ਦਿਲਜੀਤ ਦੁਸਾਂਝ ਦੀ ਫ਼ਿਲਮ ‘ਸਤਲੁਜ’ ’ਤੇ ਕੇਂਦਰ ਸਰਕਾਰ ਵੱਲੋਂ ਰਿਵਿਊ ਕਮੇਟੀ ਗਠਿਤ

ਦਿਲਜੀਤ ਦੁਸਾਂਝ ਦੀ ਫ਼ਿਲਮ ‘ਸਤਲੁਜ’ ’ਤੇ ਕੇਂਦਰ ਸਰਕਾਰ ਵੱਲੋਂ ਰਿਵਿਊ ਕਮੇਟੀ ਗਠਿਤ

ਚੰਡੀਗੜ੍ਹ/ਏ.ਟੀ.ਨਿਊਜ਼ : ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸਤਲੁਜ’ (ਪੁਰਾਣਾ ਨਾਮ ‘ਪੰਜਾਬ 95’)  ਓ.ਟੀ.ਟੀ.  ਪਲੇਟਫਾਰਮ ’ਤੇ ਰਿਲੀਜ਼ ਹੋਣ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਫ਼ਿਲਮ ਨੂੰ ਹਟਾਏ ਜਾਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਇਸ ਮਾਮਲੇ ’ਤੇ ਇੱਕ ਉੱਚ-ਪੱਧਰੀ ਸਮੀਖਿਆ ਕਮੇਟੀ (ਰਿਵਿਊ ਕਮੇਟੀ) ਦਾ ਗਠਨ ਕਰ ਦਿੱਤਾ ਹੈ।
ਸਿੱਖ ਪੰਥ ਦੇ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਹੁਣ ਨਵੀਂ ਬਣੀ ਕਮੇਟੀ ਫ਼ਿਲਮ ਦੇ ਵਿਸ਼ੇ, ਇਸ ਵਿੱਚ ਪੇਸ਼ ਕੀਤੇ ਗਏ ਤੱਥਾਂ ਅਤੇ ਘਟਨਾਕ੍ਰਮ ਦੀ ਬਾਰੀਕੀ ਨਾਲ ਸਮੀਖਿਆ ਕਰੇਗੀ। ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਫ਼ਿਲਮ ਦੇ ਭਵਿੱਖ ਨੂੰ ਲੈ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ।
 ਕਰੀਬ ਤਿੰਨ ਸਾਲਾਂ ਤੱਕ ਸੈਂਸਰਸ਼ਿਪ ਦੇ ਵਿਵਾਦਾਂ ਵਿੱਚ ਫਸੀ ਰਹਿਣ ਤੋਂ ਬਾਅਦ ਰਿਲੀਜ਼ ਹੋਈ ਫ਼ਿਲਮ ‘ਸਤਲੁਜ’ ਭਾਵੇਂ ਓ.ਟੀ.ਟੀ. ਤੋਂ ਹਟਾ ਦਿੱਤੀ ਗਈ ਹੈ, ਪਰ ਇਸ ਨੇ 90 ਦੇ ਦਹਾਕੇ ਦੇ ਪੰਜਾਬ ਦੇ ਦਰਦਨਾਕ ਇਤਿਹਾਸ ਅਤੇ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਨੂੰ ਇੱਕ ਵਾਰ ਫਿਰ ਰਾਸ਼ਟਰੀ ਬਹਿਸ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ।