰਾ ਉਹ ਨਾਅਰਾ ਚੇਤੇ ਕਰੋ: ‘ਦਿੱਲੀ ਪੁਲਿਸ ਲੱਠ ਚਲਾਓ, ਹਮ ਤੁਮ੍ਹਾਰੇ ਸਾਥ ਹੈਂ।’ ਇਹ ਨਾਅਰਾ 2020 ਵਿੱਚ ਸੁਤੰਤਰ ਭਾਰਦਵਾਜ ਵਰਗੇ ਹਿੰਦੂ ਨੌਜਵਾਨ ਲਗਾ ਰਹੇ ਸਨ, ਜਦੋਂ ਪੁਲਿਸ ਦੀ ਹਿੰਸਾ ਦਾ ਰੁਖ਼ ਮੁਸਲਮਾਨਾਂ ਵੱਲ ਸੀ। ਦਿੱਲੀ ਪੁਲਿਸ ਨੇ ਕਦੇ ਵੀ ਇਸ ਨਾਅਰੇ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਕਦੇ ਇਹ ਸਾਫ਼ ਕੀਤਾ ਕਿ ਉਹ ਇਨ੍ਹਾਂ ਗੁੰਡਿਆਂ ਦੀ ਸ਼ਹਿ ’ਤੇ ਡਾਂਗਾਂ ਨਹੀਂ ਚਲਾ ਰਹੀ। ਸਗੋਂ ਸ਼ਾਇਦ ਉਸ ਨੇ ਅਜਿਹੇ ਨਾਅਰਿਆਂ ਨੂੰ ਆਪਣੇ ਕੰਮ ਦੀ ਤਾਰੀਫ਼ ਅਤੇ ਥਾਪੜੇ ਵਜੋਂ ਲਿਆ। ਇਸ ਨਾਲ ਮੁਸਲਮਾਨਾਂ ਖ਼ਿਲਾਫ਼ ਪੁਲਿਸ ਦਾ ਰਵੱਈਆ ਹੋਰ ਸਖ਼ਤ ਹੋ ਗਿਆ, ਕਿਉਂਕਿ ਸਮਾਜ ਦਾ ਇੱਕ ਤਬਕਾ ਇਹ ਕਹਿ ਕੇ ਉਹਨਾਂ ਦੀ ਪਿੱਠ ਥਾਪੜ ਰਿਹਾ ਸੀ ਕਿ ਪੁਲਿਸ ਉਹਨਾਂ ਵੱਲੋਂ ਇਹ ਹਿੰਸਾ ਕਰ ਰਹੀ ਹੈ।
ਪੁਲਿਸ ਅਤੇ ਸੁਤੰਤਰ ਭਾਰਦਵਾਜ ਵਰਗੇ ਲੱਠਮਾਰਾਂ ਦਾ ਗੱਠਜੋੜ 5 ਜਨਵਰੀ 2020 ਨੂੰ ਸਾਫ਼ ਦਿਖਾਈ ਦਿੱਤਾ ਸੀ, ਜਦੋਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਅੰਦਰ ਘੰਟਿਆਂ ਬੱਧੀ ਗੁੰਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੁੱਟਦੇ ਰਹੇ ਤੇ ਪੁਲਿਸ ਤਮਾਸ਼ਬੀਨ ਬਣ ਕੇ ਖੜ੍ਹੀ ਰਹੀ। ਸਾਰਾ ਕੁਝ ਕੈਮਰਿਆਂ ਵਿੱਚ ਰਿਕਾਰਡ ਹੋਇਆ। ਉਹ ਗੁੰਡੇ ਪੁਲਿਸ ਦੀ ਦੇਖ-ਰੇਖ ਵਿੱਚ ਅੰਦਰ ਵੜੇ ਅਤੇ ਆਰਾਮ ਨਾਲ ਡਾਂਗਾਂ ਚਲਾਉਂਦੇ ਰਹੇ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਾ ਕੀਤੀ। ਫ਼ਿਰ ਉਹ ਆਪਣਾ ਕੰਮ ਨਿਬੇੜ ਕੇ ਬਾਹਰ ਨਿਕਲੇ ਅਤੇ ਪੁਲਿਸ ਦੇ ਕੋਲ ਹੀ ਖੜ੍ਹੇ ਰਹੇ। ਹਮਲਾਵਰਾਂ ਦੇ ਚਿਹਰੇ ਬਿਲਕੁਲ ਸਾਫ਼ ਦਿਖ ਰਹੇ ਸਨ, ਪਰ ਅੱਜ 6 ਸਾਲ ਲੰਘ ਜਾਣ ਮਗਰੋਂ ਵੀ ਦਿੱਲੀ ਪੁਲਿਸ ਉਨ੍ਹਾਂ ਨੂੰ ਫ਼ੜ ਨਹੀਂ ਸਕੀ। ਸੱਚ ਤਾਂ ਇਹ ਹੈ ਕਿ ਪੁਲਿਸ ਦੀ ਉਨ੍ਹਾਂ ਨੂੰ ਫ਼ੜਨ ਵਿੱਚ ਕੋਈ ਦਿਲਚਸਪੀ ਹੀ ਨਹੀਂ ਹੈ। ਪੁਲਿਸ ਨੂੰ ਲੱਗਦਾ ਹੀ ਨਹੀਂ ਕਿ ਇਨ੍ਹਾਂ ਗੁੰਡਿਆਂ ਨੇ ਕੁਝ ਗ਼ਲਤ ਕੀਤਾ ਸੀ। ਕੀ ਪੁਲਿਸ ਇਹੋ ਨਾਅਰਾ ਲਾਉਣਾ ਚਾਹੁੰਦੀ ਸੀ: ‘ਗੁੰਡਿਓ, ਤੁਸੀਂ ਲੱਠ ਚਲਾਓ, ਅਸੀਂ ਤੁਹਾਡੇ ਨਾਲ ਹਾਂ’?
ਫ਼ਿਰ ਉਹ ਲੱਠ, ਜੋ ਪਹਿਲਾਂ ਪੁਲਿਸ ਚਲਾ ਰਹੀ ਸੀ, ਸੁਤੰਤਰ ਭਾਰਦਵਾਜ ਦੇ ਹੱਥ ਆ ਗਈ। ਪੁਲਿਸ ਦੇ ਬੂਟ ਵੀ ਉਸ ਦੇ ਪੈਰਾਂ ਵਿੱਚ ਆ ਗਏ। ਹੁਣ ਉਹ ਪੁਲਿਸ ਦੀ ਤਰਫ਼ੋਂ ਡਾਂਗਾਂ ਚਲਾ ਰਿਹਾ ਸੀ। ਪਰ ਇਸ ਵਾਰ ਉਸ ਦੇ ਨਿਸ਼ਾਨੇ ’ਤੇ ਮੁਸਲਮਾਨ ਨਹੀਂ, ਸਗੋਂ ਸਰਕਾਰ ਦਾ ਵਿਰੋਧ ਕਰ ਰਹੇ ਨੌਜਵਾਨ ਸਨ; ਸੁਤੰਤਰ ਭਾਰਦਵਾਜ ਹੁਣ ਮੋਦੀ ਸਰਕਾਰ ਵੱਲੋਂ ਉਨ੍ਹਾਂ ਦੇ ਵਿਰੋਧੀਆਂ ’ਤੇ ਡਾਂਗਾਂ ਵਰ੍ਹਾ ਰਿਹਾ ਸੀ।
ਉਸ ਦੇ ਪਿਛੋਕੜ ਨੂੰ ਦੇਖਦੇ ਹੋਏ ਉਸ ਨੂੰ ਇਹ ਗ਼ਲਤ ਨਹੀਂ ਲੱਗਿਆ ਕਿ ਉਹ ਜੋ ਕਰ ਰਿਹਾ ਸੀ, ਉਸ ਨੂੰ ਖੁੱਲ੍ਹ ਕੇ ਜੱਗ-ਜ਼ਾਹਿਰ ਵੀ ਕਰੇ। ਆਖ਼ਰਕਾਰ, ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਚਹੇਤੇ ਨੌਜਵਾਨਾਂ ਵਿੱਚੋਂ ਇੱਕ ਸੀ।
ਉਸ ਦੀਆਂ ਤਸਵੀਰਾਂ ਭਾਰਤੀ ਜਨਤਾ ਪਾਰਟੀ ਦੇ ਵੱਡੇ-ਵੱਡੇ ਆਗੂਆਂ ਨਾਲ ਹਨ। ਉਹ ਇਹ ਕਹਿ ਸਕਦੇ ਹਨ ਕਿ ਜ਼ਰੂਰੀ ਨਹੀਂ ਕਿ ਫ਼ੋਟੋ ਖਿਚਵਾਉਣ ਵਾਲੇ ਹਰ ਬੰਦੇ ਨੂੰ ਉਹ ਜਾਣਦੇ ਹੋਣ। ਪਰ ਉਹ ਸਾਨੂੰ ਸਬੂਤ ਦਿੰਦਾ ਹੈ ਕਿ ਉਸ ਨੂੰ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸੱਦਿਆ ਗਿਆ ਸੀ। ਐਨਾ ਹੀ ਨਹੀਂ, ਰੱਖਿਆ ਮੰਤਰਾਲੇ ਦੇ ਪ੍ਰੋਗਰਾਮਾਂ ਵਿੱਚ ਵੀ ਉਸ ਨੂੰ ਸੱਦਾ ਪੱਤਰ ਮਿਲਿਆ ਹੋਇਆ ਸੀ। ਇਸ ਦਾ ਸਾਫ਼ ਮਤਲਬ ਇਹੀ ਹੈ ਕਿ ਸੁਤੰਤਰ ਭਾਰਦਵਾਜ ਨੇ ਸਰਕਾਰੀ ਤੰਤਰ ਦੇ ਅੰਦਰ ਤੱਕ ਆਪਣਾ ਦਬਦਬਾ ਬਣਾ ਲਿਆ ਸੀ।
ਸੁਤੰਤਰ ਭਾਰਦਵਾਜ ਹਿੰਦੂਤਵੀ ਨਿਜ਼ਾਮ ਅੰਦਰ ਆਪਣੀ ਸਥਿਤੀ ਨੂੰ ਲੈ ਕੇ ਐਨਾ ਬੇਫ਼ਿਕਰ ਸੀ ਕਿ ਉਸ ਨੇ ਸ਼ਰ੍ਹੇਆਮ ਇਹ ਮੰਨ ਲਿਆ ਕਿ ਉਸ ਨੇ ਹਿੰਸਾ ਕੀਤੀ ਹੈ ਅਤੇ ਇਸ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਪਰ ਐਨਾ ਵੱਡਾ ਜੁਰਮ ਕਬੂਲਣ ਤੋਂ ਬਾਅਦ ਵੀ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਕਿਉਂਕਿ ਉਹ ਨਾ ਸਿਰਫ਼ ਚਿਰਾਗ ਪਾਸਵਾਨ ਅਤੇ ਕਪਿਲ ਮਿਸ਼ਰਾ ਵਰਗੇ ਆਗੂਆਂ ਦਾ ਬੰਦਾ ਹੈ, ਸਗੋਂ ਬਿਨਾਂ ਕਿਸੇ ਇਮਤਿਹਾਨ ਦੇ ਉਹ ਪੁਲਿਸ ਦਾ ਆਪਣਾ ਆਦਮੀ ਵੀ ਬਣ ਚੁੱਕਾ ਹੈ।
ਚਿਰਾਗ ਪਾਸਵਾਨ ਨੂੰ ਫ਼ੌਰਨ ਆਪਣੇ ਆਪ ਨੂੰ ਉਸ ਤੋਂ ਵੱਖ ਕਰਨਾ ਪਿਆ, ਕਿਉਂਕਿ ਉਸ ਨੇ ਜਿਨ੍ਹਾਂ ਪ੍ਰਦਰਸ਼ਨਕਾਰੀਆਂ ’ਤੇ ਹਮਲਾ ਕੀਤਾ ਸੀ, ਉਹ ਦਲਿਤ ਸਨ। ਚਿਰਾਗ ਲਈ ਇਹ ਗੱਲ ਬਹੁਤ ਨੁਕਸਾਨਦੇਹ ਹੋ ਸਕਦੀ ਸੀ ਕਿ ਦਲਿਤਾਂ ਨੂੰ ਲੱਗੇ ਕਿ ਕੋਈ ਦਲਿਤ-ਵਿਰੋਧੀ ਗੁੰਡਾ ਉਨ੍ਹਾਂ ਦੇ ਨੇੜੇ ਹੈ। ਪਰ ਹੁਣ ਤੱਕ ਨਾ ਤਾਂ ਕਪਿਲ ਮਿਸ਼ਰਾ, ਨਾ ਮਨੋਜ ਤਿਵਾੜੀ ਅਤੇ ਨਾ ਹੀ ਭਾਜਪਾ ਨੇ ਖ਼ੁਦ ਨੂੰ ਸੁਤੰਤਰ ਭਾਰਦਵਾਜ ਤੋਂ ਅਲੱਗ ਕਰਨ ਦੀ ਲੋੜ ਸਮਝੀ ਹੈ। ਹਰ ਨਿੱਕੀ-ਮੋਟੀ ਗੱਲ ’ਤੇ ਫ਼ੌਰਨ ਟਵੀਟ ਕਰਨ ਵਾਲੀ ਪਾਰਟੀ ਨੇ ਉਸ ਦੇ ਬਿਆਨ ਦੀ ਨਿੰਦਾ ਤੱਕ ਨਹੀਂ ਕੀਤੀ। ਜਿਸ ਮੁੱਦੇ ’ਤੇ ਪੂਰੇ ਮੁਲਕ ਵਿੱਚ ਰੌਲਾ ਪਿਆ ਹੋਇਆ ਹੈ, ਉਸ ’ਤੇ ਉਹ ਚੁੱਪ ਵੱਟੀ ਬੈਠੀ ਹੈ। ਇਹ ਖ਼ਾਮੋਸ਼ੀ ਅਸਲ ਵਿੱਚ ਸੁਤੰਤਰ ਭਾਰਦਵਾਜ ਦੀ ਹਮਾਇਤ ਦਾ ਹੀ ਸਬੂਤ ਹੈ।
ਜੇਕਰ ਭਾਜਪਾ ਨੂੰ ਏਨੇ ਚਿਰ ਬਾਅਦ ਕਦੇ ਉਸ ਦੀ ਨਿੰਦਾ ਕਰਨੀ ਵੀ ਪਈ, ਤਾਂ ਉਸ ਦਾ ਮਤਲਬ ਇਹੋ ਹੋਵੇਗਾ ਕਿ ਉਹ ਅੰਦਰੋਂ ਅਜਿਹਾ ਕਰਨਾ ਨਹੀਂ ਚਾਹੁੰਦੀ ਸੀ, ਪਰ ਹਿੰਦੂਤਵ ਦੇ ਵਿਰੋਧੀ ਅਜੇ ਵੀ ਐਨੇ ਮਜ਼ਬੂਤ ਹਨ ਕਿ ਮਜਬੂਰੀ ਵੱਸ ਅਜਿਹਾ ਕਰਨਾ ਪਿਆ। ਇਸ ਦਾ ਅਸਿੱਧਾ ਮਤਲਬ ਇਹ ਹੋਵੇਗਾ ਕਿ ਸੁਤੰਤਰ ਭਾਰਦਵਾਜ ਦਾ ਰਾਹ ਗ਼ਲਤ ਨਹੀਂ ਹੈ, ਬੱਸ ਲੋੜ ਅਜਿਹੇ ਲੋਕਾਂ ਲਈ ਇੱਕ ਸੁਰੱਖਿਅਤ ਮਾਹੌਲ ਤਿਆਰ ਕਰਨ ਦੀ ਹੈ। ਇਹ ਤਾਂ ਹੀ ਮੁਮਕਿਨ ਹੋ ਸਕਦਾ ਹੈ ਜਦੋਂ ਭਾਜਪਾ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਪੂਰੀ ਸੱਤਾ ਮਿਲ ਜਾਵੇ ਅਤੇ ਉਸ ਦੇ ਰਾਹ ਵਿੱਚੋਂ ‘ਦਿਮਾਗ਼ੀ ਨਕਸਲੀ’ ਕੰਡੇ ਹਟਾ ਦਿੱਤੇ ਜਾਣ। ਤਦ ਸੁਤੰਤਰ ਵਰਗੇ ਭਾਜਪਾ ਦੇ ਅਸਲ ਯਾਰਾਂ-ਦੋਸਤਾਂ ਨੂੰ ਕੋਈ ਖ਼ਤਰਾ ਨਹੀਂ ਰਹੇਗਾ।
ਪੱਤਰਕਾਰਾਂ ਨੇ ਇਹ ਸਾਫ਼ ਦਿਖਾਇਆ ਹੈ ਕਿ ਸੁਤੰਤਰ ਭਾਰਦਵਾਜ ਕੋਈ ਇਕੱਲਾ ਅਜਿਹਾ ਬੰਦਾ ਨਹੀਂ ਹੈ। ਉਸ ਤੋਂ ਪਹਿਲਾਂ ਦਕਸ਼ ਚੌਧਰੀ, ਪਿੰਕੀ ਚੌਧਰੀ, ਮੋਨੂ ਮਾਨੇਸਰ ਅਤੇ ਰਿਧੀਮਾ ਸ਼ਰਮਾ ਵਰਗੇ ਗੁੰਡੇ ਸ਼ਰ੍ਹੇਆਮ ਹਿੰਸਾ ਕਰਦੇ ਹੋਏ ਖ਼ੁਦ ਵੀਡੀਓ ਬਣਾਉਂਦੇ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਹਮੇਸ਼ਾ ਮੁਸਲਮਾਨ ਜਾਂ ਈਸਾਈ ਹੁੰਦੇ ਹਨ, ਅਤੇ ਕਈ ਵਾਰ ਉਹ ਹਿੰਦੂ ਵੀ ਜਿਨ੍ਹਾਂ ਨੂੰ ਭਾਜਪਾ ਤੇ ਨਰਿੰਦਰ ਮੋਦੀ ‘ਅਰਬਨ ਨਕਸਲ’ ਜਾਂ ‘ਦਿਮਾਗ਼ੀ ਨਕਸਲੀ’ ਕਹਿੰਦੇ ਹਨ। ਇਨ੍ਹਾਂ ਗੁੰਡਿਆਂ ਵਿੱਚੋਂ ਬਹੁਤੇ ‘ਉੱਚ ਜਾਤੀ’ ਹਿੰਦੂ ਹੁੰਦੇ ਹਨ। ਇਨ੍ਹਾਂ ਦਾ ਹੌਸਲਾ ਵੱਖਰੀ ਕਿਸਮ ਦਾ ਹੈ, ਕਿਉਂਕਿ ਪੀੜ੍ਹੀਆਂ ਤੋਂ ਦਲਿਤਾਂ ਨੂੰ ਗਾਲ੍ਹਾਂ ਕੱਢਣ ਅਤੇ ਉਨ੍ਹਾਂ ’ਤੇ ਤਸ਼ੱਦਦ ਢਾਹੁਣ ਦੀ ਇਨ੍ਹਾਂ ਨੂੰ ਪੂਰੀ ਖੁੱਲ੍ਹ ਰਹੀ ਹੈ। ਸੰਵਿਧਾਨ ਨੇ ਹੁਣ ਉਸ ਹਿੰਸਾ ਨੂੰ, ਜਿਸ ਨੂੰ ਉਹ ਕਦੇ ਆਪਣਾ ਜੱਦੀ ਹੱਕ ਸਮਝਦੇ ਸਨ, ਜੁਰਮ ਕਰਾਰ ਦੇ ਦਿੱਤਾ ਹੈ।
ਅੱਜ ‘ਉੱਚ ਜਾਤੀ’ ਦੀ ਇਹ ਨਵੀਂ ਪੀੜ੍ਹੀ ਹਿੰਸਾ ਦਾ ਉਹੀ ਪੁਰਾਣਾ ਰਵਾਇਤੀ ਹੱਕ ਮੁੜ ਮੰਗ ਰਹੀ ਹੈ। ਇਹ ਗੱਲ ਭਾਰਤੀ ਜਨਤਾ ਪਾਰਟੀ ਨੂੰ ਬੜੀ ਰਾਸ ਆਉਂਦੀ ਹੈ, ਇਸੇ ਕਰਕੇ ਉਸ ਨੇ ਜੰਤਰ-ਮੰਤਰ ’ਤੇ ਰਾਖਵਾਂਕਰਨ ਵਿਰੋਧੀ ਧਰਨੇ ’ਤੇ ਵੀ ਚੁੱਪ ਵੱਟੀ ਹੋਈ ਹੈ।
ਭਾਜਪਾ ਅਤੇ ਸੁਤੰਤਰ ਭਾਰਦਵਾਜ ਦਾ ਗੱਠਜੋੜ ਦੇਸ਼ ਲਈ ਖ਼ਤਰਨਾਕ ਤਾਂ ਹੈ ਹੀ, ਪਰ ਇਹ ਸੁਭਾਵਿਕ ਵੀ ਹੈ। ਮੁਲਕ ਲਈ ਅਸਲ ਖ਼ਤਰਾ ਭਾਰਤੀ ਸਰਕਾਰੀ ਤੰਤਰ ਨਾਲ ਉਸ ਦਾ ਜੁੜ ਜਾਣਾ ਹੈ। ਇਸ ਲਈ ਜਿੰਨੀ ਭਾਜਪਾ ਜ਼ਿੰਮੇਵਾਰ ਹੈ, ਉਨਾ ਹੀ ਦੇਸ਼ ਦਾ ਪੁਲਿਸ ਅਤੇ ਪ੍ਰਸ਼ਾਸਨਿਕ ਢਾਂਚਾ ਵੀ ਦੋਸ਼ੀ ਹੈ। ਰਾਜ ਦੇ ਇਸ ਗੁੰਡਾਗਰਦੀ ਵੱਲ ਵਧ ਰਹੇ ਕਦਮ ਨੂੰ ਰੋਕਣਾ ਅੱਜ ਸਭ ਤੋਂ ਜ਼ਰੂਰੀ ਲੋੜ ਹੈ।











Comments (0)