ਭਾਰਤ ਅਧਾਰਿਤ ਗਿਰੋਹਾਂ ਨਾਲ ਜੁੜੇ 37 ਕਰਿੰਦੇ ਕਤਲ ਸਮੇਤ ਹੋਰ ਦੋਸ਼ਾਂ ਵਿੱਚ ਨਾਮਜ਼ਦ, 24 ਗ੍ਰਿਫ਼ਤਾਰ

ਭਾਰਤ ਅਧਾਰਿਤ ਗਿਰੋਹਾਂ ਨਾਲ ਜੁੜੇ 37 ਕਰਿੰਦੇ ਕਤਲ ਸਮੇਤ ਹੋਰ ਦੋਸ਼ਾਂ ਵਿੱਚ ਨਾਮਜ਼ਦ, 24 ਗ੍ਰਿਫ਼ਤਾਰ

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸਾਂਝੇ ਅਪਰੇਸ਼ਨ ‘‘ਅਪਰੇਸ਼ਨ ਹਾਰਡ ਬਾਲ” ਤਹਿਤ ਦੋਸ਼ ਪੱਤਰ ਜਨਤਕ ਕੀਤੇ ਹਨ, ਜਿਨ੍ਹਾਂ ਵਿੱਚ ਭਾਰਤ ਅਧਾਰਿਤ ਤਿੰਨ ਅੰਤਰਰਾਸ਼ਟਰੀ ਅਪਰਾਧਿਕ ਗਿਰੋਹਾਂ ਨਾਲ ਜੁੜੇ 37 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨਾਂ ਇਲਜ਼ਾਮਾਂ ਵਿੱਚ ਜੂਨ 2023 ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਇਲਾਵਾ ਫ਼ਿਰੌਤੀ, ਗੋਲੀਬਾਰੀਆਂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਡੇ ਪੱਧਰ ਦੀ ਨਸ਼ਾ ਤਸਕਰੀ ਵਰਗੇ ਗੰਭੀਰ ਦੋਸ਼ ਸ਼ਾਮਲ ਹਨ।
ਪੰਜਾਬੀ ਰਵਿੰਦਰ ਸਿੰਘ ਢੰਡਾ ਉਰਫ਼ ‘ਜੌਨ ਵਿਕ’ (57) ਦਾ ਨਾਮ ਦੋਸ਼ ਪੱਤਰ ਵਿੱਚ ਸ਼ਾਮਲ ਹੈ। ਅਮਰੀਕਾ ਵਿੱਚ ਜਨਤਕ ਕੀਤੇ ਗਏ ਦੋਸ਼ ਪੱਤਰਾਂ ਅਨੁਸਾਰ, ਵੈਨਕੂਵਰ ਇਲਾਕੇ ਤੋਂ ‘ਜੌਨ ਵਿਕ’ ਦੇ ਨਾਂਅ ਹੇਠ ਸਰਗਰਮ ਰਵਿੰਦਰ ਸਿੰਘ ਢੰਡਾ ਉਰਫ਼ ਰੈਂਡੀ ’ਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਕਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਤਸਕਰੀ ਲਈ ਦਲਾਲ ਵਜੋਂ ਕੰਮ ਕਰਨ ਦੇ ਦੋਸ਼ ਹਨ। ਇਸ ਦੇ ਨਾਲ ਹੀ ਕੈਨੇਡਾ ਦੇ 40 ਸਾਲਾ ਗਰਿੰਦਰ ਦਿਓ (ਵੈਨਕੂਵਰ ਇਲਾਕਾ ਵਾਸੀ), 50 ਸਾਲਾ ਜਸਕਰਨ ਬਾਗੜੀ ਉਰਫ਼ ਬਾਬਾ (ਸਰੀ ਵਾਸੀ) ਅਤੇ 43 ਸਾਲਾ ਗੁਰਤੇਜ ਸਿੰਘ ਸਮਾਘ (ਕਰੈਸਟਨ ਬੀ ਸੀ ਵਾਸੀ) ’ਤੇ ਵੀ ਕਈ ਤਰਾਂ ਦੇ ਦੋਸ਼ ਲਾਏ ਗਏ ਹਨ। ਇਨਾਂ ਦੋਸ਼ ਪੱਤਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਜੇਲ੍ਹਾਂ ਵਿੱਚ ਬੰਦ ਗਿਰੋਹਾਂ ਦੇ ਸਰਗਣੇ ਵਿਦੇਸ਼ਾਂ ਵਿੱਚ ਮੌਜੂਦ ਆਪਣੇ ਸਾਥੀਆਂ ਨਾਲ ਮਿਲ ਕੇ ਹਿੰਸਕ ਸਾਜ਼ਿਸ਼ਾਂ ਨੂੰ ਅੰਜਾਮ ਦਿੰਦੇ ਹਨ ਅਤੇ ਵੱਡੇ ਪੱਧਰ ’ਤੇ ਤਸਕਰੀ ਨੈੱਟਵਰਕ ਚਲਾਉਂਦੇ ਹਨ। ਦੋਸ਼ਾਂ ਮੁਤਾਬਕ ਇਸ ਕਥਿਤ ਨੈੱਟਵਰਕ ਦੇ ਕੇਂਦਰ ਵਿੱਚ 33 ਸਾਲਾ ਲਾਰੈਂਸ ਬਿਸ਼ਨੋਈ ਹੈ, ਜਿਸ ਨੇ ਭਾਰਤ ਦੀ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਗ਼ੈਰ-ਕਾਨੂੰਨੀ ਤਰੀਕੇ ਨਾਲ ਅੰਦਰ ਪਹੁੰਚਾਏ ਗਏ ਮੋਬਾਈਲ ਫ਼ੋਨਾਂ ਰਾਹੀਂ ਆਪਣੇ ਕਥਿਤ ਅੰਤਰਰਾਸ਼ਟਰੀ ਗਿਰੋਹ ਨੂੰ ਚਲਾਇਆ । ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉੱਤਰੀ ਅਮਰੀਕਾ ਵਿੱਚ ਉਸ ਦੇ ਕਥਿਤ ਸਾਥੀ ਸਤਿੰਦਰਜੀਤ ਸਿੰਘ ਉਰਫ਼ ‘ਗੋਲਡੀ ਬਰਾੜ’ ਨਾਲ ਮਿਲ ਕੇ ਉਸ ਨੇ 18 ਜੂਨ 2023 ਨੂੰ ਸਰੀ (ਬ੍ਰਿਟਿਸ਼ ਕੋਲੰਬੀਆ) ਦੇ ਇੱਕ ਗੁਰਦੁਆਰੇ ਦੇ ਬਾਹਰ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰਵਾਉਣ ਦਾ ਹੁਕਮ ਦਿੱਤਾ ਸੀ। ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਬਿਸ਼ਨੋਈ ਗਿਰੋਹ ਉੱਚ-ਪ੍ਰੋਫ਼ਾਈਲ ਹਿੰਸਕ ਘਟਨਾਵਾਂ ਕਾਰਨ ਚਰਚਾ ਵਿੱਚ ਰਿਹਾ, ਉੱਥੇ ਜੱਗੂ ਭਗਵਾਨਪੁਰੀਆ ਦੀ ਅਗਵਾਈ ਵਾਲੇ ਭਗਵਾਨਪੁਰੀਆ
ਗਿਰੋਹ ਨੇ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦਾ ਸਹਾਰਾ ਲੈ ਕੇ ਕਤਲ ਲਈ ਸੁਪਾਰੀ, ਹਥਿਆਰਾਂ ਦੀ ਤਸਕਰੀ ਅਤੇ ਵਸੂਲੀ ਦੇ ਜਾਲ ਵਿਛਾਏ। ਦੋਸ਼ ਹੈ ਕਿ ਇਸ ਗਿਰੋਹ ਨੇ ਭਾਰਤ ਦੇ ਕੁਝ ਭ੍ਰਿਸ਼ਟ ਕਾਨੂੰਨ ਲਾਗੂ ਕਰਨ ਵਾਲੇ ਪੁਲਿਸ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਆਪਣੇ ਵਿਰੋਧੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕਰਵਾਏ ਅਤੇ ਕੈਲੀਫ਼ੋਰਨੀਆ ਤੇ ਓਹਾਇਓ ਵਿੱਚ ਰਹਿੰਦੇ ਪਰਿਵਾਰਾਂ ਨੂੰ ਵੀ ਧਮਕੀਆਂ ਰਾਹੀਂ ਫ਼ਿਰੌਤੀ ਲਈ ਨਿਸ਼ਾਨਾ ਬਣਾਇਆ। ਇਸ ਮਾਮਲੇ ਵਿੱਚ ਕੈਨੇਡਾ, ਅਮਰੀਕਾ ਅਤੇ ਯੂਰਪ ਤੋਂ ਕੁੱਲ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨਾਂ ਵਿੱਚੋਂ 11 ਗ੍ਰਿਫ਼ਤਾਰੀਆਂ ਦੱਖਣੀ ਕੈਲੀਫ਼ੋਰਨੀਆ ਵਿੱਚ ਹੋਈਆਂ। ਬਾਕੀਆਂ ਦੀ ਭਾਲ ਜਾਰੀ ਹੈ।