ਰਾਜਧਾਨੀ ‘ਦਿੱਲੀ’ ਵਿੱਚ ਗੂੰਜੀ ਹਜ਼ਾਰਾਂ ਨੌਜਵਾਨ ਦੀ ਆਵਾਜ਼

ਰਾਜਧਾਨੀ ‘ਦਿੱਲੀ’ ਵਿੱਚ ਗੂੰਜੀ ਹਜ਼ਾਰਾਂ ਨੌਜਵਾਨ ਦੀ ਆਵਾਜ਼

ਨਵੀਂ ਦਿੱਲੀ/ਏ.ਟੀ.ਨਿਊਜ਼: ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ ‘ਕਾਕਰੋਚ ਜਨਤਾ ਪਾਰਟੀ’  ਦੇ ਸੰਸਦ ਮਾਰਚ ਦੌਰਾਨ ਨਵੀਂ ਦਿੱਲੀ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਕੇਂਦਰੀ ਮੰਤਰੀ ਜੇ.ਪੀ. ਨੱਢਾ ਨਾਲ ਹੋਈ ਬੈਠਕ ਦੇ ਬਾਵਜੂਦ ਸੀ.ਜੇ.ਪੀ. ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਧਰਨਾ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ।
ਕੇਂਦਰੀ ਦਿੱਲੀ ’ਚ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਦਿੱਲੀ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਇਸ ਭੜਕੀ ਹਿੰਸਾ ਅਤੇ ਭੰਨਤੋੜ ’ਚ ਵੱਡੀ ਗਿਣਤੀ ’ਚ ਪੁਲਿਸ ਕਰਮੀ ਅਤੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ, ਜਦਕਿ ਪੁਲਿਸ ਨੇ ਲਗਭਗ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸਾਲ 2019 ਦੇ ਨਾਗਰਿਕਤਾ ਸੋਧ ਕਾਨੂੰਨ  ਵਿਰੋਧੀ ਅੰਦੋਲਨ ਦੀ ਯਾਦ ਦਿਵਾਉਾਂਦੇਇਸ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਨੇ 20 ਜੂਨ ਤੋਂ ਚੱਲ ਰਹੇ ਧਰਨੇ ਤੋਂ ਬਾਅਦ ਪਹਿਲੀ ਵਾਰ ਸੀ.ਜੇ.ਪੀ. ਆਗੂਆਂ ਨਾਲ ਰਸਮੀ ਗੱਲਬਾਤ ਕੀਤੀ।
ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਸੀ.ਜੇ.ਪੀ. ਦੇ ਨੁਮਾਇੰਦਿਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਸਿੱਖਿਆ ਮੰਤਰੀ ਦੀ ਬਰਖ਼ਾਸਤਗੀ ਸਮੇਤ ਆਪਣੀਆਂ ਹੋਰ ਪ੍ਰਮੁੱਖ ਮੰਗਾਂ ਦਾ ਮੰਗ-ਪੱਤਰ ਨੱਢਾ ਨੂੰ ਸੌਂਪਿਆ। ਸਰਕਾਰ ਨੇ ਮੰਗ-ਪੱਤਰ ’ਤੇ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਧਰਨਾ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਹਸਪਤਾਲ ’ਚ ਜ਼ੇਰੇ-ਇਲਾਜ ਜਾਣੇ-ਪਛਾਣੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨੌਜਵਾਨ ਆਗੂਆਂ ਨੂੰ ਸੰਸਦ ’ਚ ਮੈਂਬਰ ਪਾਰਲੀਮੈਂਟ ਨਾਲ ਮਿਲਣ ਦੀ ਇਜਾਜ਼ਤ ਨਹੀਂ ਮਿਲਦੀ ਜਾਂ ਸੰਸਦ ਮੈਂਬਰ ਹਸਪਤਾਲ ਆ ਕੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰਦੇ।
ਵਾਂਗਚੁਕ ਦੀ ਭੁੱਖ ਹੜਤਾਲ ਮੰਗਲਵਾਰ ਨੂੰ 24ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਸ ਦੌਰਾਨ ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦੀਪਕੇ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਸੀ, ਨੇ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਹੈ। ਦਿੱਲੀ ਦੇ ਜੰਤਰ-ਮੰਤਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਬਲ ਤਾਇਨਾਤ ਹਨ ਅਤੇ ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਚੌਕਸੀ ਵਧਾ ਦਿੱਤੀ ਗਈ ਹੈ।


ਨੀਟ-ਯੂ.ਜੀ. ਪੇਪਰ ਲੀਕ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਮੋਦੀ
ਨਵੀਂ ਦਿੱਲੀ/ਏ.ਟੀ.ਨਿਊਜ਼: ਰਾਜਧਾਨੀ ਵਿੱਚ ਬੀਤੇ ਦਿਨ ਸੀ.ਜੇ.ਪੀ.  ਵੱਲੋਂ ਕੀਤੇ ਗਏ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ, ਐੱਨ.ਡੀ.ਏ. ਸੰਸਦੀ ਪਾਰਟੀ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਟ-ਯੂ.ਜੀ. ਪੇਪਰ ਲੀਕ ਮਾਮਲੇ ’ਤੇ ਆਪਣਾ ਸਪੱਸ਼ਟ ਰੁਖ਼ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਇਹ ਕਿਸੇ ਇੱਕ ਪਾਰਟੀ ਦਾ ਸਿਆਸੀ ਮੁੱਦਾ ਨਹੀਂ ਹੈ, ਬਲਕਿ ਦੇਸ਼ ਦੇ ਭਵਿੱਖ ਨਾਲ ਜੁੜਿਆ ਮਾਮਲਾ ਹੈ, ਜਿਸ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਬੈਠਕ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਪੇਪਰ ਲੀਕ ਰੋਕਣ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਅਪੀਲ ਕੀਤੀ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਦੇਸ਼ ਦੇ ਚੋਟੀ ਦੇ ਵਕੀਲਾਂ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਜੋ ਅਦਾਲਤ ਵਿੱਚ ਸਰਕਾਰੀ ਪੱਖ ਪੂਰੀ ਮਜ਼ਬੂਤੀ ਨਾਲ ਰੱਖਿਆ ਜਾ ਸਕੇ। ਰਿਜਿਜੂ ਮੁਤਾਬਕ, “ਪ੍ਰਧਾਨ ਮੰਤਰੀ ਨੇ ਕਿਹਾ ਕਿ ਲੀਕ ਦੀ ਖ਼ਬਰ ਆਉਂਦਿਆਂ ਹੀ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ 13 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ। ਵਿਦਿਆਰਥੀਆਂ ਦੇ ਭਵਿੱਖ ਦਾ ਨੁਕਸਾਨ ਬਚਾਉਣ ਲਈ ਨੀਟ ਦੀ ਮੁੜ-ਪ੍ਰੀਖਿਆ  ਨੂੰ ਪਹਿਲ ਦਿੱਤੀ ਗਈ, ਜਿਸ ਨੂੰ ਸਫ਼ਲਤਾਪੂਰਵਕ ਕਰਵਾ ਕੇ ਨਤੀਜੇ ਵੀ ਬਿਨਾਂ ਦੇਰੀ ਐਲਾਨੇ ਗਏ।” ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਕਦੇ ਨਹੀਂ ਵਾਪਰਨੀ ਚਾਹੀਦੀ।

 ਦਿੱਲੀ ਪੁਲਿਸ ਵੱਲੋਂ 5 ਮਾਮਲੇ ਦਰਜ, 118 ਪੁਲਿਸ ਕਰਮੀ ਜ਼ਖ਼ਮੀ

ਨਵੀਂ ਦਿੱਲੀ ਖੇਤਰ ਵਿੱਚ ਕਾਕਰੋਚ ਪਾਰਟੀ ਵੱਲੋਂ ਕੀਤੇ ਗਏ ਹਿੰਸਕ ਪ੍ਰਦਰਸ਼ਨ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਘੱਟੋ-ਘੱਟ ਪੰਜ ਐੱਫ.ਆਈ.ਆਰ.  ਦਰਜ ਕੀਤੀਆਂ ਹਨ। ਇਸ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਮਹਿਲਾ ਪੁਲਿਸ ਕਰਮਚਾਰੀਆਂ ਸਮੇਤ ਕੁੱਲ 118 ਪੁਲੀਸ ਕਰਮੀ ਜ਼ਖ਼ਮੀ ਹੋ ਗਏ ਹਨ। ਇਹ ਮਾਮਲੇ ਕਨੌਟ ਪਲੇਸ, ਪਾਰਲੀਮੈਂਟ ਸਟ੍ਰੀਟ ਅਤੇ ਹੋਰ ਸਬੰਧਤ ਪੁਲਿਸ ਥਾਣਿਆਂ ਵਿੱਚ ਦਰਜ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਹੋਰ ਐੱਫ.ਆਈ.ਆਰ. ਵੀ ਦਰਜ ਕੀਤੀਆਂ ਜਾ ਸਕਦੀਆਂ ਹਨ। ਫਿਲਹਾਲ ਘਟਨਾ ਵਾਲੀ ਥਾਂ ਦੇ ਸੀ.ਸੀ.ਟੀ.ਵੀ. ਫੁੱਟੇਜ ਅਤੇ ਵੀਡੀਓਜ਼ ਦੀ ਮਦਦ ਨਾਲ ਹਿੰਸਾ ’ਚ ਸ਼ਾਮਲ ਸ਼ਰਾਰਤੀ ਅਨਸਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ, ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਬੇਹੱਦ ਹੁੱਲੜਬਾਜ਼ੀ, ਆਕਰਮਕ ਅਤੇ ਹਿੰਸਕ ਰਵੱਈਆ ਅਪਣਾਇਆ। ਪੁਲਿਸ ਵੱਲੋਂ ਵਾਰ-ਵਾਰ ਦਿੱਤੀਆਂ ਗਈਆਂ ਚਿਤਾਵਨੀਆਂ ਅਤੇ ਕਾਨੂੰਨੀ ਹਦਾਇਤਾਂ ਦੇ ਬਾਵਜੂਦ ਪ੍ਰਦਰਸ਼ਨਕਾਰੀ ਪਿੱਛੇ ਹਟਣ ਲਈ ਤਿਆਰ ਨਹੀਂ ਹੋਏ ਅਤੇ ਉਨ੍ਹਾਂ ਨੇ ਲਾਗੂ ਧਾਰਾ 144 ਅਤੇ ਹੋਰ ਰੋਕੂ ਹੁਕਮਾਂ ਦੀ ਸ਼ਰੇਆਮ ਉਲੰਘਣਾ ਕੀਤੀ।

ਦਿਪਕੇ ਨੇ ਜ਼ਖ਼ਮੀ ਵਿਦਿਆਰਥੀਆਂ ਤੋਂ ਮੰਗੀ ਮੁਆਫ਼ੀ
ਨਵੀਂ ਦਿੱਲੀ/ਏ.ਟੀ.ਨਿਊਜ਼: ਸੰਸਦ ਮਾਰਚ ਦੌਰਾਨ ਦਿੱਲੀ ਪੁਲਿਸ ਨਾਲ ਹੋਈਆਂ ਝੜਪਾਂ ’ਚ ਕਈ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਕੋਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਿਪਕੇ ਨੇ ਜ਼ਖ਼ਮੀ ਹੋਏ ਨੌਜਵਾਨਾਂ ਅਤੇ ਵਿਦਿਆਰਥੀਆਂ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਦਿਆਂ ਮੰਨਿਆ ਕਿ ਅੰਦੋਲਨਕਾਰੀਆਂ ਦੀ ਸੁਰੱਖਿਆ ਲਈ ਯੋਜਨਾਬੰਦੀ ’ਚ ਹੋਰ ਸੁਧਾਰ ਕੀਤਾ ਜਾ ਸਕਦਾ ਸੀ।

ਸੁਰੱਖਿਆ ਘੇਰਾ ਤੋੜਨ ਤੋਂ ਰੋਕਣ ਲਈ  ਕੀਤੀ ਸੀ ਸ਼ਕਤੀ ਦੀ ਵਰਤੋ : ਦਿੱਲੀ ਪੁਲਿਸ
ਨਵੀਂ ਦਿੱਲੀ ’ਚ ਸੰਸਦ ਮਾਰਚ ਦੌਰਾਨ ਹੋਏ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲੇ ਛੱਡਣ ਦੀਆਂ ਘਟਨਾਵਾਂ ਤੋਂ ਬਾਅਦ ਦਿੱਲੀ ਪੁਲਿਸ ਨੇ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਸਕਤੀ ਦਾ ਇਸਤੇਮਾਲ ਕਿਸੇ ਧੱਕੇਸ਼ਾਹੀ ਲਈ ਨਹੀਂ, ਬਲਕਿ ਪ੍ਰਦਰਸ਼ਨਕਾਰੀਆਂ ਨੂੰ ਸੁਰੱਖਿਆ ਘੇਰਾ (ਸੁਰੱਖਿਆ ਕੋਰਡਨ) ਤੋੜਨ ਤੋਂ ਰੋਕਣ ਲਈ ਕੀਤਾ ਗਿਆ ਸੀ। ਪੁਲਿਸ ਮੁਤਾਬਕ ਜਨਤਕ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਅਤੇ ਭਗਦੜ ਵਰਗੀ ਖ਼ਤਰਨਾਕ ਸਥਿਤੀ ਨੂੰ ਟਾਲਣ ਲਈ ਹਲਕਾ ਬਲ ਦਾ ਇਸਤੇਮਾਲ ਕਰਨਾ ਪਿਆ। ਦੂਜੇ ਪਾਸੇ, ਪ੍ਰਦਰਸ਼ਨਕਾਰੀ ਨੌਜਵਾਨਾਂ ਅਤੇ ਸੀ.ਜੇ.ਪੀ. ਆਗੂਆਂ ਨੇ ਪੁਲਿਸ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੇ ਸ਼ਾਂਤਮਈ ‘ਯੂਥ ਮਾਰਚ’ ’ਤੇ ਪੁਲਿਸ ਨੇ ਵਾਰ-ਵਾਰ ਬੇਰਹਿਮੀ ਨਾਲ ਲਾਠੀਆਂ ਵਰ੍ਹਾਈਆਂ ਅਤੇ ਅੱਤਿਆਚਾਰ ਕੀਤਾ। ਜ਼ਿਕਰਯੋਗ ਹੈ ਕਿ ਇਸ ਹਿੰਸਕ ਝੜਪ ਵਿੱਚ ਦੋਵਾਂ ਪਾਸਿਆਂ ਦੇ ਕਈ ਲੋਕ ਜ਼ਖ਼ਮੀ ਹੋਏ ਹਨ, ਜਿਸ ਕਾਰਨ ਰਾਜਧਾਨੀ ਦੇ ਕੇਂਦਰੀ ਇਲਾਕਿਆਂ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ।